ਬਠਿੰਡਾ, 21 ਦਸੰਬਰ, 2016 : ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੀ ਲਗਾਤਾਰਤਾ ਸੁਧਾਈ ਤਹਿਤ 13 ਦਸੰਬਰ 2016 ਤੱਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਪ੍ਰਾਪਤ ਹੋਏ ਦਾਅਵੇ ਅਤੇ ਇਤਰਾਜ ਈ.ਆਰ.ਐਮ.ਐਸ. ਸਾਫਟਵੇਅਰ ਵਿਚ ਦਰਜ ਕਰਨ ਉਪਰੰਤ ਮੁਕੰਮਲ ਸੂਚੀਆਂ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਵਿਚ ਪ੍ਰਦਰਸ਼ਿਤ ਕਰ ਦਿੱਤੀਆਂ ਗਈਆਂ ਹਨ, ਜ਼ਿਲ੍ਹਾ 'ਤੇ ਜੇਕਰ ਕਿਸੇ ਸਿਆਸੀ ਪਾਰਟੀ ਜਾਂ ਵਿਅਕਤੀ ਨੂੰ ਇਤਰਾਜ ਹੋਵੇ ਤਾਂ ਉਹ ਆਪਣਾ ਇਤਰਾਜ ਸਬੰਧਤ ਦਫ਼ਤਰ ਵਿਚ ਪੇਸ਼ ਕਰ ਸਕਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਪ੍ਰਾਪਤ ਹੋਏ ਫਾਰਮ ਨੰ: 6,7,8 ਅਤੇ 8-ਏ ਨੂੰ ਈ.ਆਰ.ਐਮ.ਐਸ ਸਾਫਟਵੇਅਰ ਵਿਚ ਦਰਜ ਕਰਨ ਉਪਰੰਤ ਫਾਰਮ ਨੰ: 9, 10 ਅਤੇ 11 ਦੀਆਂ ਸੂਚੀਆਂ ਜ਼ਿਲ੍ਹੇ ਦੇ 6 ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਵਿਚ ਪ੍ਰਕਾਸ਼ਿਤ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੂਚੀਆਂ ਵਿਚ ਦਰਜ ਵੇਰਵਿਆਂ 'ਤੇ ਜੇਕਰ ਕਿਸੇ ਸਿਆਸੀ ਪਾਰਟੀ ਜਾਂ ਵਿਅਕਤੀ ਨੂੰ ਕਿਸੇ ਕਿਸਮ ਦਾ ਕੋਈ ਇਤਰਾਜ ਹੋਵੇ ਤਾਂ ਉਹ ਇਸ ਸਬੰਧੀ ਸਬੰਧਤ ਦਫ਼ਤਰ ਵਿਚ ਇਤਰਾਜ ਪੇਸ਼ ਕਰ ਸਕਦਾ ਹੈ ਤਾਂ ਜੋ ਅਗਾਮੀ ਵਿਧਾਨ ਸਭਾ ਚੋਣਾਂ ਦਾ ਕੰਮ ਸਮੇਂ ਸਿਰ ਸੁਚੱਜੇ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ।