ਚੰਡੀਗੜ੍ਹ, 21 ਦਸੰਬਰ, 2016 : ਆਮ ਆਦਮੀ ਪਾਰਟੀ ਨੇ ਬੁਧਵਾਰ ਨੂੰ ਪੰਜਾਬ ਭਰ ਵਿਚ ਸਰਕਾਰ ਵਿਰੁੱਧ ਰੋਸ਼ ਮੁਜ਼ਹਾਰੇ ਕਰ ਰਹੀਆਂ ਵੱਖ-ਵੱਖ ਜੱਥੇਬੰਦੀਆਂ ਨੂੰ ਮੁਜ਼ਹਾਰੇ ਦੌਰਾਨ ਆਤਮ ਹੱਤਿਆ ਵਰਗੀਆਂ ਘਟਨਾਵਾਂ ਤੋਂ ਗੁਰੇਜ ਕਰਨ ਦੀ ਅਪੀਲ ਕੀਤੀ। ਬਠਿੰਡਾ ਵਿਖੇ ਮੁਜ਼ਹਾਰਾ ਕਰ ਰਹੇ ਈਜੀਐਸ ਅਧਿਆਪਕਾਂ ਵਿਚੋਂ ਇਕ ਅਧਿਆਪਕ ਵਲੋਂ ਖੁਦ ਨੂੰ ਅੱਗ ਲਾ ਕੇ ਸਾੜੇ ਜਾਣ ਦੀ ਘਟਨਾ ਉਤੇ ਬੋਲਦਿਆਂ ਹਿੰਮਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਇਹ ਅਤਿ ਮੰਦਭਾਗਾ ਹੈ ਕਿ ਨੌਜਵਾਨਾਂ ਨੂੰ ਆਪਣੀਆਂ ਜਾਇਜ ਮੰਗਾਂ ਮਨਵਾਉਣ ਲਈ ਵੀ ਸਰਕਾਰ ਦੇ ਮੰਤਰੀਆਂ ਦੇ ਘਰਾਂ ਸਾਹਮਣੇ ਆਤਮ ਹੱਤਿਆ ਵਰਗੇ ਕਦਮ ਚੁੱਕਣੇ ਪੈਂਦੇ ਹਨ।
ਸ਼ੇਰਗਿੱਲ ਨੇ ਕਿਹਾ, ‘‘ਮੁਜ਼ਹਾਰਾ ਕਰ ਰਹੇ ਅਧਿਆਪਕਾਂ ਅਤੇ ਹੋਰ ਵਿਭਾਗਾਂ ਦੇ ਕਰਮਚਾਰੀਆਂ ਦੀ ਪੀੜ ਤੋਂ ਅਸੀ ਭਲੀਭਾਂਤੀ ਜਾਣੂ ਹਾਂ ਕਿ ਉਹ ਡਿਗਰੀਆਂ ਆਪਣੇ ਹੱਥਾਂ ਵਿਚ ਲੈ ਕੇ ਸਰਕਾਰ ਤੋਂ ਨੌਕਰੀਆਂ ਦੀ ਮੰਗ ਕਰ ਰਹੇ ਹਨ, ਪਰੰਤੂ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਉਨਾਂ ਨੂੰ ਆਤਮ ਹੱਤਿਆ ਵਰਗੇ ਕਦਮ ਅਖਤਿਆਰ ਕਰਨ ਲਈ ਮਜਬੂਰ ਕਰ ਰਹੀਆਂ ਹਨ। ਮੈਂ ਮੁਜ਼ਹਾਰੇ ਕਰ ਰਹੇ ਆਪਣੇ ਸਾਰੇ ਭੈਣ-ਭਰਾਵਾਂ ਨੂੰ 2017 ਤੱਕ ਉਡੀਕ ਕਰਨ ਦੀ ਬੇਨਤੀ ਕਰਦਾ ਹਾਂ।’’
ਉਨਾਂ ਕਿਹਾ ਕਿ 2017 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਠੇਕੇ ‘ਤੇ ਕੰਮ ਕਰਦੇ ਸਾਰੇ ਵਿਭਾਗਾਂ ਦੇ ਕਰਮਚਾਰੀਆਂ ਨੂੰ ਪੱਕਿਆਂ ਨੌਕਰੀਆਂ ਦਿੱਤੀਆਂ ਜਾਣਗੀਆਂ। ਉਨਾਂ ਕਿਹਾ ਕਿ ਆਪਣੇ ਚੋਣ ਮੈਨੀਫੈਸਟੋ ਦੇ ਵਾਅਦੇ ਅਨੁਸਾਰ ਆਮ ਆਦਮੀ ਪਾਰਟੀ ਪੰਜਾਬ ਵਿਚੋਂ ਠੇਕੇ ਪ੍ਰਣਾਲੀ ਖਤਮ ਕਰ ਦੇਵੇਗੀ।