ਚੰਡੀਗੜ੍ਹ, 22 ਦਸੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਨੂੰ ਮਦਾਰੀ ਕਰਾਰ ਦਿੱਤਾ ਹੈ, ਜਿਹੜੇ ਲਗਾਤਾਰ ਸੂਬੇ ਅੰਦਰ ਆਪਣਾ ਸਿਆਸੀ ਗ੍ਰਾਫ ਹੇਠਾਂ ਡਿੱਗਦਾ ਦੇਖ ਨਿਰਾਸ਼ਾ 'ਚ ਚਲਾਕੀ ਤੇ ਤਮਾਸ਼ਾ ਕਰ ਰਹੇ ਹਨ, ਜਿਨ੍ਹਾਂ ਨੇ ਵੀਰਵਾਰ ਨੂੰ ਬਾਦਲਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੀਆਂ ਇਨ੍ਹਾਂ ਨੀਚ ਤੇ ਘਟੀਆ ਹਰਕਤਾਂ ਲਈ ਭਾਰੀ ਕੀਮਤ ਅਦਾ ਕਰਨੀ ਪਵੇਗੀ।
ਕੈਪਟਨ ਅਮਰਿੰਦਰ ਨੇ ਇਥੇ ਜ਼ਾਰੀ ਬਿਆਨ 'ਚ ਕਿਹਾ ਹੈ ਕਿ ਚੋਣ ਲੜਨ ਲਈ ਕੋਈ ਵੀ ਅਰਥਪੂਰਨ ਏਜੰਡਾ ਨਾ ਹੋਣ ਤੇ ਬੀਤੇ ਦੱਸ ਸਾਲਾਂ ਦੇ ਕੁਸ਼ਾਸਨ ਦੇ ਇਤਿਹਾਸ ਨਾਲ, ਬਾਦਲ ਹੁਣ ਕਾਂਗਰਸ 'ਤੇ ਵਿਅਕਤੀਗਤ ਅਤੇ ਨਿੰਦਣਯੋਗ ਹਮਲੇ ਕਰਕੇ ਹਰ ਤਰ੍ਹਾਂ ਦੀਆਂ ਛੋਟੀਆਂ ਹਰਕਤਾਂ ਕਰ ਰਹੇ ਹਨ ਤੇ ਪਿੱਛੇ ਹੱਟਣ ਵਾਲੇ ਏਜੰਡੇ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਲੋਕ ਬਾਦਲਾਂ ਤੋਂ ਬਦਲਾ ਲੈਂਦਿਆਂ, ਉਨ੍ਹਾਂ ਨੂੰ ਸੱਤਾ ਤੋਂ ਬਾਹਰ ਕਰ ਦੇਣਗੇ।
ਉਨ੍ਹਾਂ ਨੇ ਕਿਹਾ ਹੈ ਕਿ ਚੋਣਾਂ 'ਚ ਹਾਰ ਹੁੰਦੀ ਦੇਖ ਕੇ ਅਕਾਲੀਆਂ ਨੇ ਉਨ੍ਹਾਂ ਉਪਰ ਅਤੇ ਉਨ੍ਹਾਂ ਦੀ ਪਾਰਟੀ ਖਿਲਾਫ ਵਿਅਕਤੀਗਤ ਤੇ ਨਿਰਾਧਾਰ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਕੈਪਟਨ ਅਮਰਿੰਦਰ ਨੇ ਇਸ ਬਾਰੇ ਅਕਾਲੀ ਆਗੂਆਂ ਵੱਲੋਂ ਉਨ੍ਹਾਂ ਦੇ ਵੰਸ਼ ਦੀ ਵਿਰਾਸਤ 'ਤੇ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਗਈਆਂ ਹਨ ਤੇ ਉਨ੍ਹਾਂ 'ਤੇ ਚੋਣ ਕਮਿਸ਼ਨ ਨੂੰ ਡਰਾਉਣ ਦੇ ਦੋਸ਼ ਲਗਾਏ ਗਏ ਹਨ।
ਜਿਸ 'ਤੇ ਕੈਪਟਨ ਅਮਰਿੰਦਰ ਨੇ ਪੁੱਛਿਆ ਹੈ ਕਿ ਕੀ ਬਾਦਲਾਂ ਦਾ ਚੋਣ ਕਮਿਸ਼ਨ 'ਤੇ ਇਹ ਵਿਚਾਰ ਹੈ ਕਿ ਕੋਈ ਵੀ ਉਸਨੂੰ ਧਮਕਾ ਸਕਦਾ ਹੈ? ਉਨ੍ਹਾਂ ਨੇ ਜਾਣਨਾ ਚਾਹਿਆ ਹੈ ਕਿ ਕੀ ਚੋਣ ਕਮਿਸ਼ਨ ਸਾਹਮਣੇ ਚਿੰਤਾ ਪ੍ਰਗਟਾਉਣਾ ਤੇ ਅਪੀਲ ਕਰਨਾ, ਉਸ 'ਤੇ ਦਬਾਅ ਪਾਉਣ ਸਮਾਨ ਹੈ? ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਇਹ ਬਿਆਨ ਅਕਾਲੀਆਂ ਅੰਦਰ ਛਿੱਪੀ ਨਿਰਾਸ਼ਾ ਨੂੰ ਸਾਹਮਣੇ ਲਿਆਉਂਦੇ ਹਨ, ਜਿਨ੍ਹਾਂ ਕੋਲ ਸਪੱਸ਼ਟ ਤੌਰ 'ਤੇ ਕਾਂਗਰਸ ਵੱਲੋਂ ਚੋਣ ਕਮਿਸ਼ਨ ਸਾਹਮਣੇ ਪੇਸ਼ ਕੀਤੀਆਂ ਗਈਆਂ ਚਿੰਤਾਵਾਂ ਦਾ ਜਵਾਬ ਦੇਣ ਲਈ ਕੋਈ ਮਜ਼ਬੂਤ ਤਰਕ ਨਹੀਂ ਹੈ।
ਕੈਪਟਨ ਅਮਰਿੰਦਰ ਨੇ ਚੋਣਾਂ ਦੌਰਾਨ ਘਟੀਆ ਨੋਟੰਕੀ ਰਾਹੀਂ, ਜਿਨ੍ਹਾਂ ਦਾ ਕੋਈ ਅਧਾਰ ਨਹੀਂ ਹੈ, ਲਗਾਤਾਰ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਬਾਦਲਾਂ ਦੀ ਨਿਰਾਸ਼ਾਪੂਰਨ ਕੋਸ਼ਿਸ਼ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਮੀਡੀਆ ਦੀਆਂ ਖ਼ਬਰਾਂ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਬਾਦਲਾਂ ਦੀ ਨਿਰਾਸ਼ਾ ਦੀ ਹੱਦ ਦਾ ਇਸੇ ਸੱਚਾਈ ਤੋਂ ਅੰਦਾਜ਼ਾ ਜਾ ਸਕਦਾ ਹੈ ਕਿ ਸੁਖਬੀਰ ਬਾਦਲ ਨੇ ਉਸੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖ ਦਿੱਤਾ, ਜਿਸਦਾ ਪਹਿਲਾਂ ਹੀ ਇਕ ਕੇਂਦਰੀ ਮੰਤਰੀ ਵੱਲੋਂ ਨੀਂਹ ਪੱਥਰ ਰੱਖਿਆ ਜਾ ਚੁੱਕਾ ਸੀ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਬਾਦਲਾਂ ਦੇ ਬੀਤੇ ਦਹਾਕੇ ਦੇ ਸ਼ਾਸਲ 'ਚ ਬਹੁਤ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ, ਜਿਹੜੇ ਅਜਿਹੇ ਪ੍ਰਚਾਰ ਦੇ ਸਟੰਟਾਂ ਦੇ ਝਾਂਸੇ 'ਚ ਨਹੀਂ ਆਉਣ ਵਾਲੇ।
ਇਸ ਦਿਸ਼ਾ 'ਚ ਪ੍ਰਦੇਸ਼ ਕਾਂਗਰਸ ਪ੍ਰਧਾਨ ਆਪਣੇ ਵਿਅਕਤੀਗਤ ਤੇ ਪਾਰਟੀ ਹਿੱਤਾਂ ਨੂੰ ਪ੍ਰਮੋਟ ਕਰਨ ਖਾਤਿਰ ਸੱਤਾ ਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਨ ਨੂੰ ਲੈ ਕੇ ਬਾਦਲਾਂ 'ਤੇ ਖੂਬ ਵਰ੍ਹੇ ਹਨ। ਉਨ੍ਹਾਂ ਨੇ ਬੇਟੀ ਬਚਾਓ-ਬੇਟੀ ਪੜ੍ਹਾਓ ਸਕੀਮ ਲਈ ਉਪਲਬਧ ਫੰਡਾਂ ਨੂੰ ਸਰਕਾਰੀ ਪ੍ਰਚਾਰ 'ਤੇ ਖਰਚ ਕੀਤੇ ਜਾਣ ਸਬੰਧੀ ਮੀਡੀਆ ਦੀਆਂ ਖ਼ਬਰਾਂ ਦਾ ਜ਼ਿਕਰ ਕਰਦਿਆਂ, ਕਿਹਾ ਹੈ ਕਿ ਇਸ ਤੋਂ ਸਾਫ ਹੁੰਦਾ ਹੈ ਕਿ ਬਾਦਲਾਂ ਨੂੰ ਸੂਬੇ ਦੇ ਲੋਕਾਂ ਨਾਲ ਧੋਖਾ ਕਰਨ 'ਚ ਕੋਈ ਸ਼ਰਮ ਨਹੀਂ ਆਉਂਦੀ ਹੈ।
ਕੈਪਟਨ ਅਮਰਿੰਦਰ ਨੇ ਬਾਦਲਾਂ ਨੂੰ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਜੇਕਰ ਉਨ੍ਹਾਂ ਅੰਦਰ ਹਿੰਮਤ ਹੈ, ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਕੁਸ਼ਾਸਨ 'ਚ ਪੰਜਾਬ ਦੇ ਵਿਕਾਸ ਨੂੰ ਲੈ ਕੇ ਆਪਣੇ ਦਾਅਵਿਆਂ ਨੂੰ ਸਾਬਤ ਕਰਨ ਲਈ ਮਜ਼ਬੂਤ ਤੱਥਾਂ ਤੇ ਅੰਕੜਿਆਂ ਨਾਲ ਸਾਹਮਣੇ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਅਕਾਲੀਆਂ ਨੂੰ ਚੋਣ ਪ੍ਰੀਕ੍ਰਿਆ ਦਾ ਮਜ਼ਾਕ ਉਡਾਉਣਾ ਬੰਦ ਕਰਨ ਲਈ ਕਿਹਾ ਹੈ।