ਚੰਡੀਗੜ੍ਹ, 22 ਦਸੰਬਰ, 2016 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੌਜੂਦਾ ਸਕੱਤਰ ਬਲਵਿੰਦਰ ਕੌਰ ਨਰੜੂ ਅੱਜ ਚੰਡੀਗੜ ਵਿਖੇ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਅਤੇ ਘਨੌਰ ਤੋਂ ਉਮੀਦਵਾਰ ਅਨੂ ਰੰਧਾਵਾ ਦੀ ਹਾਜਿਰੀ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਘਨੌਰ ਨਾਲ ਸੰਬੰਧਤ ਬਲਵਿੰਦਰ ਕੌਰ ਟਕਸਾਲੀ ਕਾਂਗਰਸੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਉਨਾਂ ਦੇ ਦਾਦਾ ਜੀ ਸਵਰਗਵਾਸੀ ਉਜਾਗਰ ਸਿੰਘ ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਕਰੀਬੀਆਂ ਵਿਚੋਂ ਰਹੇ ਹਨ। ਬਲਵਿੰਦਰ ਨੇ 1993 ਵਿਚ ਕਾਂਗਰਸ ਜੁਆਇਨ ਕੀਤੀ ਅਤੇ ਉਸ ਮਗਰੋਂ ਉਹ ਪੰਜਾਬ ਯੂਥ ਕਾਂਗਰਸ ਦੇ ਉਪ ਪ੍ਰਧਾਨ ਥਾਪੇ ਗਏ। 1994 ਵਿਚ ਉਹ ਜਿਲਾ ਪਰਿਸ਼ਦ ਦੀ ਚੋਣ ਜਿੱਤ ਕੇ ਉਪ ਪ੍ਰਧਾਨ ਬਣੇ। 2009 ਵਿਚ ਕਾਂਗਰਸ ਪਾਰਟੀ ਨੇ ਉਨਾਂ ਨੂੰ ਪਟਿਆਲਾ ਜਿਲਾ ਮਹਿਲਾ ਕਾਂਗਰਸ ਦਾ ਪ੍ਰਧਾਨ ਥਾਪਿਆ।
ਮੀਡੀਆ ਨੂੰ ਸੰਬੋਧਨ ਕਰਦੇ ਬਲਵਿੰਦਰ ਕੌਰ ਨੇ ਘਨੌਰ ਤੋਂ ਕਾਂਗਰਸ ਦੇ ਉਮੀਦਵਾਰ ਮਦਨ ਲਾਲ ਜਲਾਲਪੁਰ ਖਿਲਾਫ ਸਰੀਰਕ ਉਤਪੀੜਨ ਦੇ ਦੋਸ਼ ਲਗਾਏ। ਉਨਾਂ ਕਿਹਾ ਕਿ ਜਲਾਲਪੁਰ ਨੇ ਉਨਾਂ ਨੂੰ ਵਿਆਹ ਦਾ ਲਾਰਾ ਲਗਾ ਕੇ 12 ਸਾਲਾਂ ਤੱਕ ਸ਼ੋਸਣ ਕੀਤਾ ਪਰੰਤੂ ਬਾਅਦ ਵਿਚ ਆਪਣੀ ਗੱਲ ਤੋਂ ਮੁਕਰ ਗਏ। ਇਸ ਸੰਬੰਧੀ ਉਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਿੱਜੀ ਸਕੱਤਰ ਕੈਪਟਨ ਸੰਦੀਪ ਨੂੰ ਵੀ ਜਾਣੂ ਕਰਵਾਇਆ ਅਤੇ ਮਹਾਰਾਣੀ ਪਰਨੀਤ ਕੌਰ ਨੂੰ ਵੀ ਮਿਲਣਾ ਚਾਹਿਆ ਪਰੰਤੂ ਕੋਈ ਹੱਲ ਨਾ ਨਿਕਲਿਆ।
ਪਾਰਟੀ ਵਿਚ ਬਲਵਿੰਦਰ ਦਾ ਸਵਾਗਤ ਕਰਦਿਆਂ ਵੜੈਚ ਨੇ ਕਿਹਾ ਕਿ ਉਹ ਕਾਂਗਰਸ ਵਿਚ ਇਕ ਮਿਹਨਤੀ ਵਰਕਰ ਵਜੋਂ ਵਿਚਰਦੇ ਰਹੇ ਪਰੰਤੂ ਕਾਂਗਰਸ ਦੀ ਪੁਰਾਣੇ ਵਰਕਰਾਂ ਨੂੰ ਖੁੰਝੇ ਲਗਾਉਣ ਦੀ ਨੀਤੀ ਅਧੀਨ ਉਨਾਂ ਨੂੰ ਦਰਕਿਨਾਰ ਕੀਤਾ ਗਿਆ। ਇਸੇ ਕਾਰਨ ਹੀ ਉਨਾਂ ਨੇ ਹੁਣ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਕੇ ਲੋਕਾਂ ਦੀ ਅਵਾਜ ਬਣਨ ਦਾ ਫੈਸਲਾ ਲਿਆ ਹੈ। ਵੜੈਚ ਨੇ ਕਿਹਾ ਕਿ ਬਲਵਿੰਦਰ ਘਨੌਰ ਖੇਤਰ ਵਿਚ ਜਾਣੇ ਪਹਿਚਾਣੇ ਹਨ ਅਤੇ ਆਪ ਦੇ ਉਮੀਦਵਾਰ ਅਨੂ ਰੰਧਾਵਾ ਦੀ ਜਿੱਤ ਯਕੀਨੀ ਕਰਨ ਵਿਚ ਆਪਣਾ ਯੋਗਦਾਨ ਦੇਣਗੇ।