ਫਾਈਲ ਫੋਟੋ
ਚੰਡੀਗੜ੍ਹ, 22 ਦਸੰਬਰ, 2016 : ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਪੰਜਾਬ ਕਾਂਗਰਸ ਮੁਖੀ ਕੈਪਟਨ ਅਮਰਿਦੰਰ ਸਿੰਘ ਉਤੇ ਪਲਟਵਾਰ ਕਰਦਿਆਂ ਉਸਨੂੰ ਚੇਤੇ ਕਰਵਾਇਆ ਕਿ ਜਿਹੜਾ ਕੈਪਟਨ ਆਪ ਆਗੂਆਂ ਨੂੰ ਬਾਹਰੀ ਕਹਿੰਦਾ ਸੀ ਹੁਣ ਪੰਜਾਬ ਵਿਧਾਨ ਸਭਾ ਲਈ ਉਮੀਦਵਾਰਾਂ ਨੂੰ ਟਿਕਟਾਂ ਦਿਵਾਉਣ ਲਈ ਗਾਂਧੀ ਪਰਿਵਾਰ ਅੱਗੇ ਹਾੜੇ ਪਾਉਦਾ ਦਿੱਲੀ ਡੇਰੇ ਲਾਈ ਬੈਠਾ ਹੈ।
ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੀਆਂ ਸਾਰੀਆਂ ਸੂਚੀਆਂ ਪੰਜਾਬ ਦੀ ਰਾਜਧਾਨੀ ਚੰਡੀਗੜ ਵਿਚ ਬਿਨਾ ਕਿਸੇ ਭੈਅ ਤੋਂ ਜਾਰੀ ਕੀਤੀਆਂ ਸਨ। ਉਨਾਂ ਕਿਹਾ ਕਿ ਉਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਉਤੇ ਤਰਸ ਆਉਦਾ ਹੈ ਜਿਹੜਾ ਕਿ ਆਪਣੇ ਹਮਾਇਤੀਆਂ ਨੂੰ ਟਿਕਟਾਂ ਦਿਵਾਉਣ ਲਈ ਸੂਬੇ ਨੂੰ ਭੁਲ ਕੇ ਗਾਂਧੀ ਪਰਿਵਾਰ ਦੀਆਂ ਪਿਛਲੇ ਇਕ ਮਹੀਨੇ ਤੋਂ ਮਿਨਤਾਂ ਕਰ ਰਿਹਾ ਹੈ। ਵੜੈਚ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਚ ਲੋਕਤੰਤਰ ਨਾਮ ਦੀ ਕੋਈ ਚੀਜ ਨਹੀਂ ਹੈ ਅਤੇ ਕਾਂਗਰਸ ਦੀ ਟਿਕਟ ਪ੍ਰਾਪਤ ਕਰਨ ਵਾਲੇ ਉਮੀਦਵਾਰ ਗਾਂਧੀ ਪਰਿਵਾਰ ਦੀ ਰਹਿਮ ਉਤੇ ਨਿਰਭਰ ਕਰਦੇ ਹਨ। ਸਿਰਫ ਆਮ ਆਦਮੀ ਪਾਰਟੀ ਵਿਚ ਹੀ ਅੰਦਰੂਨੀ ਲੋਕਤੰਤਰ ਹੈ ਅਤੇ ਉਮੀਦਵਾਰਾਂ ਨੂੰ ਉਨਾਂ ਦੀ ਕਾਬਲਿਅਤ ਦੇ ਅਧਾਰ ਤੇ ਟਿਕਟਾਂ ਦਿੱਤੀਆਂ ਜਾਂਦੀਆਂ ਹਨ।
ਵੜੈਚ ਨੇ ਕਿਹਾ ਕਿ ਸਿਰਫ ਕੈਪਟਨ ਅਮਰਿੰਦਰ ਸਿੰਘ ਹੀ ਨਹੀਂ ਬਲਕਿ ਕਾਂਗਰਸ ਪਾਰਟੀ ਦੀ ਸਾਰੀ ਸਰਕਸ ਹੀ ਦਿੱਲੀ ਤਬਦੀਲ ਹੋ ਚੁੱਕੀ ਹੈ। ਟਿਕਟਾਂ ਦੇਣ ਵਾਲੀ ਕਮੇਟੀ ਦੇ ਸਾਰੇ ਮੈਂਬਰ ਅਤੇ ਟਿਕਟਾਂ ਪ੍ਰਾਪਤ ਕਰਨ ਵਾਲੇ ਉਮੀਦਵਾਰ ਇਸ ਸਮੇਂ ਕਾਂਗਰਸ ਕਮੇਟੀ ਦੇ ਦਫਤਰ ਅੱਗੇ ਬੈਠੇ ਹਨ ਅਤੇ ਚੰਡੀਗੜ ਸਥਿਤ ਕਾਂਗਰਸ ਪਾਰਟੀ ਦੇ ਦਫਤਰ ਵਿਚ ਸਨਾਟਾ ਛਾਇਆ ਹੋਇਆ ਹੈ। ਕਾਂਗਰਸ ਦੇ ਇਤਿਹਾਸ ਅਨੁਸਾਰ ਗਾਂਧੀ ਪਰਿਵਾਰ ਦੀ ਮਰਜੀ ਤੋਂ ਬਿਨਾ ਕਾਂਗਰਸ ਵਿਚ ਪੱਤਾ ਵੀ ਨਹੀਂ ਹਿਲ ਸਕਦਾ।
ਵੜੈਚ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਇਕ ਮਹੀਨੇ ਦੌਰਾਨ ਚੰਡੀਗੜ ਦਾ ਇਕ ਵਾਰ ਵੀ ਦੌਰਾ ਨਹੀਂ ਕੀਤਾ। ਇਸੇ ਦੌਰਾਨ ਹੋਰਨਾਂ ਪਾਰਟੀਆਂ ਤੋਂ ਕਾਂਗਰਸ ਵਿਚ ਆ ਰਹੇ ਆਗੂਆਂ ਨੂੰ ਪਾਰਟੀ ਜੁਆਈਨ ਕਰਵਾਉਣ ਦੇ ਪ੍ਰੋਗ੍ਰਾਮ ਵੀ ਦਿੱਲੀ ਕਰਵਾਏ ਜਾ ਰਹੇ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਨਿੱਜੀ ਸਟਾਫ ਪੰਜਾਬ ਭਵਨ ਦਿੱਲੀ ਤੋਂ ਕੰਮ ਕਰ ਰਿਹਾ ਹੈ। ਕਾਂਗਰਸੀ ਆਗੂ ਆਮ ਲੋਕਾਂ ਨੂੰ ਮਿਲਣ ਨਾਲੋਂ ਦਿੱਲੀ ਬੈਠ ਕੇ ਰਾਹੁਲ ਗਾਂਧੀ ਦੇ ਗੁਣਗਾਨ ਕਰਨ ਦੀ ਤਰਜ਼ੀਹ ਦੇ ਰਹੇ ਹਨ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਬਾਗੀ ਅਕਾਲੀਆਂ ਨੂੰ ਟਿਕਟਾਂ ਦਿਵਾਉਣ ਲਈ ਭਾਰੀ ਮੁਸ਼ਕਤ ਕਰਨੀ ਪੈ ਰਹੀ ਹੈ।
ਵੜੈਚ ਨੇ ਕਿਹਾ ਕਿ ਕਾਂਗਰਸ ਵਿਚ ਟਿਕਟਾਂ ਦੀ ਵੰਡ ਨੂੰ ਲੈ ਕੇ ਹੋਣ ਵਾਲਾ ਕਾਟੋ ਕਲੇਸ਼ ਆਉਦੇ ਦਿਨਾਂ ਵਿਚ ਹੋਰ ਵਧੇਗਾ ਅਤੇ ਕਾਂਗਰਸ ਪੰਜਾਬ ਵਿਚ ਇਕ ਵੀ ਸੀਟ ਜਿੱਤਣ ਦੇ ਕਾਬਲ ਨਹੀਂ ਰਹੇਗੀ। ਕੈਪਟਨ ਅਮਰਿੰਦਰ ਸਿੰਘ ਦਾ ਚੋਣਾਂ ਲੜਨ ਦਾ ਮੁਲ ਮੰਤਵ ਅਕਾਲੀ ਵਿਰੋਧੀ ਵੋਟਾਂ ਨੂੰ ਵੰਡ ਕੇ ਮੁੜ ਅਕਾਲੀ ਸਰਕਾਰ ਬਣਾ ਕੇ ਪੰਜਾਬ ਦੀ ਪੀਠ ਵਿਚ ਛੁਰਾ ਮਾਰਨਾ ਹੈ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਬਾਦਲ ਦਾ ਇਹ ਮਨਸੂਬਾ ਪੰਜਾਬ ਦੇ ਲੋਕ ਕਦੀ ਵੀ ਪੂਰੀ ਨਹੀਂ ਹੋਣ ਦੇਣਗੇ। ਆਪ ਆਗੂ ਨੇ ਅਕਾਲੀ-ਬੀਜੇਪੀ ਸਰਕਾਰ ਦੁਆਰਾ ਕਾਂਗਰਸੀ ਆਗੂਆਂ ਨੂੰ ਲੰਬੇ ਸਮੇਂ ਤੱਕ ਪੰਜਾਬ ਭਵਨ ਵਿਚ ਰੱਖ ਕੇ ਨਿਯਮਾਂ ਤਾਰ-ਤਾਰ ਕਰਨ ਦੀ ਵੀ ਅਲੋਚਨਾ ਕੀਤੀ।