ਜਲੰਧਰ, 22 ਦਸੰਬਰ, 2016 : ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸੱਤਾ ਦੀ ਲਾਲਸਾ ਵੱਸ ਦਲ ਬਦਲਣ ਦੀ ਵਧ ਰਹੀ ਸਿਆਸੀ ਪ੍ਰਵਿਰਤੀ ਨੂੰ ਨੱਥ ਪਾਉਣ ਲਈ ਦਲਬਦਲੀ ਵਿਰੋਧੀ ਕਾਨੂੰਨ ਵਿੱਚ ਸਖਤ ਉਪਬੰਧ ਕਰਨਾ ਸਮੇਂ ਦੀ ਲੋੜ ਹੈ। ਅੱਜ ਕਰਤਾਰਪੁਰ ਵਿਧਾਨ ਸਭਾ ਹਲਕੇ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ ਵਰਤਮਾਨ ਸਿਆਸਤ ਵਿੱਚ ਲੋਕ ਸੇਵਾ ਦੀ ਥਾਂ ਕੇਵਲ ਸੱਤਾ ਦੀ ਲਾਲਸਾ ਕਾਰਨ ਆਏ ਦਿਨ ਦਲ ਬਦਲੀ ਦੇ ਵਧ ਰਹੇ ਰੁਝਾਨ ਨੂੰ ਰੋਕਣ ਲਈ ਦਲਬਦਲੀ ਵਿਰੋਧੀ ਕਾਨੂੰਨ ਹੋਰ ਸਖਤ ਬਣਾਉਣ ਦੀ ਜ਼ਰੂਰਤ ਹੈ ਤਾਂ ਜੋ ਲੋਕਤੰਤਰੀ ਵਿਵਸਥਾ ਦਾ ਮਜਾਕ ਉਡਾਉਣ ਵਾਲੇ ਆਗੂਆਂ ਨੂੰ ਸਬਕ ਮਿਲ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਵੱਲੋੋਂ ਜਿਥੇ ਆਪਣੀਆਂ ਪਾਰਟੀਆਂ ਨੂੰ ਧੋਖਾ ਦਿੱਤਾ ਜਾਂਦਾ ਹੈ ਉਥੇ ਹੀ ਲੋਕਾਂ ਵੱਲੋੋਂ ਉਨ੍ਹਾਂ ਉੱਪਰ ਦਿਖਾਏ ਵਿਸ਼ਵਾਸ ਨੂੰ ਵੀ ਠੇਸ ਪਹੁੰਚਦੀ ਹੈ।
ਮੁੱਖ ਮੰਤਰੀ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀ ਵੋਟ ਦੀ ਤਾਕਤ ਨਾਲ ਦਲ ਬਦਲੂਆਂ ਨੂੰ ਸਬਕ ਸਿਖਾਉਣ ਤਾਂ ਜੋ ਉਨ੍ਹਾਂ ਨੂੰ ਇਹ ਅਹਿਸਾਸ ਹੋ ਸਕੇ ਕਿ ਲੋਕਤੰਤਰ ਵਿੱਚ ਲੋਕ ਸ਼ਕਤੀ ਸਭ ਤੋੋਂ ਉੱਪਰ ਹੈ। ਉਨ੍ਹਾਂ ਕਿਹਾ ਕਿ ਸਿਆਸਤ ਦੇ ਲੰਮੇ ਤਜ਼ਰਬੇ ਵਿੱਚੋਂ ਇਹ ਗੱਲ ਪ੍ਰਪੱਕ ਹੋਈ ਹੈ ਕਿ ਆਪਣੀ ਪਾਰਟੀ ਨੂੰ ਧੋਖਾ ਦੇਣ ਵਾਲੇ ਆਗੂ ਕਦੇ ਵੀ ਸਫਲ ਨਹੀਂ ਹੋਏ। ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਦੇ ਲੋਕ ਕਿਸੇ ਧਰਮ ਜਾਂ ਜਾਤ ਦੇ ਨਾਂ 'ਤੇ ਵੋਟ ਨਹੀਂ ਪਾਉਂਦੇ ਸਗੋੋਂ ਲੋਕਾਂ ਵੱਲੋੋਂ ਵਿਕਾਸ ਦੀ ਰਾਜਨੀਤੀ ਨੂੰ ਹਮੇਸ਼ਾ ਪਹਿਲ ਦਿੱਤੀ ਜਾਂਦੀ ਹੈ।
ਅਮੀਰ ਵਿਰਾਸਤ ਦੀ ਸਾਂਭ ਸੰਭਾਲ ਨੂੰ ਸੂਬਾ ਸਰਕਾਰ ਦਾ ਫਰਜ਼ ਦੱਸਦਿਆਂ ਸ. ਬਾਦਲ ਨੇ ਕਿਹਾ ਕਿ ਵੱਡਾ ਘੱਲੂਘਾਰਾ ਤੇ ਛੋਟਾ ਘੱਲੂਘਾਰਾ ਯਾਦਗਾਰਾਂ ਤੋੋਂ ਇਲਾਵਾ ਵਿਰਾਸਤ-ਏ-ਖਾਲਸਾ, ਬਾਬਾ ਬੰਦਾ ਸਿੰਘ ਬਹਾਦੁਰ ਜੰਗੀ ਯਾਦਗਾਰ, ਭਗਵਾਨ ਵਾਲਮੀਕੀ ਤੀਰਥ ਸਥੱਲ ਦੀ ਸਥਾਪਨਾ ਅਜੋਕੀ ਪੀੜ੍ਹੀ ਨੂੰ ਵਿਰਾਸਤ ਨਾਲ ਜੋੜਨ ਦਾ ਜ਼ਰੀਆ ਹੈ।
ਇਸ ਤੋੋਂ ਪਹਿਲਾਂ ਪਿੰਡ ਨਗੱਜਾ ਅਤੇ ਕੰਧਾਲਾ ਗੁਰੂ ਵਿਖੇ ਸੰਗਤ ਦਰਸ਼ਨ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੰਗਤ ਦਰਸ਼ਨ ਪ੍ਰੋਗਰਾਮ ਲੋਕਾਂ ਨਾਲ ਸਿੱਧਾ ਸੰਪਰਕ ਸਾਧਣ ਦਾ ਤਰੀਕਾ ਹੈ ਜਿਸ ਨਾਲ ਨਾ ਸਿਰਫ ਲੋਕਾਂ ਦੀ ਸਮੱਸਿਆਵਾਂ ਨੂੰ ਨੇੜਿਓੰ ਜਾਨਣ ਦਾ ਮੌਕਾ ਮਿਲਦਾ ਹੈ ਸਗੋਂ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਵੀ ਤੁੰਰਤ ਹੁੰਦਾ ਹੈ। ਕਿਸਾਨੀ ਨੂੰ ਸੂਬੇ ਦੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਨੂੰ ਸੰਕਟ ਵਿੱਚੋੋਂ ਕੱਢਣ ਲਈ ਕਿਸਾਨਾ ਨੂੰ 5000 ਕਰੋੜ ਰੁਪਏ ਦੀ ਬਿਜਲੀ ਹਰ ਸਾਲ ਮੁਫਤ ਮੁਹੱਈਆ ਕਰਾਵਈ ਜਾਂਦੀ ਹੈ। ਇਸ ਤੋੋਂ ਇਲਾਵਾ ਕਮਜ਼ੋਰ ਤਬਕੇ ਦੇ ਲੋਕਾਂ ਨੂੰ ਆਟਾ ਦਾਲ ਸਕੀਮ ਤਹਿਤ ਮੁਫਤ ਅਨਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ ਉਥੇ ਹੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ 50 ਹਜ਼ਾਰ ਰੁਪਏ ਤੱਕ ਦੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ।
ਇਸ ਮੌਕੇ ਮੁੱਖ ਮੰਤਰੀ ਵੱਲੋੋਂ 107 ਪਿੰਡਾਂ ਦੀਆਂ ਪੰਚਾਇਤਾਂ ਤੋੋਂ ਇਲਾਵਾ ਕਰਤਾਰਪੁਰ ਸ਼ਹਿਰ ਦੇ ਵਾਰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਤੋੋਂ ਇਲਾਵਾ ਵਿਕਾਸ ਕੰਮਾਂ ਲਈ ਗਰਾਟਾਂ ਵੀ ਜਾਰੀ ਕੀਤੀਆਂ ਗਈਆਂ। ਇਸ ਮੌਕੇ ਅਕਾਲੀ ਆਗੂ ਸੇਠ ਸਤਪਾਲ ਮੱਲ, ਰਣਜੀਤ ਸਿੰਘ ਕਾਹਲੋੋਂ, ਰਾਜਿੰਦਰ ਸਿੰਘ ਨਾਗਰਾ, ਜਗਰੂਪ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੇ.ਜੇ.ਐਸ.ਚੀਮਾ, ਡੀ.ਆਈ.ਜੀ ਐਸ.ਕੇ.ਕਾਲੀਆ, ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ, ਐਸ.ਐਸ.ਪੀ ਹਰਮੋਹਨ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ।