ਚੰਡੀਗੜ੍ਹ, 23 ਦਸੰਬਰ, 2016 : ਅਕਾਲੀ ਦਲ ਨੇ ਕਿਹਾ ਹੈ ਕਿ ਕਾਂਗਰਸ ਪਿਛਲੀਆਂ ਚੋਣਾਂ ਵਿਚ ਹਾਰੇ ਅਤੇ ਨਕਾਰੇ ਆਗੂਆਂ ਨੂੰ ਟਿਕਟਾਂ ਦੇ ਕੇ ਲੰਗੜੇ ਘੋੜਿਆਂ ਨੂੰ ਚੋਣ ਮੈਦਾਨ ਵਿਚ ਉਤਾਰ ਰਹੀ ਹੈ, ਜਿਸ ਕਰਕੇ ਪਾਰਟੀ ਅੰਦਰ ਭਾਰੀ ਖਲਬਲੀ ਮੱਚੀ ਹੋਈ ਹੈ। ਇੰਨਾ ਹੀ ਨਹੀਂ ਕਾਂਗਰਸ ਦੀ ਦੂਜੀ ਸੂਚੀ ਜਾਰੀ ਹੁੰਦੇ ਹੀ 5 ਹਲਕਿਆਂ ਵਿਚੋਂ ਬਗਾਵਤੀ ਸੁਰਾਂ ਉਠ ਖੜ੍ਹੀਆਂ ਹਨ।
ਇਹ ਸ਼ਬਦ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸ਼ ਮਨਜਿੰਦਰ ਸਿੰਘ ਸਿਰਸਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਦੇ ਜਿੱਤਣ ਵਾਲੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਨ ਦੇ ਸਾਰੇ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ। ਸ਼ੁੱਕਰਵਾਰ ਨੂੰ ਜਾਰੀ ਕੀਤੀ 16 ਉਮੀਦਵਾਰਾਂ ਦੀ ਦੂਜੀ ਸੂਚੀ ਸਮੇਤ ਹੁਣ ਤਕ ਕਾਂਗਰਸ ਨੇ ਕੁੱਲ 77 ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਦਿਲਚਸਪ ਗੱਲ ਇਹ ਹੈ ਕਿ ਇਹਨਾਂ ਵਿਚੋਂ 19 ਉਮੀਦਵਾਰ ਅਜਿਹੇ ਲੰਗੜੇ ਘੋੜੇ ਹਨ, ਜਿਹੜੇ 2012 ਦੀਆਂ ਚੋਣਾਂ ਵਿਚ ਵੱਡੇ ਫਰਕ ਨਾਲ ਹਾਰੇ ਸਨ।
ਉਹਨਾਂ ਅੱਗੇ ਦੱਿਸਆ ਕਿ ਕਾਂਗਰਸ ਵੱਲੋਂ ਜਾਰੀ ਕੀਤੀ ਦੂਜੀ ਸੂਚੀ ਨੇ ਪਾਰਟੀੰ ਅੰਦਰ ਖਲਬਲੀ ਮਚਾ ਦਿੱਤੀ ਹੈ। ਸ਼ੁੱਕਰਵਾਰ ਨੂੰ ਐਲਾਨੀਆਂ 16 ਸੀਟਾਂ ਵਿਚੋਂ 5 ਸੀਟਾਂ ਉੱਤੇ ਬਗਾਵਤ ਦੇ ਝੰਡੇ ਖੜ੍ਹੇ ਹੋ ਗਏ ਹਨ, ਜਿਹਨਾਂ ਵਿਚ ਖਰੜ, ਸੁਨਾਮ, ਜੈਤੋਂ, ਬੰਗਾ ਅਤੇ ਭਦੌੜ ਵਿਧਾਨ ਸਭਾ ਹਲਕੇ ਸ਼ਾਮਿਲ ਹਨ। ਉਹਨਾਂ ਕਿਹਾ ਕਿ ਕਾਂਗਰਸ ਪ੍ਰਧਾਨ ਕੁੱਝ ਦਿਨ ਪਹਿਲਾਂ ਇਹ ਗੱਲ ਸਵੀਕਾਰ ਕਰ ਚੁੱਕੇ ਹਨ ਕਿ ਕਾਂਗਰਸ ਕੋਲ ਸਾਰੇ ਹਲਕਿਆਂ ਵਿਚ ਉਤਾਰਨ ਲਈ ਯੋਗ ਉਮੀਦਵਾਰ ਨਹੀਂ ਹਨ।
ਸਿਰਸਾ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਇਸ ਨੂੰ ਚੋਣ ਮੈਦਾਨ ਵਿਚ ਉਤਾਰਨ ਲਈ ਉਮੀਦਵਾਰ ਨਹੀਂ ਲੱਭ ਰਹੇ। ਜਿਸ ਕਰਕੇ ਅਮਰਿੰਦਰ ਸਿੰਘ ਨੂੰ ਪਾਰਟੀ ਅੰਦਰ ਦਲ ਬਦਲੂਆਂ ਦੀ ਭੀੜ ਇੱਕਠੀ ਕਰਨੀ ਪੈ ਰਹੀ ਹੈ। ਉਹਨਾਂ ਕਿਹਾ ਕਿ ਪਿਛਲੇ ਦਿਨਾਂ ਵਿਚ ਦੂਜੀਆਂ ਪਾਰਟੀਆਂ ਦੀ ਜਿੰਨੀ ਵੀ ਰਹਿੰਦ-ਖੂੰਹਦ ਨੂੰ ਕਾਂਗਰਸ ਨੇ ਆਪਣੇ ਨਾਲ ਰਲਾਇਆ ਹੈ, ਉਹਨਾਂ ਵਿਚੋਂ ਇੱਕ ਵੀ ਉਮੀਦਵਾਰ ਅਜਿਹਾ ਨਹੀਂ ਹੈ, ਜਿਹੜਾ ਕਾਂਗਰਸ ਨੂੰ ਸੀਟ ਜਿੱਤ ਕੇ ਦੇ ਸਕੇ। ਉਹਨਾਂ ਕਿਹਾ ਕਿ ਚੋਣਾਂ ਦੀ ਜੰਗ ਵਫਾਦਾਰ ਅਤੇ ਤਾਕਤਵਾਰ ਸਿਪਾਹੀਆਂ ਨਾਲ ਜਿੱਤੀ ਜਾਂਦੀ ਹੈ। ਲੰਗੜੇ ਘੋੜਿਆਂ ਅਤੇ ਦਲ ਬਦਲੂਆਂ ਦੇ ਆਸਰੇ ਬੈਠੀ ਕਾਂਗਰਸ ਦਾ ਆ ਰਹੀਆਂ ਚੋਣਾਂ ਵਿਚ ਪੰਜਾਬ ਵਿਚੋਂ ਪੱਤਾ ਸਾਫ ਹੋ ਜਾਵੇਗਾ।