ਚੰਡੀਗੜ, 23 ਦਸੰਬਰ, 2016 : ‘‘ਕਾਂਗਰਸ ਇਕ ਡੁੱਬਦਾ ਜਹਾਜ ਹੈ ਅਤੇ ਕੋਈ ਵਿਅਕਤੀ ਇਸ ਵਿਚ ਚੜਨਾ ਪਸੰਦ ਨਹੀਂ ਕਰਦਾ। ਇਥੋਂ ਤੱਕ ਕਿ ਕਾਂਗਰਸ ਦੇ ਉਮੀਦਵਾਰ ਖੁਦ ਇਹ ਗੱਲ ਜਾਣਦੇ ਹਨ ਕਿ ਉਨਾਂ ਦਾ ਲੋਕਾਂ ਨਾਲ ਰਾਬਤਾ ਟੁੱਟ ਚੁੱਕਾ ਹੈ ਇਸ ਲਈ ਉਹ ਚੋਣਾਂ ਲੜਨ ਤੋਂ ਭੱਜ ਰਹੇ ਹਨ।’’ ਆਮ ਆਦਮੀ ਪਾਰਟੀ ਦੇ ਸੰਗਰੂਰ ਸੰਸਦ ਮੈਂਬਰ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਨੇ ਕਾਂਗਰਸ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਸ਼ੁਰੂ ਹੋਏ ਘਮਾਸਾਨ ‘ਤੇ ਟਿਪਣੀ ਕਰਦਿਆਂ ਕਿਹਾ।
ਅਮਰਗੜ ਤੋਂ ਕਾਂਗਰਸ ਦੇ ਉਮੀਦਵਾਰ ਸੁਰਜੀਤ ਸਿੰਘੀ ਧੀਮਾਨ ਦੁਆਰਾ ਕਾਂਗਰਸ ਦੀ ਟਿਕਟ ‘ਤੇ ਚੋਣ ਲੜਨ ਤੋਂ ਨਾ ਕਰਨ ਬਾਰੇ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਉਹ ਇਸ ਗੱਲ ਤੋਂ ਚੰਗੀ ਤਰਾਂ ਜਾਣੂ ਹਨ ਕਿ ਲੋਕ ਇਸ ਵਾਰ ਕਾਂਗਰਸ ਨੂੰ ਵੋਟ ਨਹੀਂ ਕਰਨਗੇ ਕਿਉ ਜੋ ਉਹ ਪੰਜਾਬ ਦੀ ਰਾਜਨੀਤੀ ਵਿਚ ਇਕ ਨਵਾਂ ਬਦਲ ਚਾਹੁੰਦੇ ਹਨ ਜੋ ਕਿ ਸਿਰਫ ਆਮ ਆਦਮੀ ਪਾਰਟੀ ਹੀ ਦੇ ਸਕਦੀ ਹੈ। ਮਾਨ ਨੇ ਕਿਹਾ ਕਿ ਅਮਰਗੜ ਤੋਂ ਬਿਨਾ ਸੂਬੇ ਭਰ ਵਿਚੋਂ ਜਿਵੇਂ ਸੁਨਾਮ, ਬਠਿੰਡਾ, ਜਲੰਧਰ, ਅਮਿ੍ਰਤਸਰ, ਫਿਰੋਜਪੁਰ, ਬਟਾਲਾ, ਡੇਰਾ ਬਾਬਾ ਨਾਨਕ ਅਤੇ ਹੋਰ ਅਨੇਕਾਂ ਥਾਵਾਂ ਤੋਂ ਬਗਾਵਤੀ ਸੁਰਾਂ ਉਠ ਰਹੀਆਂ ਹਨ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਦੀ ਤਰਾਂ ਆਪਣੇ ਵੱਖ-ਵੱਖ ਧੜਿਆਂ ਵਿਚ ਟਿਕਟਾਂ ਵੰਡ ਰਹੀ ਹੈ ਅਤੇ ਜਿੱਤਣ ਦੀ ਸ਼ਰਤ ਜਾਂ ਮਿਹਨਤ ਕਾਂਗਰਸ ਵਿਚ ਟਿਕਟ ਪ੍ਰਾਪਤ ਕਰਨ ਦਾ ਕੋਈ ਪੈਮਾਨਾ ਨਹੀਂ ਹੈ।
ਇਹ ਕਾਂਗਰਸ ਦੀ ਪੰਜਾਬ ਵਿਚ ਹਾਰ ਦੀ ਸਪਸ਼ਟ ਨਿਸ਼ਾਨੀ ਹੈ। ਪੰਜਾਬ ਵਿਚ ਅਕਾਲੀਆਂ ਪ੍ਰਤੀ ਇਨਾਂ ਭਾਰੀ ਲੋਕ ਰੋਹ ਹੋਣ ਦੇ ਬਾਵਜੂਦ ਲੋਕ ਕਾਂਗਰਸ ਨੂੰ ਵੋਟ ਕਰਨ ਤੋਂ ਗੁਰੇਜ ਕਰ ਰਹੇ ਹਨ ਕਿਉ ਜੋ ਉਹ ਪਿਛਲੇ 10 ਸਾਲਾਂ ਵਿਚ ਲੋਕਾਂ ਦੀ ਅਵਾਜ ਚੁੱਕਣ ਵਿਚ ਅਸਫਲ ਰਹੀ ਹੈ। ਸ਼ਾਇਦ ਕਾਂਗਰਸ ਦੀ ਪੰਜਾਬ ਵਿਚ ਇਹ ਆਖਿਰੀ ਚੋਣ ਹੋਵੇ ਕਿਉ ਜੋ ਕਾਂਗਰਸ ਪੰਜਾਬ ਸਮੇਤ ਸਮੁਚੇ ਭਾਰਤ ਵਿਚ ਲੁਪਤ ਹੋਣ ਦੀ ਕਗਾਰ ‘ਤੇ ਹੈ।
ਮਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੀ ਅਵਾਜ ਨਹੀਂ ਬਣ ਸਕੀ ਅਤੇ ਰਾਜ ਅਸੈਂਬਲੀ ਅਤੇ ਲੋਕ ਸਭਾ ਵਿਚ ਲੋਕਾਂ ਦੀਆਂ ਮੰਗਾਂ ਅਤੇ ਮੁੱਦੇ ਉਠਾਉਣ ਵਿਚ ਅਸਫਲ ਰਹੀ ਹੈ। ਇਸੇ ਕਾਰਨ ਹੀ ਕਾਂਗਰਸ ਦੀ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਅਤੇ ਹੁਣ ਲੋਕ ਸਭਾ ਚੋਣਾਂ ਵਿਚ ਸ਼ਰਮਨਾਕ ਹਾਰ ਹੋਈ ਹੈ। ਕੈਪਟਨ ਸਮੇਤ ਸਮੁਚੀ ਕਾਂਗਰਸ ਲੀਡਰਸ਼ੀਪ ਟਿਕਟ ਪ੍ਰਾਪਤ ਲਈ ਦਿੱਲੀ ਡੇਰੇ ਲਾਈ ਬੈਠੀ ਹੈ ਅਤੇ ਪਿਛਲੇ ਇਕ ਮਹੀਨੇ ਦੌਰਾਨ ਪੰਜਾਬ ਵਿਚ ਗੇੜਾ ਵੀ ਨਹੀਂ ਮਾਰ ਸਕੀ। ਮਾਨ ਨੇ ਪੁਛਿਆ ਕਿ ਕੀ ਕਾਂਗਰਸੀ ਲੀਡਰ ਹੁਣ ਵੀ ਇਹ ਸੋਚਦੇ ਹਨ ਕਿ ਲੋਕ ਉਨਾਂ ਦਾ ਵਿਸ਼ਵਾਸ ਕਰਕੇ ਉਨਾਂ ਨੂੰ ਵੋਟਾ ਪਾਉਣਗੇ?