ਚੰਡੀਗੜ੍ਹ, 24 ਦਸੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਨੇਡਾ ਦੇ ਕੈਲਗਰੀ ਸਿਟੀ ਸਥਿਤ ਗੁਰਦੁਆਰਾ ਸਾਹਿਬ 'ਚ ਤੋੜ ਭੰਨ ਦੀਆਂ ਖ਼ਬਰਾਂ ਦੀ ਨਿੰਦਾ ਕਰਦਿਆਂ, ਮੋਦੀ ਸਰਕਾਰ ਨੂੰ ਵਿਦੇਸ਼ਾਂ 'ਚ ਵੱਸਣ ਵਾਲੇ ਸਿੱਖਾਂ ਤੇ ਉਨ੍ਹਾਂ ਦੀਆਂ ਧਾਰਮਿਕ ਤੇ ਹੋਰ ਜਾਇਦਾਦਾਂ ਦੀ ਰਾਖੀ ਵਾਸਤੇ ਇਕ ਵਿਆਪਕ ਨੀਤੀ ਬਣਾਉਣ ਲਈ ਕਿਹਾ ਹੈ।
ਵਿਸ਼ਵ 'ਚ ਸਿੱਖਾਂ ਖਿਲਾਫ ਅਸਹਿਣਸ਼ੀਲਤਾ ਦੀਆਂ ਵੱਧ ਰਹੀਆਂ ਘਟਨਾਵਾਂ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਇਸ ਨਾਲ ਵਿਦੇਸ਼ਾਂ 'ਚ ਸਿੱਖਾਂ ਦੀ ਰਾਖੀ ਕਰਨ 'ਚ ਭਾਰਤ ਸਰਕਾਰ ਦੀ ਪੂਰੀ ਤਰ੍ਹਾਂ ਅਸਫਲਤਾ ਦਾ ਖੁਲਾਸਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨਾ ਸਿਰਫ ਇਹ ਮੁੱਦਾ ਵਿਸ਼ਵ ਦੇ ਮੰਚਾਂ 'ਤੇ ਚੁੱਕਣ 'ਚ ਅਸਫਲ ਰਹੀ ਹੈ, ਸਗੋਂ ਸਰਕਾਰ ਕੋਲ 9/11 ਦੇ ਨਿਊਯਾਰਕ ਹਮਲਿਆਂ ਤੋਂ ਬਾਅਦ ਹੋ ਰਹੀਆਂ ਅਜਿਹੀਆਂ ਘਟਨਾਵਾਂ ਦੇ ਮੱਦੇਨਜ਼ਰ ਸਿੱਖਾਂ ਦੀ ਰਾਖੀ ਪੁਖਤਾ ਕਰਨ ਵਾਸਤੇ ਮਜ਼ਬੂਤ ਅੰਦਰੂਨੀ ਨੀਤੀ ਵੀ ਨਹੀਂ ਹੈ।
ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਵਿਦੇਸ਼ਾਂ 'ਚ ਵੱਸਣ ਵਾਲੇ ਸਿੱਖਾਂ 'ਚ ਭਾਰਤ ਸਰਕਾਰ ਪ੍ਰਤੀ ਮੁੜ ਭਰੋਸਾ ਕਾਇਮ ਕਰਨ ਵਾਸਤੇ ਤੁਰੰਤ ਕਦਮ ਚੁੱਕਣੇ ਜ਼ਰੂਰੀ ਹਨ, ਜਿਨ੍ਹਾਂ ਨੇ ਇਸ ਬਾਰੇ ਨਫਰਤ ਤੇ ਬੇਅਦਬੀ ਦੀਆਂ ਘਟਨਾਵਾਂ ਕਾਰਨ ਸਮੁਦਾਅ ਦੇ ਭਰੋਸੇ 'ਚ ਆਈ ਘਾਟ ਦਾ ਜ਼ਿਕਰ ਕੀਤਾ ਹੈ।
ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਤਾਜ਼ਾ ਘਟਨਾ ਨੂੰ ਕਨੇਡਾ ਸਰਕਾਰ ਕੋਲ ਪਹਿਲ ਦੇ ਅਧਾਰ 'ਤੇ ਚੁੱਕਣ ਤੇ ਪੁਖਤਾ ਕਰਨ ਲਈ ਕਿਹਾ ਹੈ ਕਿ ਦੋਸ਼ੀ ਨਿਆਂ ਦਾ ਸਾਹਮਣਾ ਕਰਨ ਤੇ ਉਨ੍ਹਾਂ ਨੂੰ ਅਜਿਹੀ ਸਜਾ ਮਿਲੇ ਕਿ ਭਵਿੱਖ 'ਚ ਕੋਈ ਵੀ ਧਾਰਮਿਕ ਜਾਇਦਾਦਾਂ 'ਤੇ ਇਸ ਤਰ੍ਹਾਂ ਹਮਲਾ ਨਾ ਕਰ ਸਕੇ।
ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਉਕਤ ਮਾਮਲੇ 'ਚ ਇਹ ਸੰਦੇਸ਼ ਜਾਣਾ ਚਾਹੀਦਾ ਹੈ ਕਿ ਵਿਦੇਸ਼ਾਂ 'ਚ ਵੱਸਣ ਵਾਲਾ ਸਿੱਖ ਸਮੁਦਾਅ ਇਕੱਲਾ ਨਹੀਂ ਹੈ, ਸਗੋਂ ਭਾਰਤ ਸਰਕਾਰ, ਅਸਲਿਅਤ 'ਚ ਪੂਰਾ ਰਾਸ਼ਟਰ ਉਨ੍ਹਾਂ ਦੇ ਸਮਰਥਨ 'ਚ ਹੈ।