ਚੰਡੀਗੜ੍ਹ, 13 ਦਸੰਬਰ, 2016 : ਆਮ ਆਦਮੀ ਪਾਰਟੀ ਦੇ ਆਗੂ ਕਾਲੇ ਕੱਛਿਆਂ ਵਾਲੇ ਗਿਰੋਹ ਜਿੰਨੇ ਖਤਰਨਾਕ ਹਨ, ਜਿਹੜੇ ਲੋਕਾਂ ਨੂੰ ਲੁੱਟਣ ਲਈ ਪੰਜਾਬ 'ਚ ਵੜੇ ਹਨ। ਇਹ ਅਜਿਹੇ ਭ੍ਰਿਸ਼ਟ ਅਤੇ ਦੁਰਾਚਾਰੀ ਲੋਕਾਂ ਦਾ ਟੋਲਾ ਹੈ, ਜਿਹੜੇ ਪੰਜਾਬ ਅਤੇ ਪੰਜਾਬੀਆਂ ਨੂੰ ਬਰਬਾਦ ਕਰਨ ਲਈ ਚਿੱਟੀਆਂ ਟੋਪੀਆਂ ਲੈ ਕੇ ਆਏ ਹਨ।
ਇਹ ਸ਼ਬਦ ਉਪ ਮੁੱਖ ਮੰਤਰੀ ਸ਼ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸ਼ ਮਨਜਿੰਦਰ ਸਿੰਘ ਸਿਰਸਾ ਨੇ ਇੱਥੇ ਪ੍ਰੈਸ ਨੋਟ ਜਾਰੀ ਕਰਦਿਆਂ ਕਹੇ। ਉਹ ਹੁਸ਼ਿਆਰਪੁਰ ਤੋਂ ਆਪ ਆਗੂ ਅਤੇ ਪਾਰਟੀ ਦੇ ਦਲਿਤ ਚਿਹਰੇ ਯਾਮਿਨੀ ਗੋਮਰ ਵੱਲੋਂ ਮੰਗਲਵਾਰ ਨੂੰ ਪਾਰਟੀ ਛੱਡਣ ਸਮੇਂ ਕੀਤੇ ਖੁਲਾਸਿਆਂ ਬਾਰੇ ਟਿੱਪਣੀ ਕਰ ਰਹੇ ਸਨ। ਸ਼ ਸਿਰਸਾ ਨੇ ਕਿਹਾ ਕਿ ਗੋਮਰ ਨੇ ਦਿੱਲੀ ਤੋਂ ਆਏ ਆਪ ਆਗੂ ਦੁਰਗੇਸ਼ ਪਾਠਕ ਅਤੇ ਸੰਜੇ ਸਿੰਘ ਵੱਲੋਂ ਸਥਾਨਕ ਆਗੂਆਂ ਦੇ ਕੀਤੇ ਜਾ ਰਹੇ ਸੋਸ਼ਣ ਦੇ ਕੱਚੇ ਚਿੱਠੇ ਖੋਲ੍ਹ ਦਿੱਤੇ ਹਨ। ਉਹਨਾਂ ਕਿਹਾ ਕਿ ਆਪ ਲੀਡਰਸ਼ਿਪ ਦੀ ਅਸਲੀਅਤ ਇਹੀ ਹੈ ਕਿ ਇਹ ਦਲਿਤ-ਵਿਰੋਧੀ, ਸਿੱਖ-ਵਿਰੋਧੀ ਅਤੇ ਪੰਜਾਬ-ਵਿਰੋਧੀ ਹੈ। ਉਹ ਇੱਥੇ ਦਿੱਲੀ ਸਰਕਾਰ ਦੀ ਦੂਜੀ ਬਰਾਂਚ ਖੋਲ੍ਹਣ ਲਈ ਸਾਰੇ ਪਾਪੜ ਵੇਲ ਰਹੇ ਹਨ। ਉਹਨਾਂ ਕਿਹਾ ਕਿ ਪਾਰਟੀ ਦਾ ਦਲਿਤ ਚਿਹਰਾ ਰਹੀ ਯਾਮਿਨੀ ਗੋਮਰ ਨੂੰ ਪਾਰਟੀ ਦੀਆਂ ਦਲਿਤ-ਵਿਰੋਧੀ ਨੀਤੀਆਂ ਦਾ ਅਜਿਹਾ ਕੌੜਾ ਤਜਰਬਾ ਹੋਇਆ ਕਿ ਉਸ ਨੇ ਇਸ ਪੰਜਾਬ ਵਿਰੋਧੀ ਪਾਰਟੀ ਨੂੰ ਹੀ ਲੱਤ ਮਾਰ ਦਿੱਤੀ।
ਉਹਨਾਂ ਕਿਹਾ ਕਿ ਆਪ ਮੁਖੀ ਕੇਜਰੀਵਾਲ ਕਿੰਨਾ ਪਾਖੰਡੀ ਹੈ, ਜਿਹੜਾ ਇਕ ਪਾਸੇ ਦਲਿਤ ਨੂੰ ਉਪ ਮੁੱਖ ਮੰਤਰੀ ਬਣਾਉਣ ਦੇ ਵਾਅਦੇ ਕਰ ਰਿਹਾ ਹੈ ਅਤੇ ਦੂਜੇ ਪਾਸੇ ਆਪਣੀ ਹੀ ਪਾਰਟੀ ਦੀ ਇੱਕ ਯੋਗ ਉਮੀਦਵਾਰ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਰਿਹਾ ਹੈ। ਉਹਨਾਂ ਅੱਗੇ ਦੱਸਿਆ ਕਿ ਕੇਜਰੀਵਾਲ ਨੇ ਦਿੱਲੀ ਸਰਕਾਰ ਵਿਚ ਕਿਸੇ ਦਲਿਤ ਜਾਂ ਸਿੱਖ ਨੂੰ ਮੰਤਰੀ ਵਜੋਂ ਨਹੀਂ ਲਿਆ।
ਉਹਨਾਂ ਕਿਹਾ ਕਿ ਆਪ ਦੀ ਭ੍ਰਿਸ਼ਟਾਚਾਰ, ਅਪਰਾਧ ਅਤੇ ਚਰਿੱਤਰਹੀਣਤਾ ਖਿਲਾਫ ਅਖੌਤੀ ਲੜਾਈ ਦੀ ਪੋਲ ਖੁੱਲ ਚੁੱਕੀ ਹੈ ਕਿਉਂਕਿ ਪਾਰਟੀ ਦੀ ਉੱਚ ਲੀਡਰਸ਼ਿਪ ਖੁਦ ਇਹਨਾਂ ਸਾਰੀਆਂ ਬੁਰਾਈਆਂ ਨਾਲ ਲਬਰੇਜ਼ ਹੈ। ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਉਮੀਦਵਾਰਾਂ ਨੂੰ ਡਰਾਵੇ ਦੇ ਕੇ ਪੈਸੇ ਇਕੱਠੇ ਕਰ ਰਹੇ ਹਨ। ਦਿੱਲੀ 'ਚ ਆਪ ਦੇ ਕਈ ਆਗੂ ਛੇੜਖਾਨੀ ਦੇ ਕੇਸਾਂ ਵਿਚ ਫਸ ਚੁੱਕੇ ਹਨ ਅਤੇ ਕਿੰਨਿਆਂ ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਆਪ ਆਗੂਆਂ ਦਾ ਟੋਲਾ ਕਾਲੇ ਕੱਛਿਆਂ ਦੇ ਗਿਰੋਹ ਜਿੰਨਾ ਹੀ ਖਤਰਨਾਕ ਹੈ, ਫਰਕ ਸਿਰਫ ਇੰਨਾ ਹੈ ਕਿ ਉਹ ਕਾਲੇ ਕੱਛੇ ਪਾ ਕੇ ਰਾਤ ਨੂੰ ਹਮਲਾ ਕਰਦੇ ਸਨ ਜਦ ਕਿ ਆਪ ਦੇ ਬਦਮਾਸ਼ ਚਿੱਟੀਆਂ ਟੋਪੀਆਂ ਪਾ ਕੇ ਦਿਨ ਵਿਚ ਲੋਕਾਂ ਨੂੰ ਭਰਮਾਉਂਦੇ ਅਤੇ ਡਰਾਉਂਦੇ ਹਨ।