ਚੰਡੀਗੜ੍ਹ, 1 ਜਨਵਰੀ, 2016 : ਭਗਵੰਤ ਮਾਨ ਜਿਸ ਪਾਰਟੀ ਅੰਦਰ ਚਲਾ ਜਾਂਦਾ ਹੈ, ਉਸ ਨੂੰ ਨਾਟਕ ਮੰਡਲੀ ਬਣਾ ਦਿੰਦਾ ਹੈ। ਆਪ ਦੀ ਰੈਲੀਆਂ ਵਿਚ ਲੋਕ ਜੀਅ ਪਰਚਾਉਣ ਲਈ ਆਉਂਦੇ ਹਨ, ਸਮਰਥਨ ਦੇਣ ਲਈ ਨਹੀਂ। ਆਮ ਆਦਮੀ ਪਾਰਟੀ ਦਾ ਆ ਰਹੀਆਂ ਚੋਣਾਂ ਵਿਚ ਉਹੀ ਹਸ਼ਰ ਹੋਵੇਗਾ, ਜਿਹੜਾ 2012 ਦੀਆਂ ਚੋਣਾਂ ਵਿਚ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪੰਜਾਬ ਪਾਰਟੀ ਦਾ ਹੋਇਆ ਸੀ।
ਇਹ ਸ਼ਬਦ ਸਿੱਖਿਆ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹ ਆਪ ਆਗੂ ਭਗਵੰਤ ਮਾਨ ਵੱਲੋਂ ਸ਼ਨੀਵਾਰ ਨੂੰ ਦਿੱਤੇ ਗਏ ਬਿਆਨ ਕਿ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਚੋਣ ਲੜਣ ਲਈ ਹਲਕਾ ਨਹੀਂ ਲੱਭ ਰਿਹਾ ਬਾਰੇ ਟਿੱਪਣੀ ਕਰ ਰਹੇ ਸਨ।
ਉਹਨਾਂ ਕਿਹਾ ਕਿ ਅਕਾਲੀ ਦਲ ਦੇ ਸਿਰਮੌਰ ਨੇਤਾ ਅਤੇ 5 ਵਾਰ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਸ਼ ਪਰਕਾਸ਼ ਸਿੰਘ ਬਾਦਲ ਬਾਰੇ ਅਜਿਹੀ ਟਿੱਪਣੀ ਕੋਈ ਸਿਆਸੀ ਨਾਸਮਝ ਹੀ ਕਰ ਸਕਦਾ ਹੈ। ਉਹਨਾਂ ਕਿਹਾ ਕਿ ਸ਼ ਬਾਦਲ ਨੇ ਆਪਣਾ ਸਿਆਸੀ ਕਰੀਅਰ ਹੀ ਲੰਬੀ ਹਲਕੇ ਤੋਂ ਸ਼ੁਰੂ ਕੀਤਾ ਸੀ ਅਤੇ ਉਹ ਲਗਾਤਾਰ ਪਿਛਲੀਆਂ ਚਾਰ ਵਿਧਾਨ ਸਭਾ ਚੋਣਾਂ ਵਿਚ ਲੰਬੀ ਹਲਕੇ ਦੀ ਨੁੰਮਾਇਦਗੀ ਕਰ ਚੁੱਕੇ ਹਨ। ਸੱਤ ਦਹਾਕਿਆਂ ਤੋਂ ਸਿਆਸਤ ਵਿਚ ਸਰਗਰਮ ਹੋਣ ਕਰਕੇ ਉਹ ਪੰਜਾਬ ਦੇ ਇੰਨੇ ਵੱਡੇ ਨੇਤਾ ਹਨ ਕਿ ਪੰਜਾਬ ਦੇ 117 ਹਲਕਿਆਂ ਵਿਚੋਂ ਕਿਸੇ ਵੀ ਹਲਕੇ ਤੋਂ ਖੜ੍ਹੇ ਹੋ ਜਾਣ ਤਾਂ ਵਿਰੋਧੀਆਂ ਦੀ ਜ਼ਮਾਨਤਾਂ ਜਬਤ ਹੋ ਜਾਣਗੀਆਂ। ਸੁਰੱਖਿਅਤ ਹਲਕਿਆਂ ਦੀ ਲੋੜ ਆਪ ਆਗੂਆਂ ਨੂੰ ਹੈ, ਅਕਾਲੀ ਦਲ ਲੀਡਰਾਂ ਨੂੰ ਨਹੀਂ।
ਸ਼ਚੀਮਾ ਨੇ ਕਿਹਾ ਕਿ ਭਗਵੰਤ ਮਾਨ ਨੇ ਆਪ ਨੂੰ ਮਨੋਰੰਜਨ ਦਾ ਅਖਾੜਾ ਬਣਾ ਰੱਖਿਆ ਹੈ। ਉਸ ਦੀ ਰੈਲੀਆਂ ਵਿਚ ਲੋਕ ਜੀਅ ਪਰਚਾਉਣ ਲਈ ਆਉਂਦੇ ਹਨ, ਵੋਟਾਂ ਪਾਉਣ ਲਈ ਨਹੀਂ। ਜਦੋਂ ਵੋਟਾਂ ਪਾਉਣ ਦਾ ਵੇਲਾ ਆਇਆ ਤਾਂ ਲੋਕਾਂ ਨੇ ਆਪ ਦਾ ਵੀ ਉਹੀ ਹਸ਼ਰ ਕਰਨਾ ਹੈ, ਜਿਹੜਾ 2012 ਦੀਆਂ ਚੋਣਾਂ ਵਿਚ ਪੀਪੀਪੀ ਦਾ ਕੀਤਾ ਸੀ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਪੀਪੀਪੀ ਦਾ ਵਾਇਸ ਪ੍ਰਧਾਨ ਬਣ ਕੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਲਹਿਰਾਗਾਗਾ ਹਲਕੇ ਤੋਂ ਚੋਣ ਲੜੀ ਸੀ, ਤਾਂ ਉਹ ਬੁਰੀ ਤਰ੍ਹਾਂ ਹਾਰਿਆ ਸੀ। ਮਾਨ ਦੀਆਂ ਰੈਲੀਆਂ ਵਿਚ ਸਭ ਤੋਂ ਇੱਕਠ ਕਰਨ ਵਾਲੇ ਲੋਕਾਂ ਨੇ ਵੋਟਾਂ ਪਾਉਣ ਸਮੇਂ ਉਸ ਨੂੰ ਤੀਜੇ ਸਥਾਨ 'ਤੇ ਧੱਕ ਦਿੱਤਾ ਸੀ। ਇਹੀ ਹਾਲ ਇਸ ਵਾਰ ਆਪ ਦਾ ਹੋਣਾ ਹੈ।
ਅਕਾਲੀ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਨੇ ਪਿਛਲੀਆਂ ਦੋ ਅਸੰਬਲੀ ਚੋਣਾਂ ਦੌਰਾਨ ਕ੍ਰਮਵਾਰ 45 ਫੀਸਦੀ ਅਤੇ 42 ਫੀਸਦੀ ਵੋਟਾਂ ਦੀ ਹਿੱਸੇਦਾਰੀ ਹਾਸਿਲ ਕਰਕੇ ਸਰਕਾਰ ਬਣਾਈ ਸੀ। ਇੱਥੋਂ ਤੱਕ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਅਕਾਲੀ-ਭਾਜਪਾ ਦੀ ਵੋਟਾਂ ਦੀ ਹਿੱਸੇਦਾਰੀ ਆਪ ਨਾਲੋਂ ਵੱਧ ਸੀ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਮਹਾਂਰਥੀਆਂ ਖਿਲਾਫ ਆਪ ਦਿੱਲੀ ਦੇ ਆਗੂ ਜਾਂ ਮਸ਼ਹੂਰ ਕਲਾਕਾਰ ਖੜ੍ਹੇ ਕਰਕੇ ਸਿਰਫ ਅਖਬਾਰਾਂ 'ਚ ਸੁਰਖੀਆਂ ਬਟੋਰ ਸਕਦੀ ਹੈ, ਲੋਕਾਂ ਦੀਆਂ ਵੋਟਾਂ ਨਹੀਂ ਲੈ ਸਕਦੀ।