ਨਵੀਂ ਦਿੱਲੀ, 11 ਦਸੰਬਰ, 2016 : ਆਮ ਆਦਮੀ ਪਾਰਟੀ ਨੂੰ ਇਕ ਵੱਡਾ ਝਟਕਾ ਲੱਗਿਆ ਹੈ। ਐਤਵਾਰ ਨੂੰ ਅਰਵਿੰਦ ਕੇਜਰੀਵਾਲ ਦੀ ਪਾਰਟੀ ਉਪਰ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਅਤੇ ਘੁਟਾਲੇ ਕਰਨ ਦਾ ਦੋਸ਼ ਲਗਾਉਂਦੇ ਹੋਏ, ਸੰਗਠਨ ਦੇ ਕਈ ਪ੍ਰਮੁੱਖ ਲੀਡਰ ਪੰਜਾਬ ਕਾਂਗਰਸ 'ਚ ਸ਼ਾਮਿਲ ਹੋ ਗਏ।
ਉਨ੍ਹਾਂ ਦਾ ਪਾਰਟੀ 'ਚ ਸਵਾਗਤ ਕਰਦੇ ਹੋਏ, ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ 'ਚ ਆਪ ਦਾ ਗ੍ਰਾਫ ਦਿਨੋਂ ਦਿਨ ਡਿੱਗਦਾ ਜਾ ਰਿਹਾ ਹੈ। ਜਿਨ੍ਹਾਂ ਨੇ ਕੇਜਰੀਵਾਲ ਦੇ ਕਾਂਗਰਸ ਤੇ ਅਕਾਲੀਆਂ ਵਿਚਾਲੇ ਮਿਲੀਭੁਗਤ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਗਲਤ ਕਰਾਰ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਅਤੇ ਉਨ੍ਹਾਂ ਦੀ ਟੀਮ ਗਲਤ ਪ੍ਰਚਾਰ ਕਰ ਰਹੇ ਹਨ, ਅਤੇ ਲੋਕਾਂ ਨੂੰ ਗੁੰਮਰਾਹ ਕਰਨ ਖਾਤਿਰ ਝੂਠ ਫੈਲ੍ਹਾ ਰਹੇ ਹਨ। ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿਰਫ ਇਕ ਵਾਰ ਮਿਲੇ ਹਨ, ਜਦੋਂ ਉਹ ਉਨ੍ਹਾਂ ਦੀ ਪਤਨੀ ਦੇ ਦਿਹਾਂਤ ਮੌਕੇ ਅਫਸੋਸ ਕਰਨ ਗਏ ਸਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਜਰੀਵਾਲ ਪੰਜਾਬ 'ਚ ਕਈ ਸਿਧਾਂਤਾਂ ਦਾ ਢਿੰਢੋਰਾ ਪਿੱਟਦੇ ਹੋਏ ਆਏ ਸਨ, ਜਿਸ ਨਾਲ ਲੋਕ ਉਨ੍ਹਾਂ ਵੱਲ ਖਿੱਚੇ ਗਏ ਸਨ, ਲੇਕਿਨ ਜ਼ਲਦੀ ਹੀ ਲੋਕਾਂ ਦਾ ਭਰਮ ਦੂਰ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਸੂਬੇ 'ਚ ਆਪ ਦਾ ਕੋਈ ਅਧਾਰ ਨਹੀਂ ਹੈ ਅਤੇ ਉਹ ਸੂਬੇ ਅੰਦਰ ਪ੍ਰਚਾਰ ਵਾਸਤੇ ਉੱਤਰ ਪ੍ਰਦੇਸ਼ ਤੇ ਬਿਹਾਰ ਵਰਗੇ ਸੂਬਿਆਂ ਤੋਂ 50,000 ਲੋਕਾਂ ਨੂੰ ਲੈ ਕੇ ਆਈ ਹੈ।
ਇਸ ਦੌਰਾਨ ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਪਾਰਟੀ 'ਚ ਸ਼ਾਮਿਲ ਹੋਣ ਵਾਲੇ ਨਵੇਂ ਆਗੂਆਂ ਨੂੰ ਉਥੇ ਹੀ ਉਮੀਦਵਾਰ ਬਣਾਇਆ ਜਾਵੇਗਾ, ਜਿਥੇ ਪਾਰਟੀ ਕੋਲ ਚੰਗਾ ਜਿੱਤਣ ਲਾਇਕ ਉਮੀਦਵਾਰ ਨਹੀਂ ਹੋਵੇਗਾ।
ਇਸ ਮੌਕੇ, ਕੈਪਟਨ ਅਮਰਿੰਦਰ ਨੇ ਕਰਨਲ ਸੀ.ਐਮ ਲਖਨਪਾਲ, ਪੀ.ਕੇ ਸ਼ਰਮਾ, ਕਰਨਲ ਇਕਬਾਲ ਪਨੂੰ ਤੇ ਭਰਪੂਰ ਸਿੰਘ ਦਾ ਪਾਰਟੀ 'ਚ ਸਵਾਗਤ ਕੀਤਾ।
ਇਨ੍ਹਾਂ ਸਾਰਿਆਂ ਉੱਚ ਸਿੱਖਿਆ ਪ੍ਰਾਪਤ ਤੇ ਕਾਬਿਲ ਆਗੂਆਂ ਨੇ ਆਪ ਪ੍ਰਤੀ ਪੂਰੀ ਤਰ੍ਹਾਂ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਆਪ ਭ੍ਰਿਸ਼ਟਾਚਾਰੀ ਤੇ ਸ਼ੋਸ਼ਣਕਾਰੀ ਲੋਕਾਂ ਦੀ ਪਾਰਟੀ ਬਣ ਚੁੱਕੀ ਹੈ, ਜਿਨ੍ਹਾਂ ਟੀਚਾ ਸਿਰਫ ਆਪਣੇ ਵਿਅਕਤੀਗਤ ਹਿੱਤਾਂ ਨੂੰ ਪੂਰਾ ਕਰਨਾ ਹੈ।
ਕਾਂਗਰਸ 'ਚ ਸ਼ਾਮਿਲ ਹੋਣ ਵਾਲੇ ਨਵੇਂ ਆਗੂਆਂ ਨੇ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਪੰਜਾਬ ਕਾਂਗਰਸ ਪ੍ਰਤੀ ਬਗੈਰ ਕਿਸੇ ਸ਼ਰਤ ਆਪਣਾ ਸਮਰਥਨ ਪ੍ਰਗਟਾਇਆ, ਜਿਹੜੇ ਪੰਜਾਬ ਦੀ ਨਬਜ਼ ਸਮਝਦੇ ਹਨ ਅਤੇ ਸ਼ਾਨਦਾਰ ਇਤਿਹਾਸ ਨਾਲ ਲੋਕਾਂ 'ਚ ਅਸਧਾਰਨ ਭਰੋਸਾ ਰੱਖਦੇ ਹਨ। ਉਨ੍ਹਾਂ ਨੇ ਕੈਪਟਨ ਅਮਰਿੰਦਰ ਨੂੰ ਲੋਕਾਂ ਦਾ ਲੀਡਰ ਦੱਸਿਆ।
ਇਨ੍ਹਾਂ ਸਾਰੇ ਆਗੂਆਂ ਨੇ ਆਪ ਦੇ ਸੰਗਠਨ ਸਬੰਧੀ ਮਾਮਲਿਆਂ 'ਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਪੰਜਾਬ ਅੰਦਰ ਹੁਣ ਪੂਰੀ ਤਰ੍ਹਾਂ ਨਾਲ ਖਤਮ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਆਪ ਲੋਕਾਂ ਦੀਆਂ ਉਮੀਦਾਂ ਉਪਰ ਖਰੀ ਉਤਰਨ 'ਚ ਨਾਕਾਮ ਰਹੀ ਹੈ, ਜਦਕਿ ਉਨ੍ਹਾਂ ਦਾ ਏਜੰਡਾ ਪੰਜਾਬ ਨੂੰ ਇਕ ਵਾਰ ਫਿਰ ਤੋਂ ਖੁਸ਼ਹਾਲ ਸੂਬਾ ਬਣਾਉਣਾ ਹੈ।
ਆਪ ਦੇ ਸੰਸਥਾਪਕ ਮੈਂਬਰ ਤੇ ਮੌਜ਼ੂਦਾ ਸਮੇਂ 'ਚ ਆਪ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕਰਨਲ ਸੀ.ਐਮ ਲਖਨਪਾਲ, ਪਾਰਟੀ ਦੇ ਲੁਧਿਆਣਾ ਜੋਨ ਦੇ ਮੁਖੀ ਹੋਣ ਸਮੇਤ ਸੂਬੇ ਅੰਦਰ ਪਾਰਟੀ ਦੇ ਸਾਰੇ ਪ੍ਰਮੁੱਖ ਅਯੋਜਨਾਂ ਲਈ ਜ਼ਿੰਮੇਵਾਰੀ ਨਿਭਾਉਂਦੇ ਸਨ। ਉਨ੍ਹਾਂ ਨੇ ਕਿਹਾ ਕਿ ਆਪ ਕਦੇ ਇਕ ਸਿਧਾਂਤਾਂ ਉਪਰ ਅਧਾਰਿਤ ਪਾਰਟੀ ਸੀ, ਜਿਸਨੇ ਹੁਣ ਉਨ੍ਹਾਂ ਸਾਰਿਆਂ ਸਿਧਾਂਤਾਂ 'ਤੇ ਸਮਝੌਤਾ ਕਰ ਲਿਆ ਹੈ ਅਤੇ ਦਾਗੀ ਇਤਿਹਾਸ ਰੱਖਣ ਵਾਲੇ ਲੋਕਾਂ ਨੂੰ ਉਮੀਦਵਾਰ ਬਣਾਉਣ ਸ਼ੁਰੂ ਕਰ ਦਿੱਤਾ ਹੈ। ਜਿਨ੍ਹਾਂ ਨੇ ਇਸ ਸਬੰਧ 'ਚ ਬੈਂਸ ਭਰਾਵਾਂ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਮੌਜ਼ੂਦਾ ਹਾਲਾਤਾਂ 'ਚ ਉਨ੍ਹਾਂ ਦਾ ਆਪ ਨਾਲ ਜ਼ਿਆਦਾ ਵਕਤ ਬਣੇ ਰਹਿਣਾ ਨਾਮੁਮਕਿਨ ਸੀ। ਜਿਸ ਪਾਰਟੀ ਲਈ ਕਦੇ ਭ੍ਰਿਸ਼ਟਾਚਾਰ ਇਕ ਮੁੱਖ ਮੁੱਦਾ ਸੀ, ਹੁਣ ਉਸਦੇ 60 ਤੋਂ ਵੱਧ ਉਮੀਦਵਾਰ ਦਾਗੀ ਇਤਿਹਾਸ ਰੱਖਦੇ ਹਨ।