ਚੰਡੀਗੜ੍ਹ, 2 ਜਨਵਰੀ, 2017 : ਆਪ ਮੁਖੀ ਅਰਵਿੰਦ ਕੇਜਰੀਵਾਲ ਸਿਆਸੀ ਆਗੂਆਂ ਉੱਤੇ 'ਜੁੱਤੀ' ਸੁੱਟਣ ਵਾਲਿਆਂ ਨੂੰ ਬੜਾ ਮਾਣ-ਸਨਮਾਨ ਦਿੰਦੇ ਹਨ। ਇਸ ਲਈ ਉਹਨਾਂ ਉੱਤੇ 'ਜੁੱਤੀ' ਸੁੱਟਣ ਵਾਲੇ ਵਿਅਕਤੀ ਨੂੰ ਵੀ ਜਰਨੈਲ ਸਿੰਘ ਵਾਂਗ ਸਰਕਾਰ ਜਾਂ ਪਾਰਟੀ ਅੰਦਰ ਕੋਈ ਵੱਡਾ ਅਹੁਦਾ ਮਿਲਣਾ ਚਾਹੀਦਾ ਹੈ। ਸਾਰੇ ਜਾਣਦੇ ਹਨ ਕਿ ਜਰਨੈਲ ਸਿੰਘ ਨੂੰ ਪਹਿਲਾਂ ਦਿੱਲੀ ਲੋਕ ਸਭਾ ਦੀ ਟਿਕਟ, ਫਿਰ ਅਸੰਬਲੀ ਟਿਕਟ ਅਤੇ ਹੁਣ ਪੰਜਾਬ 'ਚ ਪਾਰਟੀ ਦਾ ਕਨਵੀਨਰ ਬਣਾ ਕੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਚੋਣ ਮੁਕਾਬਲੇ ਵਿਚ ਉਤਾਰਨਾ ਆਦਿ ਸਭ ਤੋਹਫੇ ਉਸ ਦੀ 'ਜੁੱਤੀ' ਸੁੱਟਣ ਦੀ ਕਾਬਲੀਅਤ ਕਰਕੇ ਹੀ ਦਿੱਤੇ ਗਏ ਹਨ।
ਇਹ ਸ਼ਬਦ ਲੋਕ ਸਭਾ ਮੈਂਬਰ ਅਤੇ ਸ੍ਰæੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ਼ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ।ਉਹਨਾਂ ਕਿਹਾ ਕਿ ਜੇ ਜਰਨੈਲ ਸਿੰਘ ਨੂੰ ਸਨਮਾਨ ਮਿਲ ਸਕਦਾ ਹੈ ਤਾਂ ਵਿਕਾਸ ਕੁਮਾਰ ਨੂੰ ਕਿਉਂ ਨਹੀਂ, ਜਿਸ ਨੇ ਕੇਜਰੀਵਾਲ ਉੱਤੇ ਹਮਲਾ ਕੀਤਾ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਹਮੇਸ਼ਾਂ ਤੋਂ ਵੱਡੇ ਆਗੂਆਂ 'ਤੇ ਜੁੱਤੀ ਸੁੱਟਣ ਵਾਲਿਆਂ ਨੂੰ ਹੱਲਾਸ਼ੇਰੀ ਦੇਣ ਲਈ ਜਾਣੇ ਜਾਂਦੇ ਹਨ।
ਉਹਨਾਂ ਕਿਹਾ ਕਿ ਜੇਕਰ ਕੇਜਰੀਵਾਲ ਜਾਂ ਉਸ ਦੇ ਸਮਰਥਕ ਰੋਹਤਕ ਵਾਲੀ ਘਟਨਾ ਤੋਂ ਦੁਖੀ ਹਨ ਤਾਂ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਸ ਸਾਰੇ ਪੁਆੜੇ ਦੀ ਜੜ੍ਹ ਕੇਜਰੀਵਾਲ ਖੁਦ ਹੈ। ' ਉਸ ਨੇ ਜਿਹੜੀ ਕੌੜੀ ਦਵਾਈ ਦੀ ਦੂਜਿਆਂ ਲਈ ਤਿਆਰ ਕੀਤੀ ਸੀ, ਉਸ ਨੂੰ ਖੁਦ ਨੂੰ ਪਿਲਾ ਦਿੱਤੀ ਗਈ ਹੈ'। ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਵੀ ਕੇਜਰੀਵਾਲ ਦੇ ਰੁੱਸੇ ਹੋਏ ਸਮਰਥਕਾਂ ਨੇ ਉਸ ਉੁੱਤੇ ਸਿਆਹੀ, ਅੰਡੇ ਸੁੱਟੇ ਹਨ ਅਤੇ ਕੁੱਝ ਥੱਪੜ ਮਾਰਨ ਤਕ ਵੀ ਗਏ ਹਨ। ਇਹ ਸਭ ਕੁੱਝ ਉਹਨਾਂ ਨੇ ਕੇਜਰੀਵਾਲ ਤੋਂ ਹੀ ਸਿੱਖਿਆ ਸੀ।
ਅਕਾਲੀ ਆਗੂ ਨੇ ਕਿਹਾ ਕਿ ਕੇਜਰੀਵਾਲ ਨੇ ਲੋਕਤੰਤਰ ਨੂੰ ਖਤਰੇ 'ਚ ਪਾਉਣ ਵਾਲੀਆਂ ਅਜਿਹੀਆਂ ਬਹੁਤ ਸਾਰੀਆਂ ਪਿਰਤਾਂ ਸ਼ੁਰੂ ਕੀਤੀਆਂ ਹਨ, ਜਿਹੜਾ ਆਖਿਰ ਨੂੰ ਉਹਨਾਂ ਦੇ ਹੀ ਗਲ ਦਾ ਰੱਸਾ ਬਣ ਰਹੀਆਂ ਹਨ। ਕੇਜਰੀਵਾਲ ਨੇ ਪਾਰਟੀ ਵਲੰਟੀਅਰਾਂ ਨੂੰ ਆਪਣੇ ਵਿਰੋਧੀਆਂ ਅਤੇ ਅਫਸਰਾਂ ਦੇ ਸਟਿੰਗ ਆਪਰੇਸ਼ਨ ਕਰਨ ਲਈ ਖੂਬ ਹੱਲਾਸ਼ੇਰੀ ਦਿੱਤੀ ਸੀ। ਪਰੰਤੂ ਨਾਲ ਹੀ ਖੁਦ ਨੂੰ ਕਿਸੇ ਸਕੈਂਡਲ ਤੋਂ ਬਚਾਉਣ ਲਈ ਵਲੰਟੀਅਰਾਂ ਸਮੇਤ ਮਿਲਣ ਆਉਣ ਵਾਲੇ ਵਿਅਕਤੀਆਂ ਨੂੰ ਇਹ ਆਦੇਸ਼ ਦੇ ਦਿੱਤਾ ਸੀ ਕਿ ਉਹ ਆਪਣੇ ਮੋਬਾਇਲ ਅਤੇ ਦੂਜੇ ਉਪਕਰਣ ਬਾਹਰ ਰੱਖ ਕੇ ਆਉਣ।
ਸ਼ ਚੰਦੂਮਾਜਰਾ ਨੇ ਕਿਹਾ ਕਿ ਕੇਜਰੀਵਾਲ ਤੋਂ ਵੱਖ ਹੋਏ ਕਿੰਨੇ ਨਾਰਾਜ਼ ਸੀਨੀਅਰ ਆਗੂਆਂ ਨੇ ਆਪ ਦੀ ਕੋਰ ਟੀਮ ਉੱਤੇ ਗੈਰ ਕਾਨੂੰਨੀ ਤਰੀਕੇ ਨਾਲ ਕਰੋੜਾਂ ਰੁਪਏ ਇਕੱਠੇ ਕਰਨ ਦੇ ਦੋਸ਼ ਲਾਏ ਹਨ। ਇਹ ਸਾਰੀਆਂ ਹੇਰਾ ਫੇਰੀਆਂ ਬੰਦ ਕਮਰਿਆਂ ਵਿਚ ਹੋਈਆਂ ਹਨ, ਬੇਸ਼ੱਕ ਇਹਨਾਂ ਸਾਰੇ ਕਾਲੇ ਧੰਦਿਆਂ ਦੀ ਕੋਈ ਰਿਕਾਰਡਿੰਗ ਮੌਜੂਦ ਨਹੀਂ ਹੈ।