ਤਲਵੰਡੀ ਸਾਬੋ, 8 ਦਸੰਬਰ, 2016 : ਤਲਵੰਡੀ ਸਾਬੋ ਵਿਖੇ 8 ਦਸੰਬਰ ਨੂੰ ਸੱਦਿਆ ਗਿਆ 'ਸਰਬੱਤ ਖਾਲਸਾ' ਪੰਥਕ ਧਿਰਾਂ ਤੇ ਪੰਜਾਬ ਸਰਕਾਰ ਵਿਚਕਾਰ ਆਰ-ਪਾਰ ਦੀ ਲੜਾਈ ਬਣ ਚੁੱਕਾ ਹੈ। ਸਰਬੱਤ ਖਾਲਸਾ 'ਤੇ ਦੁਨੀਆ ਭਰ ਦੇ ਸਿੱਖਾਂ ਦੀਆਂ ਨਜ਼ਰਾਂ ਟਿਕ ਗਈਆਂ ਹਨ ਕਿਉਂਕਿ ਇਹ ਪੰਥਕ ਧਿਰਾਂ ਇਸ ਨੂੰ ਹਰ ਹਾਲ 'ਚ ਕਰਵਾਉਣ ਲਈ ਬਜ਼ਿੱਦ ਹਨ, ਜਦੋਂਕਿ ਪੰਜਾਬ ਸਰਕਾਰ ਇਸ ਨੂੰ ਹੋਣ ਨਹੀਂ ਦੇ ਰਹੀ। ਭਾਵੇਂ ਹੀ ਜ਼ਿਲਾ ਪ੍ਰਸ਼ਾਸਨ ਨੇ ਸਰਬੱਤ ਖਾਲਸਾ ਪ੍ਰੋਗਰਾਮ ਕਰਨ ਨੂੰ ਮਨਜ਼ੂਰੀ ਨਹੀਂ ਦਿੱਤੀ, ਜਦਕਿ ਪੰਥਕ ਧਿਰਾਂ ਇਸ ਨੂੰ ਹਰ ਹਾਲ 'ਚ ਕਰਵਾਉਣ 'ਤੇ ਅੜ ਗਈਆਂ ਹਨ। ਸਰਬੱਤ ਖਾਲਸਾ ਲਈ ਸਿੱਖ ਸਮਾਜ ਦੇ ਲੋਕ ਪੁਲਿਸ ਨਾਲ ਟਾਕਰਾ ਕਰਕੇ ਵੀ ਇਥੇ ਪੁੱਜ ਰਹੇ ਹਨ, ਜਿਸ ਕਾਰਨ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਸੰਘਣੀ ਧੁੰਦ ਦਾ ਫਾਇਦਾ ਚੁੱਕ ਕੇ ਕਰੀਬ 500 ਸਿੱਖਾਂ ਨੇ ਸਰਬੱਤ ਖਾਲਸਾ 'ਚ ਪੁੱਜ ਕੇ ਸ਼੍ਰੀ ਗੁਰੂ ਗਰੰਥ ਸਾਹਿਬ ਨੂੰ ਮੱਥਾ ਟੇਕ ਲਿਆ ਹੈ।
ਜ਼ਿਕਰਯੋਗ ਹੈ ਕਿ ਅੱਜ ਦੇ ਦਿਨ ਤਲਵੰਡੀ ਸਾਬੋ 'ਚ 'ਸਰਬੱਤ ਖਾਲਸਾ' ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਸੀ ਪਰ ਪੰਥਕ ਆਗੂਆਂ ਸਿਮਰਨਜੀਤ ਸਿੰਘ ਮਾਨ ਅਤੇ ਸੰਤ ਬਲਜੀਤ ਸਿੰਘ ਦਾਦੂਵਾਲ ਦਾ ਕਹਿਣਾ ਹੈ ਕਿ ਸਰਬੱਤ ਖਾਲਸਾ ਹਰ ਹਾਲ 'ਚ ਹੋਵੇਗਾ ਅਤੇ ਉਹ ਖੁਦ ਮੌਕੇ 'ਤੇ ਪੁੱਜਣਗੇ। ਇਸ ਦੌਰਾਨ ਤਲਵੰਡੀ ਸਾਬੋ ਪੁਲਿਸ ਛਾਉਣੀ 'ਚ ਤਬਦੀਲ ਹੋ ਚੁੱਕੀ ਹੈ, ਜਦਕਿ ਰੈਪਿਡ ਐਕਸ਼ਨ ਫੋਰਸ, ਦੰਗਾ ਰੋਕੂ ਵਾਹਨ ਤੇ ਜਲ ਤੋਪਾਂ ਵੀ ਭਾਰੀ ਮਾਤਰਾ 'ਚ ਪਹੁੰਚ ਚੁੱਕੀਆਂ ਹਨ। ਸਿੱਟੇ ਵਜੋਂ ਇਸ ਪਵਿੱਤਰ ਨਗਰੀ ਦੇ ਲੋਕਾਂ 'ਚ ਭਾਰੀ ਦਹਿਸ਼ਤ ਦਾ ਮਾਹੌਲ ਹੈ।