ਸੁਜਾਨਪੁਰ (ਪਠਾਨਕੋਟ), 29 ਨਵੰਬਰ, 2016 : ਪਠਾਨਕੋਟ ਦੇ ਕਸਬੇ ਸੁਜਾਨਪੁਰ ਵਿਚ ਪੰਜਾਬ ਇਨਕਲਾਬ ਰੈਲੀ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਕਾਲੀ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਉਤੇ ਵਰਦਿਆਂ ਉਨਾਂ ਨੂੰ ਪੰਜਾਬ ਦੇ ਸਭ ਤੋਂ ਵੱਡੇ ਭਿ੍ਰਸ਼ਟਾਚਾਰੀ ਕਰਾਰ ਦਿੱਤਾ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬਾਦਲਾਂ ਅਤੇ ਕੈਪਟਨ ਨੇ ਵਾਰੀ-ਵਾਰੀ ਰਲ ਕੇ ਪੰਜਾਬ ਨੂੰ ਲੁਟਿਆ ਹੈ ਜਿਸ ਕਾਰਨ ਪੰਜਾਬ ਅਤੇ ਪੰਜਾਬ ਸਰਕਾਰ ਕੰਗਾਲ ਹੋ ਚੁੱਕੀ ਹੈ। ਇਸਦੀ ਕੀਮਤ ਆਮ ਪੰਜਾਬੀਆਂ ਨੂੰ ਚੁਕਾਉਣੀ ਪੈ ਰਹੀ ਹੈ। ਉਨਾਂ ਕਿਹਾ ਕਿ ਅਕਾਲੀ ਅਤੇ ਕਾਂਗਰਸੀ 5-5 ਸਾਲ ਦੀਆਂ ਵਾਰੀਆਂ ਬੰਨ ਕੇ ਪੰਜਾਬ ਨੂੰ ਲੁੱਟ ਰਹੇ ਹਨ ਅਤੇ ਪਿਛਲੇ 15 ਸਾਲਾਂ ਵਿਚ ਉਨਾਂ ਨੇ ਪੰਜਾਬ ਦੇ ਸਾਰੇ ਸਰੋਤਾਂ ਨੂੰ ਕਬਜੇ ਵਿਚ ਕਰ ਲਿਆ ਹੈ।
ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ਦੀ ਗੁਪੱਤ ਗੰਢਤੁਪ ਹੋਣ ਦਾ ਜਿਕਰ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਇਹ ਦੋਵੇਂ ਆਪਸ ਵਿਚ ਰਲੇ ਹੋਏ ਹਨ ਅਤੇ ਜਿਸ ਕਾਰਨ ਕਾਂਗਰਸ ਸਰਕਾਰ ਆਉਣ ‘ਤੇ ਬਾਦਲਾਂ ਉਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਦੂਜੇ ਪਾਸੇ ਬਾਦਲ ਆਪਣੀ ਸਰਕਾਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਭਿ੍ਰਸ਼ਟਾਚਾਰ ਸੰਬੰਧੀ ਕੇਸਾਂ ਉਤੇ ਕਾਰਵਾਈ ਕਰਨ ਦੀ ਥਾਂ ਉਸਨੂੰ ਬਰੀ ਕਰਵਾ ਦਿੰਦੇ ਹਨ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਵੱਲੋਂ ਅਕਾਲੀਆਂ ਖਿਲਾਫ ਕਾਰਵਾਈ ਕਰਨ ਦੇ ਫੋਕੇ ਦਾਅਵੇ ਕੀਤੇ ਜਾ ਰਹੇ ਹਨ ਜਦਕਿ ਜਦੋਂ ਕੇਂਦਰ ਵਿੱਚ ਡਾ. ਮਨਮੋਹਨ ਸਿੰਘ ਦੀ ਸਰਕਾਰ ਸੀ ਅਤੇ ਪੰਜਾਬ ਵਿੱਚ ਅਕਾਲੀਆਂ ਦੀ ਸਰਕਾਰ ਸੀ, ਤਾਂ ਉਸ ਵੇਲੇ ਕਾਂਗਰਸ ਨੇ ਪੰਜਾਬ ਦੇ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ, ਜੋ ਕਿ ਪੰਜਾਬ ਵਿੱਚ ਬਹੁ-ਕਰੋੜੀ ਡਰੱਗ ਰੈਕੇਟ ਚਲਾ ਰਹੇ ਹਨ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਬਿਕਰਮ ਸਿੰਘ ਮਜੀਠੀਆ ਦੀ ਸੀਬੀਆਈ ਜਾਂਚ ਦਾ ਵਿਰੋਧ ਕੀਤਾ ਸੀ, ਜਦਕਿ ਉਨਾਂ ਦੀ ਪਾਰਟੀ ਮਜੀਠੀਆ ਖਿਲਾਫ ਕਾਰਵਾਈ ਦੀ ਮੰਗ ਕਰ ਰਹੀ ਸੀ।
ਕੇਜਰੀਵਾਲ ਨੇ ਕਿਹਾ ਕਿ ਬਾਦਲਾਂ ਨੇ ਟ੍ਰਾਂਸਪੋਰਟ, ਕੇਬਲ, ਮਾਈਨਿੰਗ ਅਤੇ ਸ਼ਰਾਬ ਕਾਰੋਬਾਰ ਆਪਣੇ ਕਬਜੇ ਵਿੱਚ ਕਰ ਲਏ। ਕੇਜਰੀਵਾਲ ਨੇ ਕਿਹਾ ਕਿ ਬਾਦਲਾਂ ਨੇ ਆਪਣੀ ਪੂਰੀ ਤਾਕਤ ਲਗਾ ਕੇ ਪੈਸਾ ਲੁੱਟਣ ਲਈ ਪੰਜਾਬ ਨੂੰ ਪੂਰੀ ਤਰਾਂ ਨਿਚੋੜ ਦਿੱਤਾ। ਕੇਜਰੀਵਾਲ ਨੇ ਕਿਹਾ ਕਿ ਜਿਹੜੇ ਰੇਤਾ-ਬਜਰੀ ਦੇ ਠੇਕੇ ਅਤੇ ਬੱਸਾਂ ਦੇ ਪਰਮਿਟ ਬਾਦਲਾਂ ਨੇ ਸੱਤਾ ਦੇ ਜੋਰ ਉਤੇ ਹਾਸਿਲ ਕੀਤੇ ਹਨ, ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗਠਨ ਮਗਰੋਂ ਉਹ ਵਾਪਿਸ ਲੈ ਕੇ ਬੇਰੋਜਗਾਰ ਨੌਜਵਾਨਾਂ ਨੂੰ ਦਿੱਤੇ ਜਾਣਗੇ।
ਕੇਜਰੀਵਾਲ ਨੇ ਕਿਹਾ ਕਿ ਅਕਾਲੀਆਂ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਹਾਰ ਸਪਸ਼ਟ ਨਜਰ ਆ ਰਹੀ ਹੈ, ਇਸ ਕਾਰਨ ਉਨਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਸਮਝੌਤਾ ਕਰ ਲਿਆ ਹੈ ਅਤੇ ਹੁਣ ਉਨਾਂ ਵੱਲੋਂ ਇਹ ਚੋਣਾਂ ਮਿਲ ਕੇ ਲੜੀਆਂ ਜਾ ਰਹੀਆਂ ਹਨ। ਕੇਜਰੀਵਾਲ ਨੇ ਕਿਹਾ, “ਮੈਂ ਸੁਣਿਆ ਹੈ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਜਿਆਦਾਤਰ ਹੋਰਡਿੰਗ ਬਾਦਲ ਵੱਲੋਂ ਲਗਵਾਏ ਜਾ ਰਹੇ ਹਨ।”
ਕੇਜਰੀਵਾਲ ਨੇ ਇੱਕ ਵਾਰ ਫਿਰ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਸਵਿਸ ਬੈਂਕ ਅਕਾਉਂਟ ਜਾਰੀ ਕੀਤੇ। ਕੇਜਰੀਵਾਲ ਨੇ ਕਿਹਾ ਕਿ ਜੇਕਰ ਉਹ ਗਲਤ ਹਨ ਤਾਂ ਕੈਪਟਨ ਅਮਰਿੰਦਰ ਸਿੰਘ ਉਨਾਂ ਖਿਲਾਫ ਕਾਨੂੰਨੀ ਕਾਰਵਾਈ ਕਰ ਸਕਦੇ ਹਨ। ਕੈਪਟਨ ਅਮਰਿੰਦਰ ਸਿੰਘ ਚੁਣੌਤੀ ਦਿੰਦੀਆਂ ਕਿਹਾ ਕਿ ਕੈਪਟਨ ਇਹ ਸਿੱਧ ਕਰੇ ਕੀ ਸਟੇਜ ਤੋਂ ਉਨਾਂ ਦੁਆਰਾ ਕੈਪਟਨ ਦੀ ਪਤਨੀ ਬੀਬੀ ਪ੍ਰਨੀਤ ਕੌਰ ਅਤੇ ਸਪੁੱਤਰ ਰਣਇੰਦਰ ਸਿੰਘ ਦੇ ਜਿੰਨਾਂ ਸਵਿੱਸ ਬੈਂਕ ਖਾਤਿਆਂ ਬਾਰੇ ਜਿਕਰ ਕੀਤਾ ਜਾ ਰਿਹਾ ਹੈ ਉਹ ਗਲਤ ਹਨ। ਜੇਕਰ ਕੈਪਟਨ ਅਜਿਹਾ ਨਹੀਂ ਕਰ ਪਾਉਦੇ ਤਾਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਉਨਾਂ ਵਲੋਂ ਦੱਸੇ ਗਏ ਬੈਂਕ ਖਾਤੇ ਸਹੀ ਹਨ।
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ 40 ਲੱਖ ਤੋਂ ਜਿਆਦਾ ਨੌਜਵਾਨ ਅਕਾਲੀਆਂ ਵੱਲੋਂ ਫੈਲਾਏ ਨਸ਼ਿਆਂ ਦੀ ਗਿ੍ਰਫਤ ਵਿੱਚ ਹਨ ਅਤੇ ਆਪ ਦੀ ਸਰਕਾਰ ਬਣਨ ਤੋਂ ਬਾਅਦ ਇਨਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਜੰਗੀ ਪੱਧਰ ਉਤੇ 6 ਮਹੀਨੇ ਅੰਦਰ ਨਸ਼ਾ-ਮੁਕਤੀ ਕੇਂਦਰ ਖੋਲੇ ਜਾਣਗੇ ਅਤੇ ਇਸਦੇ ਨਾਲ ਹੀ ਨੌਜਵਾਨਾਂ ਨੂੰ ਰੋਜਗਾਰ ਵੀ ਮੁਹੱਈਆ ਕਰਵਾਇਆ ਜਾਵੇਗਾ।
ਜਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਇਹ ਸਿੱਧ ਕਰਨਗੇ ਕਿ ਚੁਣੇ ਹੋਏ ਨੁਮਾਇੰਦੇ ਜਨਤਾ ਦੇ ਸੇਵਕ ਵਜੋਂ ਕੰਮ ਕਰਦੇ ਹਨ ਨਾ ਕਿ ਬਾਦਲਾਂ ਅਤੇ ਕਾਂਗਰਸੀਆਂ ਵਾਂਗ ਲੋਕਾਂ ਦੇ ਕਾਰੋਬਾਰਾਂ ਅਤੇ ਜਮੀਨਾਂ ਉਤੇ ਕਬਜੇ ਕਰਦੇ ਹਨ। ਪ੍ਰਧਾਨ ਮੰਤਰੀ ਮੋਦੀ ਉਤੇ ਵਰਦਿਆਂ ਜਰਨੈਲ ਸਿੰਘ ਨੇ ਕਿਹਾ ਕਿ ਉਹ ਬਿਨਾ ਕੁਝ ਸੋਚੇ ਨੋਟਬੰਦੀ ਕਰਕੇ ਆਮ ਜਨਤਾ ਨੂੰ ਪਰੇਸ਼ਾਨ ਕਰ ਰਹੇ ਹਨ ਜਦਕਿ ਕਾਲੇ ਧਨ ਵਾਲੇ ਅਜੇ ਵੀ ਸਰਕਾਰ ਦੀ ਗਿ੍ਰਫਤ ਤੋਂ ਬਾਹਰ ਹਨ।
ਇਸ ਮੌਕੇ ਤੇ ਗੁਰਦਾਸਪੁਰ ਜੋਨ ਦੇ ਕੋ-ਆਰਡੀਨੇਟਰ ਲਖਵੀਰ ਸਿੰਘ, ਸੁਜਾਨਪੁਰ ਤੋਂ ਉਮੀਦਵਾਰ ਐਡਵੋਕੇਟ ਕੁਲਭੂਸ਼ਨ ਮਿਨਹਾਸ, ਭੋਆ ਤੋਂ ਉਮੀਦਵਾਰ ਅਮਰਜੀਤ ਸਿੰਘ, ਫਤਿਹਗੜ ਚੂੜੀਆਂ ਤੋਂ ਉਮੀਦਵਾਰ ਗੁਰਵਿੰਦਰ ਸਿੰਘ ਸ਼ਾਮਪੁਰਾ, ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਅਤੇ ਅਟਾਰੀ ਤੋਂ ਉਮੀਦਵਾਰ ਜਸਵਿੰਦਰ ਸਿੰਘ ਜਹਾਂਗੀਰ ਆਦਿ ਮੌਜੂਦ ਸਨ।