ਚੰਡੀਗੜ੍ਹ, 11 ਦਸੰਬਰ, 2016 : ਆਮ ਆਦਮੀ ਪਾਰਟੀ ਨੇ ਬਠਿੰਡਾ ਨੇੜੇ ਪਿੰਡ ਵਿਰਕ ਕਲਾਂ ਵਿੱਚ ਪੁਲਿਸ ਕਰਮੀ ਮਲਕੀਤ ਸਿੰਘ ਦੀ ਕੁੱਟਮਾਰ ਕਰਨ ਨਿਰਵਸਤਰ ਪਿੰਡ ਵਿੱਚ ਘੁਮਾਉਣ ਦੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਚੂਰ ਅਕਾਲੀ ਆਗੂਆਂ ਵੱਲੋਂ ਨਿੱਤ-ਦਿਨ ਆਮ ਲੋਕਾਂ ਦੀ ਹੱਤਿਆ ਕੀਤੀ ਜਾ ਰਹੀ ਹੈ ਅਤੇ ਹੁਣ ਇਨਾਂ ਦੀ ਗੁੰਡਾਗਰਦੀ ਇਸ ਪੱਧਰ ਉਤੇ ਪਹੁੰਚ ਗਈ ਹੈ ਕਿ ਡਿਊਟੀ ਉਤੇ ਤੈਨਾਤ ਸਰਕਾਰੀ ਕਰਮਚਾਰੀਆਂ ਦੀ ਸ਼ਰੇਆਮ ਕੁੱਟਮਾਰ ਅਤੇ ਬੇਇੱਜਤੀ ਕੀਤੀ ਜਾਂਦੀ ਹੈ।
ਵੜੈਚ ਨੇ ਕਿਹਾ ਕਿ ਅਕਾਲੀ ਰਾਜ ਇਸ ਵੇਲੇ ਬਰਤਾਨਵੀ ਸਾਸ਼ਨ ਤੋਂ ਮਾੜਾ ਹੋ ਗਿਆ ਹੈ ਜਿੱਥੇ ਸੱਤਾਧਾਰੀ ਧਿਰ ਦੇ ਨੁਮਾਇੰਦਿਆਂ ਵੱਲੋਂ ਬੜੀ ਬੇਰਹਿਮੀ ਨਾਲ ਲੋਕਾਂ ਦੀ ਹੱਤਿਆ ਕੀਤੀ ਜਾ ਰਹੀ ਹੈ। ਉਨਾਂ ਦੋਸ਼ ਲਗਾਇਆ ਕਿ ਅਪਰਾਧਿਕ ਮਾਮਲਿਆਂ ਦੇ ਦੋਸ਼ੀ ਜੋ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਹੁੰਦੇ ਹਨ, ਸਰਕਾਰ ਖੁਦ ਉਨਾਂ ਦਾ ਬਚਾਅ ਕਰਦੀ ਹੈ।
ਆਪ ਆਗੂ ਨੇ ਮੰਗ ਕੀਤੀ ਕਿ ਡਿਊਟੀ ਉਤੇ ਤੈਨਾਤ ਸਰਕਾਰੀ ਕਰਮਚਾਰੀ ਨਾਲ ਬਦਸਲੂਕੀ ਕਰਨ ਵਾਲੇ ਅਕਾਲੀ ਆਗੂਆਂ ਖਿਲਾਫ ਤੁਰੰਤ ਕੇਸ ਦਰਜ ਕਰਕੇ ਉਸਨੂੰ ਗ੍ਰਿਫਤਾਰ ਕੀਤਾ ਜਾਵੇ। ਵੜੈਚ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਜਿਹੇ ਮਾਮਲਿਆਂ ਦੀ ਮੁੜ ਤੋਂ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਜੇਲਾਂ ਵਿੱਚ ਸੁੱਟਿਆ ਜਾਵੇਗਾ।