ਨਵੀਂ ਦਿੱਲੀ, 1 ਦਸੰਬਰ, 2016 : ਅਕਾਲੀ ਆਗੂ ਨਰੇਸ਼ ਕਟਾਰੀਆ, ਬੱਬੂ ਘੁੰਮਣ ਸਮੇਦ ਕਈ ਹੋਰ ਪਾਰਟੀ ਆਗੂਆਂ ਤੇ ਸਮਰਥਕਾਂ ਸਮੇਤ ਸ੍ਰੋਮਣੀ ਅਕਾਲੀ ਦਲ ਨਾਲ ਪੂਰੀ ਤਰ੍ਹਾਂ ਨਿਰਾਸ਼ਾ ਪ੍ਰਗਟ ਕਰਦਿਆਂ ਅਤੇ ਕਾਂਗਰਸ 'ਚ ਭਰੋਸਾ ਪ੍ਰਗਟਾਉਂਦਿਆਂ ਵੀਰਵਾਰ ਨੂੰ ਪਾਰਟੀ 'ਚ ਸ਼ਾਮਿਲ ਹੋ ਗਏ।
ਇਸ ਮੌਕੇ ਨਵੇਂ ਸ਼ਾਮਿਲਾਂ ਦਾ ਪਾਰਟੀ 'ਚ ਸਵਾਗਤ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਮੇਤ ਸ੍ਰੋਮਣੀ ਅਕਾਲੀ ਦਲ ਤੇ ਹੋਰ ਪਾਰਟੀਆਂ ਨੂੰ ਲੋਕਾਂ ਦਾ ਛੱਡਣਾ ਜ਼ਾਰੀ ਹੈ ਅਤੇ ਆਉਣ ਵਾਲੇ ਹਫਤਿਆਂ 'ਚ, ਖਾਸ ਕਰਕੇ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ, ਕਈ ਅਸੰਤੁਸ਼ਟ ਆਗੂ ਅਤੇ ਵਰਕਰ ਕਾਂਗਰਸ 'ਚ ਸ਼ਾਮਿਲ ਹੋਣਗੇ।
ਉਨ੍ਹਾਂ ਨੇ ਕਿਹਾ ਕਿ ਕਟਾਰੀਆ ਤੇ ਹੋਰ ਅਕਾਲੀ ਆਗੂਆਂ ਅਤੇ ਸਮਰਥਕਾਂ ਦੇ ਪਾਰਟੀ 'ਚ ਸ਼ਾਮਿਲ ਹੋਣ ਨਾਲ ਕਾਂਗਰਸ ਨੂੰ ਹੋਰ ਮਜ਼ਬੂਤੀ ਮਿਲੇਗੀ।
ਸਾਬਕਾ ਕਾਂਗਰਸੀ ਵਿਧਾਇਕ ਕਟਾਰੀਆ 2012 'ਚ ਕਾਂਗਰਸ ਛੱਡ ਕੇ ਅਕਾਲੀ ਦਲ 'ਚ ਸ਼ਾਮਿਲ ਹੋ ਗਏ ਸਨ ਅਤੇ ਉਨ੍ਹਾਂ ਨੇ ਅਕਾਲੀ ਦਲ ਦੀਆਂ ਨੀਤੀਆਂ ਤੇ ਵਿਚਾਰ ਧਾਰਾ ਪ੍ਰਤੀ ਪੂਰੀ ਤਰ੍ਹਾਂ ਨਾਲ ਮੋਹ ਭੰਗ ਹੋਣ ਕਾਰਨ ਕਾਂਗਰਸ 'ਚ ਵਾਪਿਸ ਪਰਤਣ ਦਾ ਫੈਸਲਾ ਕੀਤਾ ਹੈ।
ਦਸੂਆ ਤੋਂ ਅਕਾਲੀ ਦਲ ਦੇ ਸਾਬਕਾ ਸਰਕਲ ਪ੍ਰਧਾਨ ਜਗਮੋਹਨ ਸਿੰਘ ਬੱਬੂ ਘੁੰਮਣ ਕਾਂਗਰਸ 'ਚ ਸ਼ਾਮਿਲ ਹੋਣ ਵਾਲੇ ਆਗੂਆਂ 'ਚੋਂ ਇਕ ਸਨ, ਜਿਨ੍ਹਾਂ ਦੇ ਪਾਰਟੀ 'ਚ ਆਉਣ ਨਾਲ ਦਸੂਆ ਹਲਕੇ 'ਚ ਪਾਰਟੀ ਨੂੰ ਮਜ਼ਬੂਤੀ ਮਿਲੇਗੀ, ਜਿਥੇ ਉਨ੍ਹਾਂ ਦਾ ਮਜ਼ਬੂਤ ਅਧਾਰ ਹੈ।
ਇਸ ਦੌਰਾਨ ਕਾਂਗਰਸ 'ਚ ਸ਼ਾਮਿਲ ਹੋਣ ਵਾਲੇ ਹੋਰ ਆਗੂਆਂ 'ਚ ਯੂਥ ਅਕਾਲੀ ਦਲ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ ਤੇ ਦਿਹਾਤੀ) ਕਰਮਬੀਰ ਸਿੰਘ ਘੁੰਮਣ, ਚੇਅਰਮੈਨ ਪੀ.ਏ.ਡੀ.ਬੀ ਬੈਂਕ ਦਸੂਆ ਕਰਨਦੀਪ ਸਿੰਘ ਸਿਆਂ, ਪੀ.ਏ.ਡੀ.ਬੀ ਬੈਂਕ ਦਸੂਆ ਦੇ ਤਿੰਨੋਂ ਡਾਇਰੈਕਟਰ, 7 ਦਸੂਆ ਨਿਗਮ ਕੌਂਸਲਰ, ਛੇ ਬਲਾਕ ਸੰਮਤੀ ਮੈਂਬਰ, ਯੂਥ ਅਕਾਲੀ ਦਲ ਦਸੂਆ ਦੇ ਸਾਰੇ ਸਰਕਲ ਪ੍ਰਧਾਨ, 50 ਸਰਪੰਚ ਤੇ 30 ਲੰਬੜਦਾਰ ਸ਼ਾਮਿਲ ਰਹੇ।