ਚੰਡੀਗੜ੍ਹ, 21 ਨਵੰਬਰ, 2016 : ਅਕਾਲੀ ਦਲ ਤੇ ਆਪ ਆਗੂਆਂ ਦਾ ਪੰਜਾਬ ਕਾਂਗਰਸ 'ਚ ਸ਼ਾਮਿਲ ਹੋਣ ਦਾ ਸਿਲਸਿਲਾ ਜ਼ਾਰੀ ਹੈ, ਜਿਨ੍ਹਾਂ 'ਚੋਂ ਕਈ ਸੋਮਵਾਰ ਨੂੰ ਪਾਰਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਅਗੁਵਾਈ ਹੇਠ ਕਾਂਗਰਸ 'ਚ ਸ਼ਾਮਿਲ ਹੋ ਗਏ।
ਇਸ ਲੜੀ ਹੇਠ ਦੋਨਾਂ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਅਕਾਲੀ ਆਗੂ ਤੇ ਸਾਬਕਾ ਆਈ.ਏ.ਐਸ ਅਫਸਰ ਬਲਬੀਰ ਸਿੱਧ ਅਤੇ ਸਾਬਕਾ ਸੰਸਦ ਮੈਂਬਰ ਗੁਰਚਰਨ ਸਿੰਘ ਗਾਲਿਬ ਦੇ ਬੇਟੇ ਸੋਨੀ ਗਾਲਿਬ ਸਮੇਤ ਰਿਟਾਇਰਡ ਆਈ.ਜੀ, ਓਲੰਪਿਅਨ ਤੇ ਆਪ ਮੈਂਬਰ ਸੁਰਿੰਦਰ ਸਿੰਘ ਸੋਢੀ ਦੇ ਕਾਂਗਰਸ 'ਚ ਸ਼ਾਮਿਲ ਹੋਣ ਨਾਲ ਗੰਭੀਰ ਧੱਕਾ ਪਹੁੰਚਿਆ ਹੈ।
ਕੈਪਟਨ ਅਮਰਿੰਦਰ ਨੇ ਨਵੇਂ ਸ਼ਾਮਿਲਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸੋਢੀ ਦਾ ਆਪ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋਣ ਦਾ ਫੈਸਲਾ ਦਰਸਾਉਂਦਾ ਹੈ ਕਿ ਨਾ ਸਿਰਫ ਪਾਰਟੀ ਦੇ ਆਗੂ, ਸਗੋਂ ਪ੍ਰਮੁੱਖ ਲੋਕ ਵੀ, ਜਿਹੜੇ ਬਹੁਤ ਸਾਰੀਆਂ ਉਮੀਦਾਂ ਨਾਲ ਅਰਵਿੰਦ ਕੇਜਰੀਵਾਲ ਦੀ ਪਾਰਟੀ 'ਚ ਸ਼ਾਮਿਲ ਹੋਏ ਸਨ, ਦਾ ਮੋਹ ਹੁਣ ਭੰਗ ਹੋ ਚੁੱਕਾ ਹੈ ਅਤੇ ਉਹ ਕਾਂਗਰਸ ਵੱਲ ਰੁੱਖ ਕਰ ਰਹੇ ਹਨ।
ਇਸ ਮੌਕੇ ਵੱਡੀ ਗਿਣਤੀ 'ਚ ਅਕਾਲੀ ਤੇ ਆਪ ਕੌਂਸਲਰ ਤੇ ਵਰਕਰ ਕਾਂਗਰਸ ਦਾ ਹਿੱਸਾ ਬਣ ਗਏ, ਜਿਸ 'ਤੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਤੋਂ ਪਤਾ ਚੱਲਦਾ ਕਿ ਪੰਜਾਬ ਦੇ ਲੋਕ ਉਨ੍ਹਾਂ ਦੀ ਪਾਰਟੀ ਨਾਲ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਪੱਖ 'ਚ ਬਹੁਤ ਵੱਡੀ ਲਹਿਰ ਚੱਲ ਰਹੀ ਹੈ।
ਸਾਬਕਾ ਸੰਸਦ ਮੈਂਬਰ ਸਵ. ਗੁਰਚਰਨ ਸਿੰਘ ਗਾਲਿਬ ਦੇ ਬੇਟੇ ਸੋਨੀ ਗਾਲਿਬ ਇਕ ਨੌਜ਼ਵਾਨ ਆਗੂ ਹਨ, ਜਿਹੜੇ ਆਪਣੇ ਪਿਤਾ ਦੀ ਸਹਾਇਤਾ ਕਰ ਰਹੇ ਸਨ ਅਤੇ ਉਹ 2009 'ਚ ਅਕਾਲੀ ਦਲ 'ਚ ਸ਼ਾਮਿਲ ਹੋ ਗਏ ਸਨ। ਬਲਬੀਰ ਸਿੱਧੂ ਤਲਵੰਡੀ ਸਾਬੋ ਤੋਂ ਅਕਾਲੀ ਦਲ ਦੇ ਸਾਬਕਾ ਹਲਕਾ ਇੰਚਾਰਜ਼ ਹਨ।
ਜਦਕਿ ਸੋਢੀ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਕੇ ਸਿਰਫ 5 ਮਹੀਨੇ ਪਹਿਲਾਂ ਆਪ 'ਚ ਸ਼ਾਮਿਲ ਹੋਏ ਸਨ। ਉਹ ਇਕ ਸੀਨੀਅਰ ਪੁਲਿਸ ਅਫਸਰ ਹੋਣ ਤੋਂ ਇਲਾਵਾ, ਇਕ ਅਰਜਨ ਐਵਾਰਡੀ ਵੀ ਹਨ, ਜਿਹੜੇ 1980 ਓਲੰਪਿਕਸ 'ਚ ਸੋਨੇ ਦਾ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਮੈਂਬਰ ਸਨ। ਜਿਨ੍ਹਾਂ ਨੇ ਏਸ਼ੀਅਨ ਖੇਡਾਂ 'ਚ ਚਾਂਦੀ ਦਾ ਤਮਗਾ ਤੇ ਚੈਂਪਿਅੰਸ ਟਰਾਫੀ 'ਚ ਤਾਂਬੇ ਦਾ ਤਮਗਾ ਵੀ ਜਿੱਤਿਆ ਸੀ।