ਨਵੀਂ ਦਿੱਲੀ, 21 ਦਸੰਬਰ, 2016 : ਬਾਦਲ ਅਗਵਾਹੀ ਵਾਲੇ ਸ੍ਰੋਮਣੀ ਅਕਾਲੀ ਦਲ ਨੂੰ ਬੁੱਧਵਾਰ ਨੂੰ ਉਸ ਵੇਲੇ ਇਕ ਵੱਡਾ ਝਟਕਾ ਲੱਗਿਆ, ਜਦੋਂ ਪਾਰਟੀ ਦੇ ਫਿਰੋਜ਼ਪੁਰ ਤੋਂ ਮੌਜ਼ੂਦਾ ਸੰਸਦ ਮੈਂਬਰ ਦੇ ਬੇਟੇ ਦਵਿੰਦਰ ਸਿੰਘ ਘੁਬਾਇਆ ਆਪਣੇ ਚਾਚਾ ਤੇ ਸਾਥੀਆਂ ਸਮੇਤ ਬਗੈਰ ਕਿਸੇ ਸ਼ਰਤ ਪੰਜਾਬ ਕਾਂਗਰਸ 'ਚ ਸ਼ਾਮਿਲ ਹੋ ਗਏ।
ਦਵਿੰਦਰ ਤੇ ਉਨ੍ਹਾਂ ਦੇ ਚਾਚਾ ਮੂੰਸ਼ਾ ਘੁਬਾਇਆ (ਦਵਿੰਦਰ ਦੇ ਪਿਤਾ ਸ਼ੇਰ ਸਿੰਘ ਘੁਬਾਇਆ ਦੇ ਭਰਾ), ਰਜਤ ਨਹਿਰਾ, ਪੰਡਤ ਅਨੰਦ ਸ਼ਰਮਾ ਤੇ ਰਜਿੰਦਰ ਕੌਰ ਦੇ ਨਾਲ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਮੌਜ਼ੂਦਗੀ 'ਚ ਪਾਰਟੀ 'ਚ ਸ਼ਾਮਿਲ ਹੋਏ।
ਸ਼ੇਰ ਸਿੰਘ ਘੁਬਾਇਆ ਲੋਕ ਸਭਾ ਸਾਂਸਦ ਹਨ ਤੇ ਦਵਿੰਦਰ ਦਾ ਕਾਂਗਰਸ 'ਚ ਸ਼ਾਮਿਲ ਹੋਣ ਦਾ ਫੈਸਲਾ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਹੀ ਹਫਤਿਆਂ ਪਹਿਲਾਂ, ਤੇ ਨਿਰਾਸ਼ ਅਕਾਲੀ ਆਗੂਆਂ ਦੇ ਕਾਂਗਰਸ 'ਚ ਸ਼ਾਮਿਲ ਹੋਣ ਦੌਰਾਨ ਆਇਆ ਹੈ। ਹਾਲੇ ਦੇ ਦਿਨਾਂ 'ਚ ਕਾਂਗਰਸ 'ਚ ਸ਼ਾਮਿਲ ਹੋਣ ਵਾਲੇ ਸੀਨੀਅਰ ਅਕਾਲੀ ਆਗੂਆਂ 'ਚ ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ ਆਲੀਵਾਲ ਤੋਂ ਇਲਾਵਾ, ਵਿਧਾਇਕ ਰਜਿੰਦਰ ਕੌਰ ਭਗੀਕੇ ਤੇ ਮਹੇਸ਼ ਇੰਦਰ ਸਿੰਘ ਵੀ ਰਹੇ ਹਨ।
ਇਸ ਮੌਕੇ ਦਵਿੰਦਰ, ਮੂੰਸ਼ਾ ਤੇ ਹੋਰਨਾਂ ਦਾ ਪਾਰਟੀ 'ਚ ਸਵਾਗਤ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਨਾਲ ਪੰਜਾਬ ਦੇ ਲੋਕਾਂ ਵਾਸਤੇ ਪੰਜਾਬ ਕਾਂਗਰਸ ਦੀਆਂ ਨੀਤੀਆਂ ਤੇ ਵਾਅਦਿਆਂ ਨੂੰ ਹੋਰ ਮਜ਼ਬੂਤ ਮਿੱਲੀ ਹੈ ਅਤੇ ਸਪੱਸ਼ਟ ਹੁੰਦਾ ਹੈ ਕਿ ਲੋਕ ਨੇ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਨਾਲ ਨਕਾਰ ਦਿੱਤਾ ਹੈ, ਜਿਨ੍ਹਾਂ ਨੇ ਸੂਬੇ ਨੂੰ ਆਪਣੇ ਕੁਸ਼ਾਸਨ ਦੇ ਬੀਤੇ ਦੱਸ ਸਾਲਾ ਦੌਰਾਨ ਪੂਰੀ ਤਰ੍ਹਾਂ ਅਵਿਵਸਥਾ ਤੇ ਕੁਸ਼ਾਸਨ 'ਚ ਧਕੇਲ ਦਿੱਤਾ ਹੈ।
ਪੱਤਰਕਾਰਾਂ ਵੱਲੋਂ ਆਈ.ਆਈ.ਟੀ ਰੁੜਕੀ ਤੋਂ ਗ੍ਰੈਜੁਏਟ ਦਵਿੰਦਰ ਦੇ ਕਾਂਗਰਸ ਦੀ ਟਿਕਟ 'ਤੇ ਵਿਧਾਨ ਸਭਾ ਚੋਣ ਲੜਨ ਸਬੰਧੀ ਇਕ ਸਵਾਲ ਦੇ ਜਵਾਬ 'ਚ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਬਾਰੇ ਫੈਸਲਾ ਪਾਰਟੀ ਹਾਈ ਕਮਾਂਡ ਨੇ ਲੈਣਾ ਹੈ। ਉਨ੍ਹਾਂ ਨੇ ਦੁਹਰਾਇਆ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਵਿਧਾਨ ਸਭਾ ਹਲਕੇ ਤੋਂ ਟਿਕਟ ਦੀ ਵੰਡ ਨੂੰ ਲੈ ਕੇ ਕਾਂਗਰਸ ਦਾ ਇਕੋਮਾਤਰ ਅਧਾਰ ਉਮੀਦਵਾਰ ਦੀ ਜਿੱਤਣ ਦੀ ਕਾਬਲਿਅਤ ਹੈ। ਉਨ੍ਹਾਂ ਨੇ ਕਿਹਾ ਕਿ ਜੇ ਦਵਿੰਦਰ ਦੀ ਉਮੀਦਵਾਰੀ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਮਨਜ਼ੂਰੀ ਦਿੱਤੀ ਜਾਂਦੀ ਹੈ, ਤਾਂ ਉਹ ਇਨ੍ਹਾ ਚੋਣਾਂ ਲਈ ਪਾਰਟੀ ਦੇ ਸੱਭ ਤੋਂ ਯੁਵਾ ਉਮੀਦਵਾਰ ਹੋ ਸਕਦੇ ਹਨ, ਜਿਹੜੇ ਕੁਝ ਹਫਤੇ ਪਹਿਲਾਂ ਹੀ 25 ਸਾਲਾਂ ਦੇ ਹੋਏ ਹਨ।
ਇਕ ਸਵਾਲ ਕਿ ਕੀ ਇਹ ਰਾਏ ਸਿੱਖ ਦਵਿੰਦਰ ਦੇ ਸ਼ਾਮਿਲ ਹੋਣ ਨਾਲ ਕਾਂਗਰਸ ਨੂੰ ਫਾਇਦਾ ਮਿੱਲੇਗਾ, ਕੈਪਟਨ ਅਮਰਿੰਦਰ ਨੇ ਕਿਹਾ ਕਿ ਸਮੁਦਾਅ ਤੋਂ ਜਲਾਲਾਬਾਦ, ਫਾਜ਼ਿਲਕਾ ਤੇ ਫਿਰੋਜ਼ਪੁਰ ਸ਼ਹਿਰੀ ਤੇ ਦਿਹਾਤੀ ਇਲਾਕਿਆਂ ਸਮੇਤ ਅਜਨਾਲਾ ਤੇ ਜਗਰਾਉਂ 'ਚ ਵੀ ਇਕ ਅਹਿਮ ਭੂਮਿਕਾ ਨਿਭਾਉਣ ਦੀ ਉਮੀਦ ਹੈ। ਜਦੋਂ ਇਹ ਪੁੱਛਿਆ ਗਿਆ ਕਿ ਕੀ ਦਵਿੰਦਰ ਦੇ ਸ਼ਾਮਿਲ ਹੋਣ ਨਾਲ ਬਾਦਲਾਂ ਤੇ ਰਾਏ ਸਿੱਖਾਂ ਨੂੰ ਝਟਕਾ ਲੱਗੇਗਾ, ਦੇ ਜਵਾਬ 'ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਰਾਏ ਸਿੱਖ ਸਮੁਦਾਅ ਦੇ ਪ੍ਰਭਾਵ ਵਾਲੀਆਂ 24 ਸੀਟਾਂ ਹਨ।
ਬੀਤੇ ਛੇ ਸਾਲਾਂ ਤੋਂ ਅਕਾਲੀ ਦਲ ਲਈ ਕੰਮ ਕਰ ਰਹੇ ਦਵਿੰਦਰ ਨੇ ਕਿਹਾ ਕਿ ਉਨ੍ਹਾਂ ਨੇ ਸਰਗਰਮੀ ਨਾਲ ਆਪਣੇ ਪਿਤਾ ਦੇ ਪ੍ਰਚਾਰ ਤੇ ਕੰਮ ਦੀ ਕਮਾਂਡ ਸੰਭਾਲੀ ਹੈ। ਇਕ ਸਵਾਲ ਦੇ ਜਵਾਬ 'ਚ, ਦਵਿੰਦਰ ਨੇ ਕਿਹਾ ਕਿ ਉਹ ਪੰਜਾਬ ਦੀ ਬੇਹਤਰੀ ਲਈ ਕੰਮ ਕਰਨਾ ਚਾਹੁੰਦੇ ਸਨ, ਜਿਸਨੂੰ ਲੈ ਕੇ ਉਨ੍ਹਾਂ ਨੇ ਮਹਿਸੂਸ ਕੀਤਾ ਹੈ ਕਿ ਸਿਰਫ ਕਾਂਗਰਸ ਹੀ ਇਹ ਪੁਖਤਾ ਕਰ ਸਕਦੀ ਹੈ।