ਲੁਧਿਆਣਾ, 9 ਨਵੰਬਰ, 2016 : ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਅਤੇ ਮੁੱਢਲੀ ਸਿੱਖਿਆ ਦਾ ਵੱਕਾਰ ਮੁੜ ਤੋਂ ਬਹਾਲ ਕਰਨ ਦੇ ਮੰਤਵ ਨਾਲ ਅਗਲੇ ਵਿੱਦਿਅਕ ਵਰ੍ਹੇ ਤੋਂ ਪੰਜਾਬ ਦੇ 6500 ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਨਰਸਰੀ ਦੀਆਂ ਜਮਾਤਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਜਿਸ ਲਈ 14000 ਹੋਰ ਅਧਿਆਪਕ ਪ੍ਰਾਇਮਰੀ ਸਕੂਲਾਂ ਵਿੱਚ ਤਾਇਨਾਤ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਪਿੰਡ ਜਾਂ ਖੇਤਰ ਪੱਧਰ 'ਤੇ ਵਿਆਪਕ ਯੋਜਨਾਬੱਧੀ ਕਰਨ ਲਈ ਅਧਿਆਪਕਾਂ ਦੀਆਂ ਸਮੀਖਿਆ ਟੀਮਾਂ ਬਣਾਈਆਂ ਗਈਆਂ ਹਨ, ਜੋ ਕਿ ਸੂਬੇ ਦੇ ਹਰੇਕ ਸਕੂਲ ਦਾ ਦੌਰਾ ਕਰਨਗੀਆਂ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਡਾ. ਚੀਮਾ ਨੇ ਸਥਾਨਕ ਪਿੰਡ ਲੁਹਾਰਾ, ਢੰਡਾਰੀ, ਗਿਆਸਪੁਰਾ ਅਤੇ ਸ਼ੇਰਪੁਰ ਵਿਖੇ ਅਪਗ੍ਰੇਡ ਕੀਤੇ ਗਏ ਸਰਕਾਰੀ ਸਕੂਲਾਂ ਦੇ ਉਦਘਾਟਨ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਸਭ ਤੋਂ ਵਧੇਰੇ ਤਵੱਜੋਂ ਦਿੱਤੀ ਜਾ ਰਹੀ ਹੈ। ਇਸੇ ਕਰਕੇ ਹੀ ਸਰਕਾਰੀ ਸਕੂਲਾਂ, ਖਾਸ ਕਰਕੇ ਪ੍ਰਾਇਮਰੀ ਸਕੂਲਾਂ ਅਤੇ ਮੁੱਢਲੀ ਸਿੱਖਿਆ ਦਾ ਵੱਕਾਰ ਮੁੜ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਿੱਖਿਆ ਵਿਭਾਗ ਨੇ ਫੈਸਲਾ ਕੀਤਾ ਹੈ ਕਿ ਅਗਾਮੀ ਵਿਦਿਅਕ ਵਰ੍ਹੇ ਤੋਂ ਸੂਬੇ ਦੇ 6500 ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਨਰਸਰੀ ਦੀਆਂ ਜਮਾਤਾਂ ਸ਼ੁਰੂ ਕੀਤੀਆਂ ਜਾਣਗੀਆਂ। ਜਿੱਥੇ ਕਿ ਤਿੰਨ ਸਾਲ ਦੇ ਬੱਚੇ ਦਾਖ਼ਲਾ ਲੈ ਸਕਣਗੇ। ਇਸ ਪ੍ਰਸਤਾਵਿਤ ਫੈਸਲੇ ਨੂੰ ਸਫ਼ਲ ਕਰਨ ਲਈ ਪ੍ਰਾਇਮਰੀ ਸਕੂਲਾਂ ਵਿੱਚ 14000 ਹੋਰ ਅਧਿਆਪਕਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਅਗਾਮੀ ਵਿਦਿਅਕ ਵਰ੍ਹੇ ਤੋਂ ਪੰਜਾਬ ਦੇਸ਼ ਦਾ ਇਕੱਲਾ ਸੂਬਾ ਹੋਵੇਗਾ ਜਿੱਥੇ ਕਿ 100 ਫੀਸਦੀ ਅਧਿਆਪਕ ਅਤੇ ਨਰਸਰੀਆਂ ਦੀ ਜਮਾਤਾਂ ਉੱਪਲਬਧ ਹੋਣਗੀਆਂ।
ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਪਿੰਡ ਪੱਧਰ ਵਿਆਪਕ ਯੋਜਨਾਬੱਧੀ ਕੀਤੀ ਜਾ ਰਹੀ ਹੈ, ਜਿਸ ਕਰਕੇ ਵਿਭਾਗ ਵੱਲੋਂ 400 ਅਧਿਆਪਕਾਂ ਦੀਆਂ ਅਲੱਗ-ਅਲੱਗ ਟੀਮਾਂ ਬਣਾ ਦਿੱਤੀਆਂ ਹਨ, ਜੋ ਕਿ ਅਗਲੇ ਦਿਨ੍ਹਾਂ ਦੌਰਾਨ ਸਕੂਲਾਂ ਦਾ ਦੌਰਾ ਕਰਨਗੀਆਂ ਅਤੇ ਪਿੰਡ ਵਾਸੀਆਂ, ਸਕੂਲ ਪ੍ਰਬੰਧਕਾਂ ਅਤੇ ਅਧਿਆਪਕ-ਮਾਪੇ ਐਸੋਸੀਏਸ਼ਨਾਂ ਨਾਲ ਸਲਾਹ ਮਸ਼ਵਰਾ ਕਰਕੇ ਯੋਜਨਾ ਤਿਆਰ ਕਰਨਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਢੇ 9 ਸਾਲਾਂ ਦੌਰਾਨ 84 ਹਜ਼ਾਰ ਤੋਂ ਵਧੇਰੇ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ, ਜੋ ਕਿ ਇੱਕ ਰਿਕਾਰਡ ਹੈ। ਉਮੀਦ ਹੈ ਕਿ ਅਪ੍ਰੈੱਲ 2017 ਤੋਂ ਪਹਿਲਾਂ ਸਾਰੇ ਸਕੂਲਾਂ ਵਿੱਚ ਲੋੜੀਂਦੀ ਗਿਣਤੀ ਵਿੱਚ ਅਧਿਆਪਕ ਤਾਇਨਾਤ ਕਰ ਦਿੱਤੇ ਜਾਣਗੇ। ਇਨ੍ਹਾਂ ਸਾਰੇ ਉਪਰਾਲਿਆਂ ਦੇ ਨਾਲ-ਨਾਲ ਸਰਕਾਰੀ ਸਕੂਲਾਂ ਵਿੱਚ ਵਿੱਚ ਪੜਾਈ ਦਾ ਪੱਧਰ ਉੱਚਾ ਚੁੱਕਣ ਲਈ ਸਥਾਨਕ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਸੂਬੇ ਦੇ 400 ਸਰਕਾਰੀ ਹਾਈ ਸਕੂਲਾਂ ਨੂੰ ਅਪਗ੍ਰੇਡ ਕਰਕੇ ਸੀਨੀਅਰ ਸੈਕੰਡਰੀ ਅਤੇ 200 ਮਿਡਲ ਸਕੂਲਾਂ ਨੂੰ ਅਪਗ੍ਰੇਡ ਕਰਕੇ ਹਾਈ ਸਕੂਲ ਦਾ ਦਰਜਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਾਂਝੀਆਂ ਕੋਸ਼ਿਸ਼ਾਂ ਦਾ ਹੀ ਨਤੀਜਾ ਹੈ ਕਿ ਇਸ ਵਾਰ ਸਰਕਾਰੀ ਸਕੂਲਾਂ ਦਾ ਬਾਰਵੀਂ ਜਮਾਤ ਦਾ ਨਤੀਜਾ ਪ੍ਰਾਈਵੇਟ ਦੇ ਮੁਕਾਬਲੇ ਬਹੁਤ ਵਧੀਆ ਰਿਹਾ ਹੈ। ਹੁਸ਼ਿਆਰ ਬੱਚਿਆਂ ਨੂੰ ਵਧੀਆ ਉਚੇਰੀ ਸਿੱਖਿਆ ਦੇ ਕਾਬਿਲ ਬਣਾਉਣ ਦੇ ਮਕਸਦ ਨਾਲ ਖੋਲ੍ਹੇ ਗਏ 10 ਸਕੂਲਾਂ ਦੇ ਨਤੀਜੇ ਵੀ ਵਧੀਆ ਰਹੇ ਹਨ, ਜਿਸ ਦੀ ਬਦੌਲਤ 31 ਵਿਦਿਆਰਥੀਆਂ ਦਾ ਦੇਸ਼ ਦੇ ਨਾਮੀਂ ਵਿਦਿਅਕ ਅਦਾਰਿਆਂ ਵਿੱਚ ਦਾਖ਼ਲਾ ਹੋਇਆ ਹੈ। ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਸੂਬੇ ਵਿੱਚ ਇਸ ਵੇਲੇ 24 ਤੋਂ ਵਧੇਰੇ ਯੂਨੀਵਰਸਿਟੀਆਂ ਉਚੇਰੀ ਸਿੱਖਿਆ ਪ੍ਰਦਾਨ ਕਰ ਰਹੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਯੋਜਨਾਵਾਂ ਦਾ ਵੀ ਜ਼ਿਕਰ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰ. ਹੀਰਾ ਸਿੰਘ ਗਾਬੜੀਆ ਅਤੇ ਵਿਧਾਇਕ ਸ੍ਰ. ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਪੰਜਾਬ ਦੇ ਨਾਲ-ਨਾਲ ਦੇਸ਼ ਵਿੱਚ ਕੀਤੇ ਗਏ ਸਿੱਖਿਆ ਸੁਧਾਰਾਂ ਲਈ ਡਾ. ਦਲਜੀਤ ਸਿੰਘ ਚੀਮਾ ਨੂੰ ਇਤਿਹਾਸ ਵਿੱਚ ਜਾਣਿਆ ਜਾਵੇਗਾ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਪੰਜਾਬ ਦਾ ਸਿੱਖਿਆ ਢਾਂਚਾ ਪੂਰੇ ਦੇਸ਼ ਨਾਲੋਂ ਵਧੀਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਸ਼੍ਰੀਮਤੀ ਪਰਮਜੀਤ ਕੌਰ ਚਾਹਲ, ਸ੍ਰ. ਚਰਨ ਸਿੰਘ ਲੁਹਾਰਾ, ਕੌਂਸਲਰ ਸ੍ਰ. ਸਤਪਾਲ ਸਿੰਘ, ਸ੍ਰ. ਕਮਲਜੀਤ ਸਿੰਘ ਕੜਵਲ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਮਾਪੇ ਹਾਜ਼ਰ ਸਨ।