ਚੰਡੀਗੜ੍ਹ, 15 ਦਸੰਬਰ, 2016 : ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲੋਂ ਉਨਾਂ ਦੇ ਸੀਨੀਅਰ ਆਗੂਆਂ ਦੇ ਡਰੱਗ ਮਾਫੀਆ ਨਾਲ ਸਬੰਧਾਂ ਉਤੇ ਸਪਸ਼ਟੀਕਰਣ ਮੰਗਿਆ ਹੈ।
ਕੈਪਟਨ ਅਮਰਿੰਦਰ ਸਿੰਘ ਉਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਗਾਉਂਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਸੂਬੇ ਦੇ ਹੋਰਨਾਂ ਮੁੱਦਿਆਂ ਨੂੰ ਚੁੱਕਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਲੀਡਰਾਂ ਇੰਦਰਬੀਰ ਸਿੰਘ ਬੁਲਾਰੀਆ ਅਤੇ ਸਰਵਣ ਸਿੰਘ ਫਿਲੌਰ ਦੇ ਡਰੱਗ ਮਾਫੀਆ ਸਰਗਨਾ ਸਤਪ੍ਰੀਤ ਸਿੰਘ ਸੱਤਾ ਅਤੇ ਬਿੱਟੂ ਔਲਖ ਨਾਲ ਸਬੰਧਾਂ ਬਾਰੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ।
ਸੱਤਾ ਅਤੇ ਬਿੱਟੂ ਔਲਖ ਦੇ ਨਾਂਅ ਈਡੀ ਵੱਲੋਂ ਜਾਂਚ ਦੌਰਾਨ ਸਾਹਮਣੇ ਆਏ ਹਨ, ਜਿੱਥੇ ਇਹ ਉਜਾਗਰ ਹੋਇਆ ਹੈ ਕਿ ਦੋਵਾਂ ਦੇ ਪੰਜਾਬ ਦੇ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਸਣੇ ਕਈ ਨੇਤਾਵਾਂ ਨਾਲ ਡੂੰਘੇ ਸਬੰਧ ਸਨ।
ਵੜੈਚ ਨੇ ਕਿਹਾ ਕਿ ਇੱਕ ਪਾਸੇ ਤਾਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਕਰਕੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ, ਜਦਕਿ ਦੂਜੇ ਪਾਸੇ ਬੁਲਾਰੀਆ ਅਤੇ ਫਿਲੌਰ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਹੈ ਅਤੇ ਕਾਂਗਰਸ ਪਾਰਟੀ ਵੱਲੋਂ ਉਨਾਂ ਨੂੰ ਟਿਕਟ ਦੁਆਉਣ ਵਿੱਚ ਵੀ ਦਿਲਚਸਪੀ ਵਿਖਾ ਰਹੇ ਹਨ।
ਵੜੈਚ ਨੇ ਕੌਮੀ ਮੀਡੀਆ ਵਿੱਚ ਛਪੀਆਂ ਉਨਾਂ ਤਸਵੀਰਾਂ ਦਾ ਹਵਾਲਾ ਦਿੱਤਾ, ਜਿਨਾਂ ਵਿੱਚ ਬੁਲਾਰੀਆ ਅਤੇ ਫਿਲੌਰ, ਸੱਤਾ ਅਤੇ ਬਿੱਟੂ ਔਲਖ ਨਾਲ ਮੌਜੂਦ ਸਨ। ਵੜੈਚ ਨੇ ਕਿਹਾ ਕਿ ਇਨਾਂ ਤਸਵੀਰਾਂ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਅਸਲ ਚਿਹਰਾ ਉਜਾਗਰ ਹੋਇਆ ਹੈ।
ਵੜੈਚ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮਜੀਠੀਆ ਨੂੰ ਸੀਬੀਆਈ ਜਾਂਚ ਤੋਂ ਬਚਾਇਆ ਅਤੇ ਹੁਣ ਉਹ ਬੁਲਾਰੀਆ ਅਤੇ ਫਿਲੌਰ ਨੂੰ ਟਿਕਟਾਂ ਦੇਣਾ ਚਾਹੁੰਦੇ ਹਨ, ਜੋ ਕਿ ਪੰਜਾਬ ਵਿੱਚ ਡਰੱਗ ਮਾਫੀਆ ਦੇ ਬਹੁਤ ਕਰੀਬੀ ਹਨ।
ਵੜੈਚ ਨੇ ਪੰਜਾਬ ਦੇ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਬਚਾਉਣ ਲਈ ਸੁਖਬੀਰ ਸਿੰਘ ਬਾਦਲ ਦੀ ਵੀ ਨਿੰਦਾ ਕੀਤੀ, ਜਿਨਾਂ ਉਤੇ ਡਰੱਗ ਤਸਕਰੀ ਦੇ ਦੋਸ਼ ਹੋਰ ਕਿਸੇ ਨੇ ਨਹੀਂ, ਬਲਕਿ ਡਰੱਗ ਸਰਗਨਾ ਅਤੇ ਸਾਬਕਾ ਡੀਐਸਪੀ ਜਗਦੀਸ਼ ਭੋਲਾ ਨੇ ਲਗਾਏ ਸਨ।