ਚੰਡੀਗੜ੍ਹ, 26 ਦਸੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਨੇ 9 ਸੂਤਰੀ ਏਜੰਡੇ ਦਾ ਐਲਾਨ ਕਰਕੇ ਜਿੱਥੇ ਪਾਰਟੀ ਦੇ ਚੋਣ ਮੈਨੀਫੈਸਟੋ ਦੀ ਮਰਿਆਦਾ ਨੂੰ ਭੰਗ ਕੀਤਾ ਹੈ, ਉੱਥੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੂੰ ਵੀ ਖੂੰਜੇ ਲਾਉਣ ਦੀ ਕੋਸ਼ਿਸ਼ ਕੀਤੀ ਹੈ।
ਇਹ ਸ਼ਬਦ ਲੋਕ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ਼ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਬੀਬੀ ਭੱਠਲ ਨੂੰ ਆ ਰਹੀਆਂ ਚੋਣਾਂ ਵਾਸਤੇ ਬਣਾਈ ਮੈਨੀਫੈਸਟੋ ਕਮੇਟੀ ਦੀ ਚੇਅਰਪਰਸਨ ਥਾਪਿਆ ਹੋਇਆ ਹੈ। ਉਹਨਾਂ ਵੱਲੋਂ ਹਾਈਕਮਾਂਡ ਨੂੰ ਮੈਨੀਫੈਸਟੋ ਦੀ ਰਿਪੋਰਟ ਦਿੱਤੀ ਜਾਣੀ ਹੈ, ਜਿਸ ਦੇ ਪਾਸ ਹੋਣ ਮਗਰੋਂ ਪਾਰਟੀ ਵੱਲੋਂ ਜਨਵਰੀ ਦੇ ਅੱਧ ਤਕ ਰਸਮੀ ਤੌਰ ਤੇ ਮੈਨੀਫੈਸਟੋ ਦਾ ਐਲਾਨ ਕੀਤਾ ਜਾਵੇਗਾ।
ਪਰੰਤੂ ਅਮਰਿੰਦਰ ਸਿੰਘ ਨੇ ਪਾਰਟੀ ਦੇ ਅਨੁਸਾਸ਼ਨ ਨੂੰ ਭੰਗ ਕਰਦੇ ਹੋਏ ਖੁਦ ਹੀ ਪਾਰਟੀ ਵਾਸਤੇ ਏਜੰਡਾ ਤੈਅ ਕਰ ਦਿੱਤਾ ਹੈ ਅਤੇ ਪਿਛਲੇ ਕੁੱਝ ਮਹੀਨਿਆਂ ਦੌਰਾਨ ਇਸ ਦੀ ਨਿੱਕੇ ਨਿੱਕੇ ਟੁਕੜਿਆਂ ਵਿਚ ਘੋਸ਼ਣਾ ਵੀ ਕਰ ਦਿੱਤੀ ਹੈ। ਇਸ ਨਾਲ ਪਾਰਟੀ ਵੱਲੋਂ ਜਾਰੀ ਕੀਤੇ ਜਾਣ ਵਾਲੇ ਚੋਣ ਮੈਨੀਫੈਸਟੋ ਦੀ ਮਰਿਆਦਾ ਭੰਗ ਹੋ ਗਈ ਹੈ।
ਸ਼ ਚੰਦੂਮਾਜਰਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਅਮਰਿੰਦਰ ਕਿਸਾਨਾਂ ਨੂੰ ਕਰਜ਼ਾ ਮੁਆਫੀ, ਨੌਜਵਾਨਾਂ ਨੂੰ ਨੌਕਰੀਆਂ, ਬੇਰੁਜ਼ਗਾਰੀ ਭੱਤਾ ਅਤੇ ਸਮਾਰਟ ਫੋਨ ਦੇਣ ਦੇ ਵਾਅਦੇ ਕਰ ਚੁੱਕਿਆ ਹੈ। ਹੁਣ ਉਸ ਨੇ ਔਰਤਾਂ ਲਈ ਰਾਂਖਵਾਂਕਰਨ ਅਤੇ ਹੋਰ ਤੋਹਫੇ ਦੇਣ ਦਾ ਵਾਅਦਾ ਕੀਤਾ ਹੈ। ਉਹਨਾਂ ਕਿਹਾ ਕਿ ਕੋਈ ਨਹੀਂ ਜਾਣਦਾ ਕਿ ਇਹ ਸਭ ਗੱਲਾਂ ਕਾਂਗਰਸ ਦੇ ਚੋਣ ਮੈਨੀਫੈਸਟੋ ਦਾ ਹਿੱਸਾ ਵੀ ਹਨ ਜਾਂ ਨਹੀਂ। ਪਰ ਵੱਧ ਤੋਂ ਵੱਧ ਸ਼ੋਹਰਤ ਹਾਸਿਲ ਕਰਨ ਲਈ ਅਮਰਿੰਦਰ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਰੇ ਲਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਅਮਰਿੰਦਰ ਦੀਆਂ ਗੱਲਾਂ ਉੱਤੇ ਯਕੀਨ ਨਹੀਂ ਕਰ ਰਹੇ, ਕਿਉਂਕਿ ਉਹ ਜਾਣਦੇ ਹਨ ਕਿ ਮਹਾਰਾਜੇ ਨੇ ਕਦੇ ਵੀ ਆਪਣੇ ਵਾਅਦੇ ਪੂਰੇ ਨਹੀਂ ਕੀਤੇ।