ਚੰਡੀਗੜ੍ਹ, 2 ਜਨਵਰੀ, 2017 : ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਨੇ ਅਰਦਾਸ ਬਾਰੇ ਬੇਤੁਕੀ ਬਿਆਨਬਾਜ਼ੀ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ। ਉਸ ਨੇ ਸਿਆਸਤਦਾਨਾਂ ਵੱਲੋਂ ਧਰਮ ਦੀ ਦੁਰਵਰਤੋਂ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਦੀ ਗਲਤ ਅਤੇ ਬੇਤੁਕੀ ਵਿਆਖਿਆ ਕਰਕੇ ਗੁਰਦੁਆਰਿਆਂ ਦੇ ਅੰਦਰ ਜਾਂ ਗੁਰਦੁਆਰਿਆਂ ਤੋਂ ਬਾਹਰ ਅਰਦਾਸ ਕਰਨ ਵਾਲੇ ਸਿੱਖਾਂ ਦਾ ਅਪਮਾਨ ਕੀਤਾ ਹੈ।
ਇਹ ਸ਼ਬਦ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਅਮਰਿੰਦਰ ਦੁਆਰਾ ਅਰਦਾਸ ਉੱਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ ਦੀ ਆਲੋਚਨਾ ਕਰਦਿਆਂ ਕਿਹਾ ਕਿ ਮਹਾਰਾਜੇ ਨੇ ਸਿਰਫ ਅਕਾਲੀਆਂ ਉੱਤੇ ਹੀ ਨਹੀਂ, ਸਗੋਂ ਉਹਨਾਂ ਸਾਰੇ ਸਿਆਸਤਦਾਨਾਂ ਉੱਤੇ ਵੀ ਉਂਗਲੀ ਉਠਾਈ ਹੈ, ਜਿਹੜੇ ਕੋਈ ਵੀ ਵੱਡਾ ਕੰਮ ਕਰਨ ਤੋਂ ਪਹਿਲਾਂ ਪ੍ਰਮਾਤਮਾ ਜਾਂ ਵਾਹਿਗੁਰੂ ਅੱਗੇ ਅਰਦਾਸ ਕਰਕੇ ਆਸ਼ੀਰਵਾਦ ਮੰਗਦੇ ਹਨ।
ਸ਼ ਚੀਮਾ ਅਮਰਿੰਦਰ ਸਿੰਘ ਦੇ ਉਸ ਬਿਆਨ ਉੱਤੇ ਟਿੱਪਣੀ ਕਰ ਰਹੇ ਸਨ, ਜਿਸ ਵਿਚ ਉਸ ਨੇ ਅਕਾਲੀਆਂ ਵੱਲੋਂ ਲੋਕਾਂ ਨੂੰ ਵੋਟ ਪਾਉਣ ਵਾਸਤੇ ਕਹਿਣ ਮੌਕੇ ਗੁਰਦੁਆਰਿਆਂ ਤੋਂ ਬਾਹਰ ਕੀਤੀ ਜਾਂਦੀ ਅਰਦਾਸ ਉੱਤੇ ਇਤਰਾਜ਼ ਪ੍ਰਗਟ ਕਰਦੇ ਹੋਏ ਕਿਹਾ ਸੀ ਕਿ ਅਕਾਲੀਆਂ ਨੂੰ ਅਜਿਹਾ ਕਰਦੇ ਹੋਏ ਸ਼ਰਮ ਆਉਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਅਮਰਿੰਦਰ ਦੇ ਬਿਆਨ ਤੋਂ ਇਹ ਸੰਕੇਤ ਮਿਲਦਾ ਹੈ ਕਿ ਉਹ ਚੋਣ ਕਮਿਸ਼ਨ ਕੋਲ ਪਹੁੰਚ ਕਰਕੇ ਇਹ ਵੀ ਕਹਿ ਸਕਦਾ ਹੈ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਉਮੀਦਵਾਰਾਂ ਦੇ ਅਰਦਾਸ ਕਰਨ ਉੱਤੇ ਪਾਬੰਦੀ ਲਗਾ ਦਿੱਤੀ ਜਾਵੇ। ਉਹ ਉਮੀਦਵਾਰਾਂ ਦੁਆਰਾਂ ਆਖੰਡ ਪਾਠ ਕਰਵਾਏ ਜਾਣ ਉਤੇ ਵੀ ਪਾਬੰਦੀ ਲਾਉਣ ਲਈ ਕਹੇਗਾ। ਉਹ ਸ਼ਰੇਆਮ ਸਿੱਖੀ ਉੱਤੇ ਹਮਲਾ ਕਰ ਰਿਹਾ ਹੈ।
ਸ਼ ਚੀਮਾ ਨੇ ਕਿਹਾ ਕਿ ਇਸ ਤੋਂ ਸਾਫ ਝਲਕਦਾ ਹੈ ਕਿ ਅਮਰਿੰਦਰ ਰਾਹੁਲ ਗਾਂਧੀ ਦੇ ਸਿੱਖ ਵਿਰੋਧੀ ਏਜੰਡੇ ਨੂੰ ਅੱਗੇ ਵਧਾ ਰਿਹਾ ਹੈ। ਉਹਨਾਂ ਅਮਰਿੰਦਰ ਨੂੰ ਸਵਾਲ ਕੀਤਾ ਕਿ ਉਹ ਖੁਦ ਅਰਦਾਸ ਦੇ ਖਿਲਾਫ ਹੈ ਜਾਂ ਫਿਰ ਰਾਹੁਲ ਗਾਂਧੀ ਦੀਆਂ ਭਾਵਨਾਵਾਂ ਲੋਕਾਂ ਤਾਂਈ ਪਹੁੰਚਾ ਰਿਹਾ ਹੈ?
ਉਹਨਾਂ ਕਿਹਾ ਕਿ ਅਮਰਿੰਦਰ ਅਕਾਲੀਆਂ ਵੱਲੋਂ ਅਰਦਾਸ ਕੀਤੇ ਜਾਣ ਦੇ ਖਿਲਾਫ ਹੈ ਜਾਂ ਅਰਦਾਸ ਦੇ ਹੀ ਖਿਲਾਫ ਹੈ? ਜੇਕਰ ਉਹ ਅਰਦਾਸ ਦੇ ਖਿਲਾਫ ਹੈ ਤਾਂ ਉਸ ਨੂੰ ਇਹ ਹੁਕਮ ਜਾਰੀ ਕਰਨਾ ਚਾਹੀਦਾ ਹੈ ਕਿ ਚੋਣਾਂ ਤੋਂ ਪਹਿਲਾਂ ਕੋਈ ਵੀ ਕਾਂਗਰਸੀ ਉਮੀਦਵਾਰ ਕਿਸੇ ਗੁਰਦੁਆਰੇ ਜਾਂ ਮੰਦਿਰ ਵਿਚ ਜਾ ਕੇ ਅਰਦਾਸ ਜਾਂ ਪ੍ਰਾਰਥਨਾ ਨਾ ਕਰੇ। ਉਹਨਾਂ ਕਿਹਾ ਕਿ ਹੁਣ ਤੀਕ ਤਾਂ ਸਾਰੇ ਹੀ ਧਰਮਾਂ ਦੇ ਸਿਆਸਤਦਾਨ ਆਪਣੇ ਧਾਰਮਿਕਾਂ ਸਥਾਨਾਂ ਉੱਤੇ ਜਾ ਕੇ ਆਪਣੀ ਕਾਮਯਾਬੀ ਲਈ ਅਰਦਾਸਾਂ ਕਰਦੇ ਹਨ ਅਤੇ ਆਸ਼ੀਰਵਾਦ ਲੈਂਦੇ ਹਨ।
ਉਹਨਾਂ ਅਮਰਿੰਦਰ ਨੂੰ ਕਿਹਾ ਕਿ ਉਹ ਅਜਿਹੀ ਬੇਤੁਕੀ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਇਤਿਹਾਸ ਵੱਲ ਝਾਤ ਮਾਰ ਕੇ ਜਾਣ ਲਵੇ ਕਿ ਚੋਣਾਂ ਤੋਂ ਪਹਿਲਾਂ ਇੰਦਰਾ ਗਾਂਧੀ ਵੀ ਵੱਖ ਵੱਖ ਮੰਦਿਰਾਂ ਵਿਚ ਜਾ ਕੇ ਪ੍ਰਾਰਥਨਾਵਾਂ ਕਰਦੀ ਹੁੰਦੀ ਸੀ। ਉਹਨਾਂ ਕਿਹਾ ਕਿ ਤਾਂ ਕੀ ਇੰਦਰਾ ਗਾਂਧੀ ਹਿੰਦੂਆਂ ਤੋਂ ਆਪਣੀ ਪਾਰਟੀ ਲਈ ਵੋਟਾਂ ਮੰਗ ਕੇ ਚੋਣ ਨਿਯਮਾਂ ਦੀ ਉਲੰਘਣਾ ਕਰਦੀ ਹੁੰਦੀ ਸੀ?