ਜਗਰਾਓਂ (ਲੁਧਿਆਣਾ), 11 ਦਸੰਬਰ, 2016 : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਆਰਥਿਕਤਾ ਨੂੰ ਉਚਾ ਚੁੱਕਣ ਲਈ ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਦਾ ਵਾਅਦਾ ਕੀਤਾ। ਜਗਰਾਓਂ ਵਿਖੇ ਪ੍ਰੋਗਰੈਸਿਵ ਡੇਅਰੀ ਫਾਰਮਰ ਐਸੋਸੀਏਸ਼ਨ ਵੱਲੋਂ ਕਰਵਾਏ ਸਲਾਨਾ ਪਸ਼ੂ ਮੇਲੇ ਵਿੱਚ ਬੋਲਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਬੇਰੋਜਗਾਰੀ ਨੂੰ ਖਤਮ ਕਰਨ ਲਈ ਡੇਅਰੀ ਫਾਰਮਿੰਗ ਪ੍ਰਮੁੱਖ ਕਿੱਤਾ ਰਹੇਗਾ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗਠਨ ਮਗਰੋਂ ਡੇਅਰੀ ਦਾ ਕੰਮ ਕਰਨ ਵਾਲੇ ਕਿਸਾਨਾਂ ਨੂੰ ਵਿਆਜ ਰਹਿਤ ਕਰਜਾ ਦਿੱਤਾ ਜਾਵੇਗਾ।
ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਵੱਖ-ਵੱਖ ਸਟਾਲਾਂ ਦਾ ਦੌਰਾ ਕੀਤਾ ਅਤੇ ਪੀਡੀਐਫਏ ਵੱਲੋਂ ਸੂਬੇ ਵਿੱਚ ਡੇਅਰੀ ਦਾ ਕੰਮ ਕਰਨ ਵਾਲੇ ਕਿਸਾਨਾਂ ਲਈ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਮੇਲੇ ਵਿੱਚ ਲੋਕਾਂ ਦਾ ਬਹੁਤ ਵੱਡਾ ਇਕੱਠ ਵੇਖ ਕੇ ਅਰਵਿੰਦ ਕੇਜਰੀਵਾਲ ਬਹੁਤ ਖੁਸ਼ ਹੋਏ ਅਤੇ ਉਨਾਂ ਵਾਅਦਾ ਕੀਤਾ ਕਿ ਜਿਹੜੇ ਵਿਦਿਆਰਥੀ ਡੇਅਰੀ ਫਾਰਮਿੰਗ ਨੂੰ ਕਿੱਤੇ ਵਜੋਂ ਚੁਣਨਾ ਚਾਹੁੰਦੇ ਹਨ, ਉਨਾਂ ਨੂੰ ਸਿੱਖਿਆ ਕਰਜ ਮੁਹੱਈਆ ਕਰਵਾਇਆ ਜਾਵੇਗਾ।
ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਡੇਅਰੀ ਫਾਰਮਿੰਗ ਵਿੱਚ ਮੱਲਾਂ ਮਾਰਨ ਵਾਲੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ। ਉਨਾਂ ਕਿਹਾ ਕਿ ਡੇਅਰੀ ਫਾਰਮਿੰਗ ਦੇ ਕਾਰੋਬਾਰ ਵਿੱਚ ਰੋਜਗਾਰ ਪੈਦਾ ਕਰਨ ਦੀ ਸਮਰੱਥਾ ਹੈ ਅਤੇ ਇਸੇ ਕਰਕੇ ਹੀ ਉਨਾਂ ਨੇ ਪੀਡੀਐਫਏ ਉਤੇ ਵਿਸ਼ਵਾਸ ਜਤਾਉਂਦਿਆਂ ਉਨਾਂ ਦੇ ਤਿੰਨ ਮੈਂਬਰਾਂ ਨੂੰ ਐਮਐਲਏ ਦੀਆਂ ਟਿਕਟਾਂ ਨਾਲ ਨਵਾਜਿਆ ਹੈ।
ਇਸ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਪੀਡੀਐਫ ਦੇ ਪ੍ਰਧਾਨ ਦਲਜੀਤ ਸਿੰਘ ਸੱਧਰਪੁਰ ਨੇ ਦੱਸਿਆ ਕਿ ਕਿਸ ਤਰਾਂ ਬਾਦਲ ਸਰਕਾਰ ਨੇ ਭ੍ਰਿਸ਼ਟਾਚਾਰ ਅਤੇ ਵਿਰੋਧੀ ਨੀਤੀਆਂ ਅਪਣਾ ਕੇ ਡੇਅਰੀ ਦੇ ਕਾਰੋਬਾਰ ਨੂੰ ਬਰਬਾਦ ਕੀਤਾ ਹੈ। ਇਸ ਮੌਕੇ ਉਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਚਐਸ ਫੂਲਕਾ, ਕੈਪਟਨ ਜੀਐਸ ਕੰਗ ਅਤੇ ਸਰਬਜੀਤ ਕੌਰ ਮਾਣੂਕੇ ਵੀ ਮੌਜੂਦ ਸਨ।