ਨਵੀਂ ਦਿੱਲੀ, 7 ਦਸੰਬਰ, 2016 : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਵੇਂ ਪ੍ਰਕਾਸ਼ ਪੁਰਬ ਮੌਕੇ ਪਟਨਾ ਸਾਹਿਬ ਤੋਂ ਆਈ ਜਾਗ੍ਰਿਤੀ ਯਾਤਰਾ ਦਾ ਦਿੱਲੀ ਵਿਖੇ ਭਰਵਾ ਸਵਾਗਤ ਹੋ ਰਿਹਾ ਹੈ। ਸੋਨੀਪਤ ਦੇ ਰਸਤੇ ਦਿੱਲੀ ਆਉਣ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੰਧੂ ਬਾਰਡਰ ’ਤੇ ਜੋਰਦਾਰ ਸਵਾਗਤ ਕੀਤਾ ਗਿਆ। ਯਾਤਰਾ ਦੇ ਰਾਤ ਨੂੰ ਗੁਰਦੁਆਰਾ ਮਜਨੂੰ ਕਾ ਟਿੱਲਾ ਸਾਹਿਬ ਵਿਖੇ ਰਾਤ੍ਰੀ ਵਿਸ਼ਰਾਮ ਕਰਨ ਉਪਰੰਤ ਗੁਰਦੁਆਰਾ ਰਕਾਬਗੰਜ ਸਾਹਿਬ ਲਈ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਰਵਾਨਾ ਕੀਤਾ।
ਤਿੰਨ ਦਿਨਾਂ ਦੀ ਦਿੱਲੀ ਫੇਰੀ ਦੌਰਾਨ ਯਾਤਰਾ ਉੱਤਰੀ, ਸੈਂਟਰਲ, ਪੱਛਮੀ, ਦੱਖਣੀ ਦਿੱਲੀ ਤੋਂ ਹੁੰਦੀ ਹੋਈ ਜਮੁਨਾਪਾਰ ਦੀ ਕਾਲੌਨੀਆਂ ਤੋਂ ਨਿਕਲ ਕੇ ਯੂ.ਪੀ. ਵਿਖੇ ਪ੍ਰਵੇਸ ਕਰੇਗੀ। ਜੀ.ਕੇ. ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਰਧ ਸ਼ਤਾਬਦੀ ਪ੍ਰਕਾਸ਼ ਪੁਰਬ ਨੂੰ ਮਨਾਉਣ ਵਾਸਤੇ ਦਿੱਲੀ ਦੀ ਸੰਗਤ ਵਿਚ ਗਜ਼ਬ ਦਾ ਉਤਸਾਹ ਹੈ। ਇਸ ਕਰਕੇ ਦਿੱਲੀ ਕਮੇਟੀ ਵੱਲੋਂ ਵੱਡੇ ਪੱਧਰ ’ਤੇ ਸ਼ਤਾਬਦੀ ਸਮਾਗਮਾਂ ਨੂੰ ਮਨਾਉਣ ਦੀ ਤਿਆਰੀ ਕੀਤੀ ਗਈ ਹੈ।
ਜੀ.ਕੇ. ਨੇ ਕਿਹਾ ਕਿ ਅਸਲੀ ਜਾਗ੍ਰਿਤੀ ਸਾਡੇ ਵਿਚ ਤਾਂ ਆਵੇਗੀ ਜਦੋਂ ਅਸੀਂ ਆਪਣੀ ਸੋਚ ਦੀ ਬਜਾਏ ਗੁਰੂ ਸਾਹਿਬ ਜੀ ਦੀ ਸੋਚ ’ਤੇ ਪਹਿਰਾ ਦੇਣ ਦਾ ਯਤਨ ਕਰਾਂਗੇ। ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਜਾਂ ਸ਼ਹੀਦੀ ਦਿਹਾੜੇ ਦੀ ਸ਼ਤਾਬਦੀ ਜਾਂ ਅਰਧ ਸ਼ਤਾਬਦੀ ਮਨਾਉਣ ਦਾ ਅਸਲੀ ਮਕਸਦ ਲੰਗਰ ਦੇ ਸਟਾਲ ਜਾਂ ਗੁਰਬਾਣੀ ਕੀਰਤਨ ਕਰਨਾ ਹੀ ਨਹੀਂ ਹੁੰਦਾ ਸਗੋਂ ਗੁਰੂ ਸਾਹਿਬ ਦੇ ਸਿੱਧਾਂਤਾ ਨੂੰ ਆਪਣੇ ਮਨ ਵਿਚ ਵਸਾ ਕੇ ਹੀ ਸ਼ਤਾਬਦੀ ਸਮਾਗਮਾਂ ਨੂੰ ਨਾ ਕੇਵਲ ਯਾਦਗਾਰੀ ਬਣਾਇਆ ਜਾ ਸਕਦਾ ਹੈ ਸਗੋਂ ਜਾਗ੍ਰਿਤੀ ਦੇ ਅਸਲ ਮਨੋਰਥ ਦੀ ਵੀ ਪੂਰਤੀ ਕੀਤੀ ਜਾ ਸਕਦੀ ਹੈ।
ਦੂਜੇ ਦਿਨ ਯਾਤਰਾ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਮੋਤੀ ਬਾਗ ਸਾਹਿਬ ਲਈ ਪੱਛਮੀ ਦਿੱਲੀ ਦੇ ਬਹੁ ਸਿੱਖ ਵਸੋਂ ਵਾਲੇ ਇਲਾਕੇ ’ਚੋਂ ਹੁੰਦੀ ਹੋਈ ਨਿਕਲੀ। ਜਿਸ ਕਰਕੇ ਸੰਗਤਾਂ ਨੇ ਪਾਲਕੀ ਸਾਹਿਬ ਦੇ ਥਾਂ-ਥਾਂ ਤੇ ਦਰਸ਼ਨ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆਪਣਾ ਅਕੀਦਾ ਭੇਂਟ ਕੀਤਾ। ਇਸ ਮੌਕੇ ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕਮੇਟੀ ਮੈਂਬਰ ਚਮਨ ਸਿੰਘ, ਜਸਬੀਰ ਸਿੰਘ ਜੱਸੀ, ਹਰਵਿੰਦਰ ਸਿੰਘ ਕੇ.ਪੀ. ਆਦਿਕ ਮੋਜੂਦ ਸਨ।