ਜਲੰਧਰ, 28 ਦਸੰਬਰ, 2016 : ਪੰਜਾਬ ਵਿਧਾਨ ਸਭਾ ਚੋਣਾਂ 2017 ਦੀਆਂ ਤਿਆਰੀਆਂ ਦੇ ਮੱਦੇਨਜ਼ਰ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ਼੍ਰੀ ਕਮਲ ਕਿਸ਼ੋਰ ਯਾਦਵ ਵਲੋਂ ਅੱਜ ਜਲੰਧਰ ਦਿਹਾਤੀ ਦੇ ਐਸ.ਐਸ.ਪੀ. ਸ੍ਰੀ ਸੁਖਮਿੰਦਰ ਸਿੰਘ ਮਾਨ ਸਮੇਤ ਜਿਲ੍ਹੇ ਦੇ ਸਮੂਹ ਰਿਟਰਨਿੰਗ ਅਫਸਰਾਂ, ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।
ਮੀਟਿੰਗ ਦੌਰਾਨ ਸ੍ਰੀ ਯਾਦਵ ਨੇ ਰਿਟਰਨਿੰੰਗ ਅਫਸਰਾਂ ਨੂੰ ਕਿਹਾ ਕਿ ਉਹ ਵੋਟਰ ਸੂਚੀ ਦੀ 5 ਜਨਵਰੀ ਨੂੰ ਹੋਣ ਵਾਲੀ ਅੰਤਿਮ ਪ੍ਰਕਾਸ਼ਨਾ ਦੇ ਮੱਦੇਨਜ਼ਰ ਬਿਨੈਕਾਰਾਂ ਵਲੋਂ ਪ੍ਰਾਪਤ ਹੋਏ ਦਾਅਵੇ ਤੇ ਇਤਰਾਜ਼ਾਂ ਬਾਰੇ ਫੈਸਲਾ ਤੁਰੰਤ ਕਰਨ ਤਾਂ ਜੋ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਨਿਰਧਾਰਿਤ ਸਮੇਂ 'ਤੇ ਹੋ ਸਕੇ।
ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਇਸ ਵਾਰ ਸਿਆਸੀ ਪਾਰਟੀਆਂ ਨੂੰ ਲਾਊਡ ਸਪੀਕਰਾਂ , ਰੈਲੀਆਂ ਆਦਿ ਕਰਨ ਲਈ ਮਨਜ਼ੂਰੀ ਦੇਣ ਲਈ ਸਿੰਗਲ ਵਿੰਡੋ ਵਿਵਸਥਾ ਲਾਗੂ ਕੀਤੀ ਗਈ ਹੈ। ਇਸ ਤੋਂ ਇਲਾਵਾ ਚੋਣ ਕਮਿਸ਼ਨ ਵਲੋਂ 'ਸਮਾਧਾਨ' ਤੇ 'ਸੁਵਿਧਾ' ਵਰਗੀਆਂ ਮੋਬਾਇਲ ਐਪਲੀਕੇਸ਼ਨਾਂ ਵੀ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਮਾਧਾਨ ਮੋਬਾਇਲ ਐਪਲੀਕੇਸ਼ਨ ਰਾਹੀਂ ਚੋਣ ਸਬੰਧੀ ਕਿਸੇ ਵੀ ਕਿਸਮ ਦੀ ਸ਼ਿਕਾਇਤ ਦਰਜ ਕਰਵਾਈ ਜਾ ਸਕੇਗੀ ਜਦਕਿ 'ਸਮਾਧਾਨ' ਐਪਲੀਕੇਸ਼ਨ ਰਾਹੀਂ ਹਰ ਤਰ੍ਹਾਂ ਦੀ ਮਨਜ਼ੂਰੀ ਪ੍ਰਾਪਤ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਐਪਲੀਕੇਸ਼ਨਾਂ ਦੀ ਵਰਤੋਂ ਬਾਰੇ ਰਿਟਰਨਿੰੰਗ ਅਫਸਰਾਂ ਤੇ ਪੁਲਿਸ ਅਧਿਕਾਰੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ।
ਸ੍ਰੀ ਯਾਦਵ ਨੇ ਕਿਹਾ ਕਿ ਉਮੀਦਵਾਰਾਂ ਦੀ ਹਰ ਚੋਣ ਗਤੀਵਿਧੀ ਦੀ ਵੀਡੀਓਗ੍ਰਾਫੀ ਹੋਵੇਗੀ, ਜਿਸ ਲਈ ਰਿਟਰਨਿੰਗ ਅਫਸਰਾਂ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਸ੍ਰੀ ਯਾਦਵ ਨੇ ਕਿਹਾ ਕਿ ਪੁਲਿਸ ਅਧਿਕਾਰੀ ਸਮੇਂ ਸਿਰ ਲਾਇਸੈਂਸੀ ਹਥਿਆਰਾਂ ਦਾ ਜਮ੍ਹਾਂ ਹੋਣਾ ਯਕੀਨੀ ਬਣਾਉਣ ਤੇ ਨਾਲ ਹੀ ਗੜਬੜੀ ਪੈਦਾ ਕਰਨ ਵਾਲੇ ਸੰਭਾਵੀ ਸ਼ਰਾਰਤੀ ਅਨਸਰਾਂ ਤੇ ਭਗੌੜਿਆਂ ਨੂੰ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢੀ ਜਾਵੇ ਤਾਂ ਜੋ ਚੋਣ ਪ੍ਰਕ੍ਰਿਆ ਅਮਨ ਅਮਾਨ ਨਾਲ ਨੇਪਰੇ ਚਾੜ੍ਹੀ ਜਾ ਸਕੇ।
ਸ੍ਰੀ ਯਾਦਵ ਨੇ ਇਹ ਵੀ ਕਿਹਾ ਕਿ ਪੋਲਿੰਗ ਬੂਥਾਂ 'ਤੇ ਕਰੜੀ ਨਿਗਰਾਨੀ ਰੱਖਣ ਲਈ ਵੈਬ ਕਾਸਟਿੰਗ ਦਾ ਪ੍ਰਬੰਧ ਕੀਤਾ ਗਿਆ ਹੈ , ਜਿਸ ਵਿਚ ਕਾਲਜਾਂ ਦੇ ਵਿਦਿਆਰਥੀਆਂ ਨੂੰ ਭਾਗੀਦਾਰ ਬਣਾਇਆ ਗਿਆ ਹੈ। ਵੈਬਕਾਸਟਿੰਗ ਰਾਹੀਂ ਪੋਲਿੰਗ ਬੁੂਥ 'ਤੇ ਹੋ ਰਹੀ ਹਰ ਗਤੀਵਿਧੀ ਬਾਰੇ ਜਿਲ੍ਹਾ ਪੱਧਰੀ ਕੰਟਰੋਲ ਰੂਮ ਰਾਹੀਂ ਨਜ਼ਰ ਰੱਖੀ ਜਾਵੇਗੀ । ਮੀਟਿੰਗ ਦੌਰਾਨ ਜਿਲ੍ਹੇ ਦੇ ਸਮੂਹ ਰਿਟਰਨਿੰਗ ਅਫਸਰ, ਪੁਲਿਸ ਅਧਿਕਾਰੀ ਤੇ ਸਿਵਲ ਪ੍ਰਸ਼ਾਸ਼ਨ ਦੇ ਵੱਖ-ਵੱਖ ਵਿਭਾਗਾਂ ਦੇ ਜਿਲ੍ਹਾ ਮੁਖੀ ਹਾਜ਼ਰ ਸਨ।