ਚੰਡੀਗੜ੍ਹ, 22 ਦਸੰਬਰ, 2016 : ਪੰਜਾਬ ਕਾਂਗਰਸ ਵਿਧਾਈ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋੀ ਆਪਣੇ ਕਾਰਜਕਾਲ ਦੇ ਅਖੀਰ 'ਚ ਵੱਡੇ ਪੱਧਰ 'ਤੇ ਨਿਯੁਕਤੀਆਂ ਕਰਨ ਦੇ ਫੈਸਲੇ 'ਤੇ ਵਰਦਿਆਂ ਕਿਹਾ ਹੈ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਉਹ ਪਹਿਲਾਂ ਹੀ ਹਾਰ ਮੰਨ ਚੁੱਕੇ ਹਨ। ਉਨਾਂ ਨੇ ਕਿਹਾ ਹੈ ਕਿ ਸੱਤਾਧਾਰੀ ਪਾਰਟੀ ਦੇ ਕਈ ਆਗੂਆਂ ਨੂੰ ਚੋਣ ਕਮਿਸ਼ਨ ਸਮੇਤ ਵੱਖ ਵੱਖ ਬੋਰਡਾਂ, ਕਾਰਪੋਰੇਸ਼ਨਾ ਤੇ ਹੋਰ ਬਾਡੀਆਂ 'ਚ ਸ਼ਾਮਿਲ ਕੀਤਾ ਗਿਆ ਹੈ। ਇਥੋਂ ਤੱਕ ਕਿ ਆਪਣੇ ਖਾਸ ਵਿਅਕਤੀਆਂ ਨੂੰ ਏਡਜਸਟ ਕਰਨ ਵਾਸਤੇ ਬਾਦਲ ਸਰਕਾਰ ਨੇ ਸੀਵਰੇਜ ਬੋਰਡ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਵਰਗੀਆਂ ਕਈ ਸੰਸਥਾਵਾਂ 'ਚ ਸੀਨੀਅਰ ਵਾਈਸ ਚੇਅਰਮੈਨ ਵਰਗੇ ਨਵੇਂ ਅਹੁਦੇ ਸਥਾਪਤ ਕਰ ਦਿੱਤੇ ਹਨ। ਸਾਫ ਤੌਰ 'ਤੇ ਇਹ ਸਿਆਸੀ ਨਿਯੁਕਤੀਆਂ ਕਰਨ ਲਈ ਕੀਤਾ ਗਿਆ ਹੈ, ਜਿਹੜੀਆਂ ਇਸ ਦੀਵਾਲੀਆ ਸਰਕਾਰ ਦੇ ਖਜ਼ਨੇ ਉਪਰ ਸਿਰਫ ਗੈਰ ਲੋੜੀਂਦਾ ਬੋਝ ਪਾਉਣਗੀਆਂ।
ਉਨਾਂ ਨੇ ਸਪੱਸ਼ਟ ਕੀਤਾ ਹੈ ਕਿ ਫਰਵਰੀ 2017 ਵਿਧਾਨ ਸਭਾ ਚੋਣਾਂ ਦੌਰਾਨ 'ਚ ਸੱਤਾ 'ਚ ਆਉਣ ਤੋਂ ਬਾਅਦ ਕਾਂਗਰਸ ਇਨਾਂ ਸਾਰੀਆਂ ਸਿਆਸੀ ਨਿਯੁਕਤੀਆਂ ਦੀ ਸਮੀਖਿਆ ਕਰੇਗੀ, ਜਦਕਿ ਇਸ ਸਰਕਾਰ ਕੋਲ ਅਜਿਹੇ ਫੈਸਲੇ ਲੈਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ, ਕਿਉਂਕਿ ਚੋਣ ਜਾਬਤਾ ਕਿਸੇ ਵੀ ਵਕਤ ਲਾਗੂ ਹੋ ਸਕਦਾ ਹੈ। ਚੰਨੀ ਨੇ ਕਿਹਾ ਹੈ ਕਿ ਇਹ ਜ਼ਲਦਬਾਜੀ ਉਸ ਸੱਚਾਈ ਵੱਲ ਇਸ਼ਾਰਾ ਕਰਦੀ ਹੈ ਕਿ ਬਾਦਲ ਤੇ ਉਨਾਂ ਦੀ ਪਾਰਟੀ ਪਹਿਲਾਂ ਹੀ ਆਪਣੀ ਹਾਰ ਸਵੀਕਾਰ ਕਰ ਚੁੱਕੇ ਹਨ, ਨਹੀਂ ਤਾਂ ਇਸ ਮੌਕੇ ਇਨਾਂ ਲੋਕਾਂ ਨੂੰ ਅਜਿਹੇ ਤੋਹਫੇ ਦੇਣ ਦੀ ਕੋਈ ਲੋੜ ਨਹੀਂ ਸੀ।
ਉਨਾਂ ਨੇ ਕਿਹਾ ਕਿ ਇਕ ਪਾਸੇ ਸਿਆਸੀ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ, ਜਦਕਿ ਦੂਜੇ ਹੱਥ ਸਮਾਜ ਦੇ ਕੁਝ ਹੋਰ ਵਰਗ ਵੀ ਹਨ, ਜਿਹੜੇ ਮਹੀਨਿਆਂ ਤੋਂ ਨੌਕਰੀਆਂ ਦੀ ਮੰਗ ਕਰਦਿਆਂ ਅੰਦੋਲਨ ਕਰ ਰਹੇ ਹਨ। ਉਨਾਂ ਨੇ ਕਿਹਾ ਹੈ ਕਿ ਇਸ ਤੋਂ ਵੱਧ ਹੈਰਾਨੀਜਨਕ ਨਹੀਂ ਹੋ ਸਕਦਾ ਹੈ ਕਿ ਬਠਿੰਡਾ 'ਚ ਇਕ ਅੰਦੋਲਨਕਾਰੀ ਈ.ਜੀ.ਐਸ ਅਧਿਆਪਕ ਨੇ ਖੁਦ ਨੂੰ ਅੱਗ ਲਗਾ ਲਈ। ਇਹ ਸ਼ਹਿਰ ਪੰਜਾਬ 'ਚ ਧਰਨਿਆਂ 'ਚ ਰਾਜਧਾਨੀ ਬਣ ਚੁੱਕਾ ਹੈ, ਲੇਕਿਨ ਬਾਦਲ ਸਰਕਾਰ ਇਨਾਂ ਆਮ ਲੋਕਾਂ ਦੀਆਂ ਤਕਲੀਫਾਂ ਪ੍ਰਤੀ ਪੂਰੀ ਤਰਾਂ ਉਦਾਸੀਨ ਬਣ ਚੁੱਕੀ ਹੈ, ਜਦਕਿ ਵੱਡੀ ਗਿਣਤੀ 'ਚ ਸਿਆਸੀ ਹਿਤੈਸ਼ੀਆਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਉਨਾਂ ਨੇ ਬਾਦਲ ਦੇ ਅਧਿਕਾਰਿਕ ਨਿਵਾਸ ਨੇੜੇ ਇਕ ਮੋਬਾਇਲ ਕੰਪਨੀ ਦੇ ਟਾਵਰ ਉਪਰ ਅੰਦੋਲਨ ਕਰ ਰਹੇ ਟ੍ਰੇਨਿੰਗ ਪ੍ਰਾਪਤ ਅਧਿਆਪਕਾਂ ਦਾ ਵੀ ਜ਼ਿਕਰ ਕੀਤਾ ਹੈ, ਜਿਨਾਂ ਨੇ ਨੌਕਰੀਆਂ ਦੀ ਮੰਗ ਕਰਦਿਆਂ ਨੀਚੇ ਆਉਣ ਤੋਂ ਮਨਾ ਕਰ ਦਿੱਤਾ ਹੈ।
ਚੰਨੀ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੂਰੇ ਬਹੁਮਤ ਨਾਲ ਸਰਕਾਰ ਬਣਾਏਗੀ। ਪੰਜਾਬ ਦੇ ਲੋਕ ਅਕਾਲੀ ਦਲ ਭਾਜਪਾ ਤੇ ਆਪ ਦੇ ਉਮੀਦਵਾਰਾਂ ਨੂੰ ਖਾਰਿਜ਼ ਕਰ ਦੇਣਗੇ, ਜਿਨਾਂ ਕੋਲ ਸੂਬੇ ਦੀ ਅਗਵਾਈ ਕਰਨ ਵਾਸਤੇ ਸੋਚ ਤੇ ਕਾਬਲਿਅਤ ਨਹੀਂ ਹੈ। ਅਕਾਲੀ ਭਾਜਪਾ ਨੇ ਆਪਣੇ ਬੀਤੇ ਦੱਸ ਸਾਲਾਂ ਦੇ ਸ਼ਾਸਨ 'ਚ ਵਿੱਤ, ਕਾਨੂੰਨ ਅਤੇ ਵਿਵਸਥਾ, ਖੇਤੀਬਾੜੀ, ਕਿਸਾਨਾਂ ਵੱਲੋਂ ਖੁਦਕੁਸ਼ੀ, ਉਦਯੋਗ, ਨਸ਼ਾਖੋਰੀ, ਬੇਰੁਜ਼ਗਾਰੀ ਤੇ ਹੋਰ ਬੇਹੱਦ ਸਮੱਸਿਆਵਾਂ ਦੇ ਮਾਮਲੇ 'ਚ ਹਾਲਾਤਾਂ ਨੂੰ ਬਦਤਰ ਬਣਾ ਕੇ ਸੂਬੇ ਨੂੰ ਬਰਬਾਦ ਕਰ ਦਿੱਤਾ ਹੈ। ਜਦਕਿ ਆਪ ਅਗਵਾਈ 'ਚ ਪੰਜਾਬ ਵਰਗੇ ਸੂਬੇ ਨੂੰ ਚਲਾਉਣ ਵਾਸਤੇ ਕੋਈ ਸੋਚ ਤੇ ਸ਼ਾਸਨ ਦਾ ਪੱਧਰ ਨਹੀਂ ਹੈ, ਜਿਨਾਂ ਨੇ ਪਹਿਲਾਂ ਹੀ ਦਿੱਲੀ ਨੂੰ ਬੁਰੀ ਤਰਾਂ ਫੇਲ ਕਰ ਦਿੱਤਾ ਹੈ।