ਚੰਡੀਗੜ੍ਹ, 8 ਦਸੰਬਰ, 2016 : ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਬੁੱਧਵਾਰ ਨੂੰ ਲੁਧਿਆਣਾ ਵਿਖੇ ਕੀਤੇ ਗਏ ਪ੍ਰਦਰਸ਼ਨ ਨੂੰ ਲੈ ਕੇ ਪਾਰਟੀ 'ਤੇ ਚੁਟਕੀ ਲੈਂਦਿਆਂ, ਪੰਜਾਬ ਕਾਂਗਰਸ ਨੇ ਸਵਾਲ ਕੀਤਾ ਹੈ ਕਿ ਆਪਣੇ ਮੁੱਠੀ ਭਰ ਸਮਰਥਕਾਂ ਨੂੰ ਸੰਭਾਲਣ 'ਚ ਨਾਕਾਮ ਰਹੀ ਆਪ ਤੋਂ ਕਿਵੇਂ ਪੰਜਾਬ ਵਰਗੇ ਵੱਡੇ ਸੂਬੇ ਨੂੰ ਚਲਾਉਣ ਦੀ ਉਮੀਦ ਕੀਤੀ ਜਾ ਸਕਦੀ ਹੈ, ਖਾਸ ਕਰਕੇ ਉਸਦਾ ਦਿੱਲੀ ਨੂੰ ਚਲਾਉਣ ਦਾ ਬਹੁਤ ਹੀ ਸ਼ਰਮਨਾਕ ਰਿਕਾਰਡ ਹੈ।
ਇਸ ਲੜੀ ਹੇਠ ਵਲੰਟੀਅਰਾਂ ਵੱਲੋਂ ਕਥਿਕ ਤੌਰ 'ਤੇ ਪੈਸੇ ਲੈ ਕੇ ਜਗਰਾਉਂ ਵਿਧਾਨ ਸਭਾ ਹਲਕੇ ਤੋਂ ਗਲਤ ਉਮੀਦਵਾਰ ਨੂੰ ਟਿਕਟ ਦੇਣ ਦਾ ਦੋਸ਼ ਲਗਾਉਂਦਿਆਂ, ਪ੍ਰਦਰਸ਼ਨ ਕਰਨ ਦੀਆਂ ਖ਼ਬਰਾਂ 'ਤੇ ਪ੍ਰਤੀਕ੍ਰਿਆ ਜਾਹਿਰ ਕਰਿਦਆਂ, ਪੰਜਾਬ ਕਾਂਗਰਸ ਦੇ ਆਗੂਆਂ ਨੇ ਕਿਹਾ ਹੈ ਕਿ ਆਪ ਲਈ ਇਹ ਬਹੁਤ ਹੀ ਬੁਰਾ ਹੈ, ਜਿਸਦਾ ਅਸਰ ਉਸ ਦੀਆਂ ਖਾਲ੍ਹੀ ਰੈਲੀਆਂ 'ਚ ਨਜਰ ਆ ਰਿਹਾ ਹੈ। ਲੇਕਿਨ ਹੁਣ ਪ੍ਰਦਰਸ਼ਨਕਾਰੀ ਵਲੰਟੀਅਰ ਆਪ ਦੀਆਂ ਰੈਲੀਆਂ 'ਚ ਧਿਆਨ ਦਾ ਕੇਂਦਰ ਬਣੇ ਹੋਏ ਹਨ, ਜਿਹੜੇ ਪਾਰਟੀ ਦੇ ਚੇਹਰੇ ਤੋਂ ਉਤਰ ਚੁੱਕੇ ਝੂਠ ਦੇ ਮਖੌਟੇ ਵੱਲ ਇਸ਼ਾਰਾ ਕਰਦੇ ਹਨ।
ਇਕ ਬਿਆਨ 'ਚ ਪੰਜਾਬ ਕਾਂਗਰਸ ਦੇ ਆਗੂਆਂ ਪਰਗਟ ਸਿੰਘ, ਇੰਦਰਬੀਰ ਸਿੰਘ ਬੁਲਾਰੀਆ ਤੇ ਸੁਨੀਲ ਦੱਤੀ ਨੇ ਕਿਹਾ ਹੈ ਕਿ ਆਪ 'ਚ ਵੱਧ ਰਿਹਾ ਕਲੇਸ਼ ਟਿਕਟਾਂ ਦੀ ਵੰਡ ਵੇਲੇ ਆਮ ਮੰਨਿਆ ਜਾ ਸਕਦਾ ਹੈ। ਲੇਕਿਨ ਵਲੰਟੀਅਰਾਂ ਤੇ ਵਰਕਰਾਂ ਵੱਲੋਂ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਪਾਰਟੀ ਅਗਵਾਈ ਖਿਲਾਫ ਸਰ੍ਹੇਆਮ ਘੁਟਾਲਿਆਂ ਤੇ ਸਕੈਂਡਲਾਂ ਦਾ ਦੋਸ਼ ਲਗਾਉਣ ਨਾਲ ਪੂਰੀ ਪਾਰਟੀ ਦੀ ਹਾਲਤ ਬੁਰੀ ਤਰ੍ਹਾਂ ਬਿਗੜ ਚੁੱਕੀ ਹੈ। ਅਜਿਹੇ 'ਚ ਆਪ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਇਕ ਗੰਭੀਰ ਪ੍ਰਤੀਯੋਗੀ ਨਹੀਂ ਸਮਝਿਆ ਜਾ ਸਕਦਾ ਹੈ।
ਇਸ ਦਿਸ਼ਾ 'ਚ ਆਪ ਆਗੂਆਂ ਤੇ ਟਿਕਟਾਂ ਦੇ ਚਾਹਵਾਨਾਂ ਵੱਲੋਂ ਵਿਰੋਧ ਕਰਦਿਆਂ ਤੇ ਪਾਰਟੀ 'ਚੋਂ ਨਿਕਲ ਕੇ ਅਗਵਾਈ ਉਪਰ ਟਿਕਟਾਂ ਨੂੰ ਵੇਚਣ ਤੇ ਇਥੋਂ ਤੱਕ ਨਸ਼ਾ ਤਸਕਰੀ 'ਚ ਸ਼ਾਮਿਲ ਹੋਣ ਦਾ ਦੋਸ਼ ਲਗਾਉਣ ਨੂੰ ਜ਼ਿਆਦਾ ਵਕਤ ਤੱਕ ਨਕਾਰਿਆ ਨਹੀਂ ਜਾ ਸਕਦਾ ਹੈ। ਭ੍ਰਿਸ਼ਟਾਚਾਰ ਤੇ ਹੋਰ ਘੁਟਾਲਿਆਂ ਤੇ ਸਕੈਂਡਲਾਂ ਦੇ ਦੋਸ਼ਾਂ ਨਾਲ ਪੰਜਾਬ ਦਾ ਭਵਿੱਖ ਦਾਅ 'ਤੇ ਹੈ ਅਤੇ ਚੋਣ ਕਮਿਸ਼ਨ ਵੱਲੋਂ ਇਸਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ।
ਪੰਜਾਬ ਕਾਂਗਰਸ ਦੇ ਆਗੂਆਂ ਨੇ ਕਿਹਾ ਹੈ ਕਿ ਵੱਡੀ ਗਿਣਤੀ 'ਚ ਆਪ ਵਲੰਟੀਅਰਾਂ, ਜਿਨ੍ਹਾਂ 'ਚ ਔਰਤਾਂ 'ਚ ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਰਾਜਬੀਰ ਕੌਰ ਵੀ ਸ਼ਾਮਿਲ ਹਨ, ਨੇ ਹਾਲੇ ਦੇ ਦਿਨਾਂ 'ਚ ਪਾਰਟੀ ਅਗਵਾਈ ਖਿਲਾਫ ਵਿਦ੍ਰੋਹ ਦਾ ਮੋਰਚਾ ਖੋਲ੍ਹ ਦਿੱਤਾ ਹੈ ਤੇ ਆਪ 'ਚ ਸਮੱਸਿਆਵਾਂ ਦਾ ਕਾਰਨ ਬਣ ਰਹੇ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ।
ਅਜਿਹੇ 'ਚ ਚੋਣ ਕਮਿਸ਼ਨ ਨੂੰ ਇਨ੍ਹਾਂ ਘਟਨਾਵਾਂ 'ਤੇ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ ਤੇ ਆਪ ਅਗਵਾਈ ਖਿਲਾਫਾ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਪਾਰਟੀ 'ਚ ਅਜਿਹੇ ਹੀ ਚੱਲਣ ਦੇਣਾ, ਸੂਬੇ ਦੇ ਸਿਆਸੀ ਵਾਤਾਵਰਨ ਨੂੰ ਹੋਰ ਖ਼ਰਾਬ ਕਰ ਸਕਦਾ ਹੈ, ਜੋ ਲੰਬੇ ਵਕਤ ਤੱਕ ਭਵਿੱਖ ਦੀਆਂ ਪੀੜ੍ਹੀਆਂ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾ ਸਕਦਾ ਹੈ।