ਚੰਡੀਗੜ੍ਹ, 19 ਦਸੰਬਰ, 2016 (ਗੁਰਪ੍ਰੀਤ ਸਿੰਘ ਮੰਡਿਆਣੀ) : ਪੰਜਾਬ ਦੇ ਸਭ ਤੋਂ ਮਹਿੰਗੇ ਫੌਜਦਾਰੀ ਵਕੀਲ ਵੱਜੋਂ ਮਸ਼ਹੂਰ ਹੋ ਚੁੱਕੇ ਸਤਨਾਮ ਸਿੰਘ ਕਲੇਰ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਵਿੱਚ ਨਿਯੁਕਤੀ ਪਿੱਛੇ ਉਨ੍ਹਾਂ ਦੀ ਬਾਦਲ ਪਰਿਵਾਰ ਨਾਲ ਨੇੜਤਾ ਨਾਲੋਂ ਪੇਸ਼ੇਵਾਰਾਨਾ ਮੁਹਾਰਤ ਦਾ ਵੱਡਾ ਯੋਗਦਾਨ ਹੈ।
ਸਿੱਖ ਗੁਰਦੁਅਰਾ ਐਕਟ 1925 ਤਹਿਤ 1934 ਵਿੱਚ ਕਾਇਮ ਹੋਏ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਵਿੱਚ ਸ. ਕਲੇਰ ਦੀ ਨਿਯੁਕਤੀ ਤਕਨੀਕੀ ਤੌਰ ਤੇ ਭਾਵੇਂ ਇੱਕ ਮੈਂਬਰ ਵੱਜੋਂ ਹੋਈ ਹੈ ਪਰ ਪ੍ਰੈਕਟੀਕਲੀ ਮੈਂਬਰ ਦਾ ਅਹੁਦਾ ਇੱਕ ਜੱਜ ਵਾਲਾ ਹੈ ਕਿਉਂਕਿ ਕਮਿਸ਼ਨ ਨੇ ਅਦਾਲਤਾਂ ਵਾਂਗੂ ਜੱਜਮੈਂਟ ਦੇਣੀ ਹੁੰਦੀ ਹੈ ਅਤੇ ਇਹਦੇ ਫੈਸਲੇ ਅਦਾਲਤੀ ਹੁਕਮਾਂ ਵਾਂਗ ਹੀ ਅਸਰਅੰਦਾਜ਼ ਹੁੰਦੇ ਹਨ।
ਐਡਵੋਕੇਟ ਸਤਨਾਮ ਸਿੰਘ ਕਲੇਰ ਦੀ ਬਾਦਲ ਪਰਿਵਾਰ ਨਾਲ ਨੇੜਤਾ ਤਾਂ ਭਾਵੇਂ ਪੁਰਾਣੀ ਹੈ ਪਰ ਬਾਦਲ ਪਰਿਵਾਰ ਤੇ ਪਏ ਫੌਜਦਾਰੀ ਕੇਸਾਂ ਵਿੱਚ ਉਹਨਾਂ ਵੱਲੋਂ ਕਲੇਰ ਨੂੰ ਹੀ ਅਦਾਲਤਾਂ ਵਿੱਚ ਆਪਦੇ ਵਕੀਲ ਵੱਜੋਂ ਖੜ੍ਹਾ ਕਰਨਾ ਉਨ੍ਹਾਂ ਦੀ ਪੇਸ਼ੇਵਾਰਾਨਾ ਅਤੇ ਕਾਨੂੰਨੀ ਮੁਹਾਰਤ ਨੂੰ ਦਰਸਾਉਣਾ ਹੈ। ਇਸ ਤੋਂ ਇਲਾਵਾ ਬੀਬੀ ਜਗੀਰ ਕੌਰ, ਜਥੇਦਾਰ ਤੋਤਾ ਸਿੰਘ, ਸੁੱਦਾ ਸਿੰਘ ਲੰਗਾਹ, ਨਿਰਮਲ ਸਿੰਘ ਕਾਹਲੋਂ ਤੋਂ ਇਲਾਵਾ ਹੋਰ ਬਹੁਤ ਸਾਰੇ ਵਜੀਰਾਂ ਅਤੇ ਅਮੀਰਾਂ ਵੱਲੋਂ ਸਤਨਾਮ ਸਿੰਘ ਕਲੇਰ ਨੂੰ ਹੀ ਆਪਣੇ ਮੁਕੱਦਮਿਆਂ ਵਿੱਚ ਖੜ੍ਹੇ ਕਰਨਾ ਉਨ੍ਹਾਂ ਦੀ ਕਾਨੂੰਨੀ ਲਿਆਕਤ ਦੀ ਤਸਦੀਕ ਕਰਦਾ ਹੈ। ਸਰਕਾਰਾਂ ਵੱਲੋਂ ਅਜਿਹੇ ਖਾਸ ਅਹੁਦੇ ਆਪਣੇ ਖਾਸਮਖਾਸਾਂ ਨੂੰ ਦੇਣ ਦੀ ਰੀਤ ਤਾਂ ਪੁਰਾਣੀ ਹੈ ਪਰ ਸ. ਕਲੇਰ ਦੇ ਮਾਮਲੇ ਵਿੱਚ ਉਨ੍ਹਾਂ ਦੀ ਉੱਚੀ ਮੈਟਿਰ ਦੀ ਕਈ ਪਾਸਿਓਂ ਸ਼ਲਾਘਾ ਹੋ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਸ. ਅਮਰਜੀਤ ਸਿੰਘ ਚਾਵਲਾ, ਐਗਜੈਕਟਿਵ ਕਮੇਟੀ ਦੇ ਮੈਂਬਰਾਨ ਸ. ਗੁਰਚਰਨ ਸਿੰਘ ਗਰੇਵਾਲ, ਨਿਰਮਲ ਸਿੰਘ ਹਰਿਆਊ, ਬੀਬੀ ਜੁਗਿੰਦਰ ਕੌਰ ਬਠਿੰਡਾ ਅਤੇ ਮੈਂਬਰ ਜੱਥੇਦਾਰ ਸੁਰਜੀਤ ਸਿੰਘ ਗੜੀ ਇੱਕ ਬਿਆਨ ਵਿੱਚ ਸ. ਕਲੇਰ ਨੂੰ ਸਰਕਾਰ ਵੱਲੋਂ ਕੀਤੀ ਗਈ ਇਸ ਨਿਯੁਕਤੀ ਦੀ ਸ਼ਲਾਘਾ ਕੀਤੀ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਬੰਧਕ ਕਮੇਟੀ ਦੇ ਮੈਬਰਾਂ, ਮੁਲਾਜ਼ਮਾਂ, ਕਮੇਟੀ ਦੇ ਕੰਮਕਾਜ ਅਤੇ ਗੁਰਦੁਆਰਿਆਂ ਦੀ ਮਾਲਕੀ ਵਾਲੀਆਂ ਜਾਇਦਾਦਾਂ ਦੇ ਝਗੜਿਆਂ ਦੀ ਸੁਣਵਾਈ ਸਿੱਖ ਗੁਰਦੁਅਰਾ ਜੁਡੀਸ਼ਲ ਕਮਿਸ਼ਨ ਹੀ ਕਰਦਾ ਹੈ।