ਚੰਡੀਗੜ੍ਹ, 1 ਜਨਵਰੀ, 2017 : ਕੇਂਦਰੀ ਰਾਜ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸ੍ਰੀ ਵਿਜੇ ਸਾਂਪਲਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਨਵੇਂ ਵਰ੍ਹੇ ਦੀ ਆਮਦ ਮੌਕੇ ਰਾਸ਼ਟਰ ਨੂੰ ਕੀਤੇ ਸੰਬੋਧਨ ਦੌਰਾਨ ਕੀਤੇ ਵੱਡੇ ਐਲਾਨ ਰਾਹੀਂ ਦੇਸ਼ ਵਾਸੀਆਂ ਨੂੰ ਰਿਆਇਤਾਂ ਦੇ ਗੱਫ਼ੇ ਦੇਣ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਹੈ। ਸ੍ਰੀ ਸਾਂਪਲਾ ਨੇ ਕਿਹਾ ਕਿ ਸ੍ਰੀ ਮੋਦੀ ਨੇ ਕਿਸਾਨਾਂ, ਗਰੀਬਾਂ, ਮੱਧ ਵਰਗੀ ਲੋਕਾਂ ਮਹਿਲਾਵਾਂ ਤੇ ਬਜ਼ੁਰਗਾਂ ਸਮੇਤ ਸਮਾਜ ਦੇ ਹਰੇਕ ਵਰਗ ਲਈ ਇਤਿਹਾਸਕ ਐਲਾਨ ਕਰਕੇ ਨਵੇਂ ਵਰ੍ਹੇ ਮੌਕੇ ਵੱਡਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਵਲੋਂ ਜਨਤਾ ਨੂੰ ਸ਼ਹਿਰਾਂ ਵਿਚ ਘਰ ਬਣਾਉਣ ਲਈ 9 ਲੱਖ ਰੁਪਏ ਦੇ ਲੋਨ 'ਤੇ ਵਿਆਜ਼ ਦਰ ਵਿਚ 4 ਫੀਸਦੀ ਛੋਟ ਦੇਣ, 12 ਲੱਖ ਰੁਪਏ ਦੇ ਲੋਨ ਉਤੇ 3 ਫੀਸਦੀ ਛੋਟ ਦੇਣ ਅਤੇ ਪਿੰਡਾਂ ਵਿਚ ਘਰ ਦੀ ਉਸਾਰੀ ਲਈ 2 ਲੱਖ ਰੁਪਏ ਦੇ ਲੋਨ ਉਤੇ 2 ਫੀਸਦੀ ਛੋਟ ਅਤੇ ਪਿੰਡਾਂ 'ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸਾਲ 2017 ਤੋਂ 33 ਫੀਸਦੀ ਜ਼ਿਆਦਾ ਘਰ ਬਣਾਉਣ ਦੇ ਫੈਸਲੇ ਨੂੰ ਮੱਧ ਵਰਗੀ ਤੇ ਗਰੀਬ ਪਰਿਵਾਰਾਂ ਦੇ ਹਿੱਤ ਵਿਚ ਵੱਡਾ ਫੈਸਲਾ ਦੱਸਿਆ ਹੈ, ਜਿਸ ਨਾਲ ਲੱਖਾਂ ਭਾਰਤ ਵਾਸੀਆਂ ਦਾ ਆਪਣਾ ਘਰ ਬਣਾਉਣ ਦਾ ਸੁਪਨਾ ਪੂਰਾ ਹੋਵੇਗਾ।
ਵਿਜੇ ਸਾਂਪਲਾ ਨੇ ਕਿਹਾ ਕਿ ਸ੍ਰੀ ਮੋਦੀ ਨੇ ਦੇਸ਼ ਦੇ ਕਿਸਾਨਾਂ ਦੇ ਸਿਰ ਤੋਂ ਕਰਜ਼ੇ ਦਾ ਬੋਝ ਘਟਾਇਆ ਹੈ ਅਤੇ ਹੁਣ ਕੋਆਪ੍ਰੇਟਿਵ ਬੈਂਕ ਤੇ ਪ੍ਰਾਇਮਰੀ ਸੋਸਾਇਟੀਆਂ ਤੋਂ ਖਰੀਫ਼ ਤੇ ਰਬੀ ਦੀ ਫਸਲ ਲਈ ਲਏ ਕਰਜ਼ੇ ਉਤੇ 60 ਦਿਨ ਦਾ ਵਿਆਜ਼ ਕੇਂਦਰ ਸਰਕਾਰ ਵਲੋਂ ਭਰਿਆ ਜਾਵੇਗਾ। ਸਿਰਫ਼ ਇਹੀ ਨਹੀਂ, ਜਰੂਰਤਮੰਦ ਕਿਸਾਨਾਂ ਨੂੰ ਕਰਜ਼ ਮੁਹੱਈਆ ਕਰਵਾਉਣ ਲਈ ਨਾਬਾਰਡ ਨੂੰ 20 ਹਜ਼ਾਰ ਕਰੋੜ ਰੁਪਏ ਮਿਲੇਗਾ। ਸ੍ਰੀ ਸਾਂਪਲਾ ਨੇ ਛੋਟੇ ਕਾਰੋਬਾਰੀਆਂ ਲਈ ਕ੍ਰੈਡਿਟ ਗਰੰਟੀ ਨੂੰ 1 ਕਰੋੜ ਤੋਂ ਵਧਾ ਕੇ 2 ਕਰੋੜ ਰੁਪਏ ਕਰਨ ਦਾ ਸਵਾਗਤ ਕਿਹਾ ਕਿ ਨਵੇਂ ਐਲਾਨ ਤਹਿਤ ਛੋਟੇ ਉਦਯੋਗਾਂ ਲਈ ਕੈਸ਼ ਕ੍ਰੈਡਿਟ ਲਿਮਿਟ ਹੁਣ 25 ਫੀਸਦੀ ਹੋਵੇਗੀ ਅਤੇ ਨਾਲ ਹੀ ਡਿਜ਼ੀਟਲ ਟ੍ਰਾਂਜੈਕਸ਼ਨ ਉਤੇ ਵਰਕਿੰਗ ਕੈਪੀਟਲ ਲੋਨ 20 ਫੀਸਦੀ ਤੋਂ ਵਧਾ ਕੇ 30 ਫੀਸਦੀ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਛੋਟੇ ਉਦਯੋਗਾਂ ਨੂੰ ਹੁਲਾਰਾ ਮਿਲੇਗਾ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਸ੍ਰੀ ਸਾਂਪਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਬਜ਼ੁਰਗਾਂ ਲਈ ਸਾਢੇ ਸੱਤ ਲੱਖ ਰੁਪਏ ਤੱਕ ਡਿਪਾਜ਼ਿਟ 10 ਸਾਲ ਲਈ ਰੱਖਣ 'ਤੇ 8 ਫੀਸਦੀ ਵਿਆਜ ਮਿਲੇਗਾ, ਜਿਸ ਨਾਲ ਬੁਢਾਪੇ ਵਿਚ ਉਨ੍ਹਾਂ ਨੂੰ ਚਿੰਤਾਮੁਕਤ ਕਰਦਿਆਂ ਵੱਡਾ ਵਿੱਤੀ ਲਾਭ ਦਿੱਤਾ ਗਿਆ ਹੈ, ਜਦਕਿ ਗਰਭਵਤੀ ਮਹਿਲਾਵਾਂ ਲਈ ਦੇਸ਼ ਵਿਆਪੀ ਯੋਜਨਾ ਤਹਿਤ 6 ਹਜ਼ਾਰ ਰੁਪਏ ਦੀ ਆਰਥਿਕ ਮੱਦਦ ਦੇਣ ਦੇ ਫੈਸਲੇ ਨਾਲ ਕਰੋੜਾਂ ਮਹਿਲਾਵਾਂ ਇਸ ਦਾਇਰੇ 'ਚ ਆਉਣਗੀਆਂ। ਸ੍ਰੀ ਸਾਂਪਲਾ ਨੇ ਜਨਤਾ ਨੂੰ ਨਵੇਂ ਵਰ੍ਹੇ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀਆਂ ਲੋਕਪੱਖੀ ਨੀਤੀਆਂ ਨਾਲ ਦੇਸ਼ ਨਵੇਂ ਵਰ੍ਹੇ 'ਚ ਵਿਕਾਸ ਦੇ ਰਸਤੇ 'ਤੇ ਹੋਰ ਅੱਗੇ ਵਧੇਗਾ।