ਚੰਡੀਗੜ੍ਹ, 2 ਜਨਵਰੀ, 2017 : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਕਿਹਾ ਹੈ ਕਿ ਆਜ਼ਾਦੀ ਤੋਂ ਬਾਅਦ ਲੰਮੇਂ ਸਮੇਂ ਤੱਕ ਰਾਜ ਕਰਨ ਵਾਲੀ ਕਾਂਗਰਸ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਪੂਰੇ ਦੇਸ਼ ਵਾਂਗ ਪੰਜਾਬ ਵੀ ਗਹਿਰੇ ਖੇਤੀ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਕਿਸਾਨ ਖੁਦਕਸ਼ੀਆਂ ਦੇ ਰਾਹ ਪਿਆ ਹੋਇਆ ਹੈ, ਕਿਸਾਨੀ ਦੇ ਨਾਲ-ਨਾਲ ਇਸ ਉੱਤੇ ਨਿਰਭਰ ਖੇਤ ਮਜ਼ਦੂਰ ਵੀ ਬਦਤਰ ਹਾਲ ਵਿਚ ਜੀਅ ਰਿਹਾ ਹੈ। ਇਸ ਹਾਲਾਤ ਦਾ ਸਥਾਈ ਹੱਲ ਲੱਭਣਾ ਭਾਰਤੀ ਜਨਤਾ ਪਾਰਟੀ ਦਾ ਅਗਲਾ ਨਿਸ਼ਾਨਾ ਹੈ, ਜਦਕਿ ਸੂਬੇ ਦੇ ਕਿਸਾਨਾਂ ਨਾਲ ਕੈਪਟਨ ਅਮਰਿੰਦਰ ਸਿੰਘ ਤੇ ਕੇਜਰੀਵਾਲ ਵਲੋਂ ਕਰਜ਼ੇ ਮੁਆਫ਼ ਕਰਨ ਦੇ ਵਾਅਦੇ ਝੂਠ ਦਾ ਪੁਲੰਦਾ ਹਨ। ਸ੍ਰੀ ਸਾਂਪਲਾ ਨੇ ਕਿਹਾ ਕਿ ਇਕ ਪਾਸੇ ਅਮਰਿੰਦਰ ਸਿੰਘ ਖੁਦ ਕਰਜੇ ਮੁਆਫ਼ ਕਰਨ ਦਾ ਲਾਲਚ ਦੇ ਰਿਹਾ ਹੈ, ਦੂਜੇ ਪਾਸੇ ਉਹ ਤੇ ਪੂਰੀ ਕਾਂਗਰਸ ਕਰਜੇ ਮੁਆਫ਼ ਕਰਨ ਦੀ ਮੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਕਰ ਰਹੇ ਹਨ। ਸ੍ਰੀ ਸਾਂਪਲਾ ਨੇ ਸਵਾਲ ਕੀਤਾ ਕਿ ਜੇਕਰ ਕਿਸਾਨਾਂ ਦਾ ਕਰਜ਼ਾ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਹੀ ਮੁਆਫ਼ ਕਰਨਾ ਹੈ ਤਾਂ ਲੋਕ ਕਿਉਂ ਨਾ ਸੂਬੇ ਵਿਚ ਅਕਾਲੀ-ਭਾਜਪਾ ਗੱਠਜੋੜ ਸਰਕਾਰ ਫਿਰ ਤੋਂ ਬਣਾਉਣ।
ਭਾਜਪਾ ਦੀ 'ਵਿਜੇ ਸੰਕਲਪ ਰਥ ਯਾਤਰਾ' ਦੇ ਦੂਸਰੇ ਪੜਾਅ ਨੂੰ ਸ਼ੁਰੂ ਕਰਨ ਤੋਂ ਇਕ ਦਿਨ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਸਾਂਪਲਾ ਨੇ ਕਿਹਾ ਕਿ ਪਿਛਲੇ ਦਸ ਸਾਲ ਵਿਚ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਵਿਚ ਬਿਜਲੀ ਸਬਸਿਡੀ, ਸਿਹਤ ਬੀਮਾ, ਆਟਾ-ਦਾਲ ਸਕੀਮ, ਮੁਫ਼ਤ ਦਵਾਈਆਂ, ਸਬਸਿਡੀ ਉੱਤੇ ਬੀਜ ਤੇ ਖਾਦਾਂ ਦੇਣ ਵਰਗੀਆਂ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਹਨ ਤਾਂ ਕਿ ਕਿਸਾਨੀ ਨੂੰ ਬਚਾਇਆ ਜਾ ਸਕੇ ਅਤੇ ਖੇਤੀ ਉੱਤੇ ਨਿਰਭਰ ਛੋਟੇ, ਬੇਜ਼ਮੀਨੇ ਕਿਸਾਨਾਂ ਤੇ ਮਜ਼ਦੂਰਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ। ਕਿਸਾਨ ਖੁਦਕਸ਼ੀਆਂ ਬਹੁਤ ਹੀ ਦੁਖ ਦਾਇਕ ਹਨ, ਜਿਸ ਲਈ ਇੱਕ ਵਿਆਪਕ ਕੇਂਦਰੀ ਨੀਤੀ ਦੀ ਲੋੜ ਸੀ, ਜੋ ਕਾਂਗਰਸ ਦੀ ਸਰਕਾਰ ਕਾਰਨ ਪਹਿਲਾਂ ਸੰਭਵ ਨਹੀਂ ਹੋ ਸਕਦੀ ਸੀ ਪਰੰਤੂ ਹੁਣ ਕੇਂਦਰ ਵਿਚ ਸ੍ਰੀ ਨਰਿੰਦਰ ਮੋਦੀ ਸਰਕਾਰ ਬਣਨ ਉੱਤੇ ਸਮੁੱਚੀ ਕਿਸਾਨੀ ਨੂੰ ਬਚਾਉਣ ਲਈ ਸਾਰਥਕ ਕਦਮ ਚੁੱਕੇ ਗਏ ਹਨ।
ਵਿਜੇ ਸਾਂਪਲਾ ਨੇ ਕਿਹਾ ਕਿ ਸਾਲ 2016-17 ਦੇ ਕੇਂਦਰੀ ਬੱਜਟ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਖੇਤੀ ਸੈਕਟਰ ਲਈ 35984 ਕਰੋੜ ਰੁਪਏ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਬੱਜਟ ਦਿੱਤਾ ਹੈ। ਇਸ ਤੋਂ ਇਲਾਵਾ ਸਿੰਚਾਈ ਪ੍ਰੋਜੈਕਟਾਂ ਲਈ 17000 ਕਰੋੜ ਰੁਪਏ, 5 ਲੱਖ ਏਕੜ ਰਕਬੇ ਲਈ ਦੋ ਨਵੀਆਂ ਆਰਗੇਨਿਕ ਫਾਰਮਿੰਗ ਸਕੀਮਾਂ, ਗ੍ਰਾਮ ਸੜਕ ਯੋਜਨਾ ਤਹਿਤ 19000 ਕਰੋੜ ਰੁਪਏ, ਖੇਤੀਬਾੜੀ ਕ੍ਰੈਡਿਟ ਟੀਚੇ ਲਈ 9 ਲੱਖ ਕਰੋੜ ਰੁਪਏ ਅਤੇ ਮਨਰੇਗਾ ਲਈ 38500 ਕਰੋੜ ਰੁਪਏ ਰੱਖੇ ਗਏ, ਜੋ ਹੁਣ ਤੱਕ ਦੀ ਸਭ ਤੋਂ ਵੱਡੀ ਰਾਸ਼ੀ ਹੈ। ਸ੍ਰੀ ਸਾਂਪਲਾ ਨੇ ਕਿਹਾ ਕਿ ਸ੍ਰੀ ਮੋਦੀ ਨੇ ਦੇਸ਼ ਦੇ ਕਿਸਾਨਾਂ ਨੂੰ ਨਵੇਂ ਵਰ੍ਹੇ ਮੌਕੇ ਵੱਡੀ ਰਾਹਤ ਦਿੱਤੀ ਹੈ ਅਤੇ ਹੁਣ ਕੋਆਪ੍ਰੇਟਿਵ ਬੈਂਕ ਤੇ ਪ੍ਰਾਇਮਰੀ ਸੋਸਾਇਟੀਆਂ ਤੋਂ ਖਰੀਫ਼ ਤੇ ਰਬੀ ਦੀ ਫਸਲ ਲਈ ਲਏ ਕਰਜ਼ੇ ਉਤੇ 60 ਦਿਨ ਦਾ ਵਿਆਜ਼ ਕੇਂਦਰ ਸਰਕਾਰ ਵਲੋਂ ਭਰਿਆ ਜਾਵੇਗਾ। ਸਿਰਫ਼ ਇਹੀ ਨਹੀਂ, ਜਰੂਰਤਮੰਦ ਕਿਸਾਨਾਂ ਨੂੰ ਕਰਜ਼ ਮੁਹੱਈਆ ਕਰਵਾਉਣ ਲਈ ਨਾਬਾਰਡ ਨੂੰ 20 ਹਜ਼ਾਰ ਕਰੋੜ ਰੁਪਏ ਮਿਲੇਗਾ। ਵਿਜੇ ਸਾਂਪਲਾ ਨੇ ਕਿਹਾ ਕਿਸਾਨੀ ਸੰਕਟ ਉਦੋ ਤੱਕ ਸਥਾਈ ਹੱਲ ਨਹੀਂ ਨਿਕਲਣਾ ਜਦੋਂ ਤੱਕ ਕਿਸਾਨ ਦੀ ਆਮਦਨ ਨਾਲ ਉਸ ਦਾ ਪੇਟ ਨਹੀਂ ਭਰਦਾ ਅਤੇ ਇਸ ਵਾਸਤੇ ਕੇਂਦਰ ਸਰਕਾਰ ਨੇੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਮਿੱਿਥਆ ਹੈ। ਖੁੱਲੀ ਮੰਡੀ ਉੱਪਲੱਬਧ ਕਰਵਾਉਣ ਦੇ ਮਕਸਦ ਨਾਲ ਈ ਮੰਡੀਕਰਨ ਦੀ ਸੁਵਿਧਾ, ਫਸਲੀ ਬੀਮਾਂ ਵਰਗੇ ਪ੍ਰੋਗਰਾਮ ਮੋਦੀ ਸਰਕਾਰ ਨੇ ਸ਼ੁਰੂ ਕੀਤੇ ਹਨ, ਜਿੰਨ੍ਹਾਂ ਦੇ ਅੱਛੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ।
ਵਿਜੇ ਸਾਂਪਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਰਜਾ ਮੁਆਫੀ ਦੀ ਗੱਲ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ, ਜਦਕਿ ਕੈਪਟਨ ਨੇ 2002 ਵਿਚ ਸਰਕਾਰ ਬਣਦਿਆਂ ਹੀ ਮੁਫ਼ਤ ਬਿਜਲੀ ਸਹੂਲਤ ਕਿਸਾਨਾਂ ਤੋਂ ਖੋਹ ਲਈ ਸੀ ਅਤੇ ਕਾਰਜਕਾਲ ਖਤਮ ਹੋਣ ਤੋਂ ਐਨ ਪਹਿਲਾ ਦੁਬਾਰਾ ਸ਼ੁਰੂ ਕੀਤੀ ਸੀ। ਜਿਸ ਦਾ ਸਬਕ ਪੰਜਾਬ ਦੇ ਕਿਸਾਨਾਂ ਨੇ ਅਜਿਹਾ ਸਿਖਾਇਆ ਮੁੜ ਕੇ ਕੈਪਟਨ ਨੂੰ ਸੱਤਾ ਵੱਲ ਮੂੰਹ ਨਹੀਂ ਕਰਨ ਦਿੱਤਾ। ਹੁਣ ਵੀ ਇਨ੍ਹਾਂ ਨਾਲ ਇਹੀ ਕੁਝ ਹੋਣਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹੁਣ ਹਰ ਘਰ ਨੂੰ ਨੌਕਰੀ ਦੇਣ ਦੀ ਗੱਲ ਕਰ ਰਹੇ ਹਨ ਪਰ ਪਿਛਲੀ ਸਰਕਾਰ ਵੇਲੇ 24 ਅਪ੍ਰੈਲ 2002 ਵਿੱਚ ਸੱਤਾ ਸੰਭਾਲਦਿਆਂ ਹੀ ਸਰਕਾਰੀ ਨੌਕਰੀਆਂ ਉੱਤੇ ਪਾਬੰਦੀ ਲਗਾ ਦਿੱਤੀ ਸੀ। ਫੌਜੀਆਂ ਲਈ ਵੱਖਰੇ ਵਿਭਾਗ ਦੀ ਗੱਲ ਕਰਨ ਵਾਲੇ ਕੈਪਟਨ ਨੇ ਇਹ ਵਾਅਦਾ ਕੇਂਦਰ ਵਿੱਚ ਕਾਂਗਰਸ ਸਰਕਾਰ ਵੇਲੇ ਕਿਉਂ ਚੇਤੇ ਨਹੀਂ ਕਰਵਾਇਆ। ਵਿਧਾਨ ਸਭਾ ਵਿੱਚ ਜਦੋਂ ਇਨ੍ਹਾਂ ਦੇ ਵਿਧਾਇਕਾਂ ਤੋਂ ਕੈਪਟਨ ਸਰਕਾਰ ਦੀ ਸਭ ਵੱਡੀ ਉਪਲੱਬਧੀ ਸੜਕਾਂ ਨੂੰ ਪੈੱਚ ਲਾਉਣ ਦੀ ਦੱਸੀ ਸੀ।
ਸ੍ਰੀ ਸਾਂਪਲਾ ਨੇ ਆਮ ਆਦਮੀ ਪਾਰਟੀ ਆਗੂ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਮੰਚ ਅੱਗੇ ਕਿਸਾਨ ਗਜਿੰਦਰ ਨੇ ਦੁਖੀ ਹੋ ਕੇ ਫਾਹਾ ਲਗਾਉਂਦਿਆਂ ਖੁਦਕੁਸ਼ੀ ਕਰ ਲਈ, ਲੇਕਿਨ ਸਟੇਜ ਤੋਂ ਕੇਜਰੀਵਾਲ ਤੇ ਸਾਥੀਆਂ ਨੇ ਆਪਣੇ ਭਾਸ਼ਣ ਤੱਕ ਨਾ ਰੋਕੇ ਤੇ ਨਾ ਹੀ ਉਸਨੂੰ ਬਚਾਉਣ ਦੀ ਕੋਈ ਕੋਸ਼ਿਸ਼ ਕੀਤੀ, ਜਦਕਿ ਦੂਜੇ ਪਾਸੇ ਸੂਬੇ ਦੇ ਕਿਸਾਨੀ ਦਾ ਮੱਦਦਗਾਰ ਹੋਣ ਦੇ ਝੂਠੇ ਵਾਅਦੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨਾਲ ਧੋਖਾ ਦੇਣ ਵਾਲੇ ਕੇਜਰੀਵਾਲ, ਉਨਾਂ ਨਾਲ ਵਾਅਦਾ ਖਿਲਾਫ਼ੀ ਕਰਨ ਵਾਲੇ ਕੇਜਰੀਵਾਲ, ਜਿਹੜੇ ਪਾਣੀਆਂ ਦੇ ਮੁੱਦੇ ਉੱਤੇ ਬੇਨਕਾਬ ਹੋ ਚੁੱਕੇ ਹਨ। ਜਿਨ੍ਹਾਂ ਨੂੰ ਪੰਜਾਬ ਦੀ ਆਵੋ ਹਵਾ ਦੀ ਤਸੀਰ ਨਹੀਂ ਪਤਾ। ਜਿਹੜੇ ਸੱਤਾ ਲਈ ਪੰਜਾਬੀਆਂ ਨੂੰ ਬਦਨਾਮ ਕਰਨ ਤੱਕ ਜਾਂਦੇ ਹਨ। ਜਿਨ੍ਹਾਂ ਉੱਤੇ ਉਨ੍ਹਾਂ ਦੇ ਆਪਣੇ ਵਰਕਰ ਹੀ ਟਿਕਟਾਂ ਵੇਚਣ, ਧੀਆਂ ਭੈਣਾਂ ਦਾ ਸੋਸ਼ਣ ਕਰਨ ਦੇ ਦੋਸ਼ ਲਾ ਰਹੇ ਹਨ ਉਹ ਕਿਸ ਮੂੰਹ ਨਾ ਪੰਜਾਬ ਵਿੱਚ ਵੋਟਾਂ ਮੰਗ ਕਰੇ ਹਨ।
ਪ੍ਰੈਸ ਕਾਨਫਰੰਸ ਦੌਰਾਨ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸ੍ਰੀ ਮਨਜੀਤ ਸਿੰਘ ਰਾਏ ਅਤੇ ਸੂਬਾ ਸਕੱਤਰ ਵਿਨੀਤ ਜੋਸ਼ੀ ਵੀ ਮੌਜੂਦ ਸਨ।
ਮੋਦੀ ਸਰਕਾਰ ਨੇ ਪੰਜਾਬ ਦੀ ਕਿਸਾਨੀ ਨੂੰ ਦਿੱਤੇ ਗ੍ਰਾਂਟਾਂ ਦੇ ਗੱਫ਼ੇ
ਕੇਂਦਰੀ ਰਾਜ ਮੰਤਰੀ ਸ੍ਰੀ ਸਾਂਪਲਾ ਨੇ ਦੱਸਿਆ ਕਿ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਵਲੋਂ ਪੰਜਾਬ ਨੂੰ ਕੁਦਰਤੀ ਆਫ਼ਤਾਂ ਸਬੰਧੀ 460 ਕਰੋੜ ਰੁਪਏ ਦੇ ਲਗਭਗ ਫੰਡ ਦਿੱਤਾ ਗਿਆ ਹੈ। ਸੂਬੇ ਦੀ ਜ਼ਮੀਨ ਨੂੰ ਉਪਜਾਊ ਬਣਾਉਣ ਲਈ ਕਾਂਗਰਸ ਸਰਕਾਰ ਵਲੋਂ ਅਲਾਟ ਰਾਸ਼ੀ ਨਾਲੋਂ 12 ਗੁਣਾ ਜ਼ਿਆਦਾ 453.85 ਕਰੋੜ ਰੁਪਏ ਦੇ ਫੰਡ ਕੇਂਦਰ ਵਲੋਂ ਦਿੱਤੇ ਗਏ ਹਨ। ਆਰਗੇਨਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਪਰਮਪ੍ਰਗਤੀ ਖੇਤੀ ਵਿਕਾਸ ਯੋਜਨਾ ਤਹਿਤ ਮੋਦੀ ਸਰਕਾਰ ਨੇ 50 ਕਲਸਟਰ ਲਈ 1.60 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਮੋਦੀ ਸਰਕਾਰ ਵਲੋਂ 'ਹਰ ਖੇਤ ਨੂੰ ਪਾਣੀ' ਮੁਹੱਈਆ ਕਰਾਉਣ ਲਈ ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ ਤਹਿਤ ਪੰਜਾਬ 'ਚ ਸਾਲ 2015-16 ਵਿਚ 1799 ਹੈਕਟੇਅਰ ਜ਼ਮੀਨ ਨੂੰ ਲਿਆਂਦਾ ਗਿਆ ਅਤੇ ਪੰਜਾਬ ਵਿਚ ਪਹਿਲੀ ਵਾਰ ਮੱਕੀ ਤੇ ਦਾਲਾਂ ਦੀ ਪੈਦਾਵਾਰ ਨੂੰ ਵੱਡੇ ਪੱਧਰ 'ਤੇ ਉਤਸ਼ਾਹਿਤ ਕੀਤਾ ਗਿਆ। ਮੋਦੀ ਸਰਕਾਰ ਦੌਰਾਨ ਪਿਛਲੇ ਕਰੀਬ ਦੋ ਸਾਲ ਵਿਚ ਸੂਬੇ ਦੇ ਸਾਰੇ ਜਿਲ੍ਹਿਆਂ ਨੂੰ ਪਸ਼ੂਧਨ ਬੀਮਾ ਯੋਜਨਾ ਤਹਿਤ ਲਿਆਂਦਾ ਗਿਆ ਅਤੇ 50 ਹਜਾਰ ਪਸ਼ੂਆਂ ਦਾ ਬੀਮਾ ਕੀਤਾ ਗਿਆ। ਇਸ ਤੋਂ ਇਲਾਵਾ ਮੌਜੂਦਾ ਕੇਂਦਰ ਸਰਕਾਰ ਨੇ ਪੰਜਾਬ ਦੇ ਬਠਿੰਡਾ ਵਿਚ ਸਾਫ਼ ਪਾਣੀ 'ਤੇ ਖੋਜ਼ ਕਾਰਜਾਂ ਸਬੰਧੀ ਸੀਫ਼ਾ ਸੈਂਟਰ ਅਤੇ ਪੋਸਟ ਗ੍ਰੈਜੂਏਸ਼ਨ ਇੰਸਟੀਚਿਊਟ ਫਾਰ ਹੌਰਅੀਕਲਚਰ ਰਿਸਰਚ ਐਂਡ ਐਜੂਕੇਸ਼ਨ ਖੋਲ੍ਹਿਆ ਗਿਆ ਹੈ। ਸੂਬੇ ਵਿਚ 2 ਖੇਤੀਬਾੜੀ ਬਿਜਨਸ ਕੇਂਦਰ, 2 ਫੂਡ ਟੈਸਟਿੰਗ ਲੈਬ, 9 ਐਗਰੋ ਪ੍ਰੋਸੈਸਿੰਗ ਕੇਂਦਰ ਖੋਲੇ ਗਏ ਹਨ। ਬਾਸਮਤੀ, ਕਣਕ ਤੇ ਸੋਇਆਬੀਨ ਦੀਆਂ 28 ਨਵੀਆਂ ਕਿਸਮਾਂ ਜਾਰੀ ਕੀਤੀਆਂ ਗਈਆਂ ਅਤੇ 38560 ਕੁਇੰਟਲ ਕੁਆਲਿਟੀ ਬੀਜ਼ ਤਿਆਰ ਕਰਕੇ ਵੰਡੇ ਗਏ।