ਮਾਨਸਾ 1 ਦਸੰਬਰ, 2016 : ਇਕ ਧਨਾਢ ਕਿਸਾਨ ਪਰਿਵਾਰ ਵਲੋਂ ਮਾਰੀ ਠੱਗੀ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਗਏ ਪਿੰਡ ਮਲਕਪੁਰ ਦੇ ਗਰੀਬ ਕਿਸਾਨ ਗੁਰਮੇਲ ਸਿੰਘ ਦਾ ਅੱਜ ਛੇਵੇਂ ਦਿਨ ਵੀ ਅੰਤਿਮ ਸੰਸਕਾਰ ਨਹੀਂ ਹੋਇਆ। ਇਸ ਖੁਕਕੁਸ਼ੀ ਲਈ ਜਿੰਮੇਵਾਰ ਦੋਸ਼ੀਆਂ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਨਾਂ ਕਰਨ ਕਾਰਨ ਅੱਜ ਪੀੜਤ ਪਰਿਵਾਰ ਅਤੇ ਸੰਘਰਸ਼ਸੀਲ ਕਿਸਾਨ ਜੱਥੇਬੰਦੀਆਂ ਨੇ ਥਾਣਾ ਸਦਰ ਮਾਨਸਾ ਸਾਹਮਣੇ ਧਰਨਾ ਲਾਇਆ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਪੀੜਿਤ ਕਿਸਾਨ ਪਰਿਵਾਰ ਨੂੰ ਬਣਦਾ ਮੁਆਵਜ਼ਾ ਅਤੇ ਇੱਕ ਮੈਂਬਰ ਨੂੰ ਨੌਕਰੀ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਸੰਘਰਸ਼ ਦੀ ਅਸਲੀ ਰੂਪ ਰੇਖਾ ਉਲੀਕਣ ਲਈ ਜੱਥੇਬੰਦੀਆ ਨੇ 3 ਦਸੰਬਰ ਦੀ ਮੀਟਿੰਗ ਬੁਲਾ ਲਈ ਹੈ।
ਅੱਜ ਧਰਨੇ ਨੂੰ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਜਿਲ੍ਹਾ ਪ੍ਰਧਾਨ ਭੋਲਾ ਸਿੰਘ ਸਮਾਓਂ, ਕਰਨੈਲ ਸਿੰਘ ਮਾਨਸਾ, ਹਰਜਿੰਦਰ ਸਿੰਘ ਮਾਨਸ਼ਾਹੀਆ, ਸਾਧੂ ਸਿੰਘ ਬੁਰਜ ਢਿਲਵਾਂ, ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਆਗੂ ਅਮਰੀਕ ਸਿੰਘ ਫਫੜੇ ਭਾਈਕੇ, ਇਕਬਾਲ ਸਿੰਘ ਫਫੜੇ ਤੇ ਪਰਿਵਾਰ ਵਲੋਂ ਜਸਵੰਤ ਸਿੰਘ ਮਲਕਪੁਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਪੈਸੇ ਅਤੇ ਸਿਆਸੀ ਦਬਾਅ ਕਾਰਨ ਐਚ.ਐਚ.ਓ. ਥਾਣਾ ਸਦਰ ਮਾਨਸਾ ਮੁੱਖ ਦੋਸ਼ੀ ਨੂੰ ਹਿਰਾਸਤ ਵਿਚ ਲੈਣ ਦੇ ਬਾਵਜੂਦ ਉਸ ਦੀ ਗ੍ਰਿਫ਼ਤਾਰੀ ਨਹੀਂ ਪਾ ਰਿਹਾ ਤਾਂ ਕਿ ਦੋਸ਼ੀਆਂ ਨੂੰ ਅਗਾਓੂਂ ਜ਼ਮਾਨਤ ਕਰਾਉਣ ਦਾ ਮੌਕਾ ਦਿੱਤਾ ਜਾ ਸਕੇ। ਉਲਟਾ ਡੀ.ਐਸ.ਪੀ. ਮਾਨਸਾ ਕਿਸਾਨ ਆਗੂਆਂ ਨੂੰ ਆਨੇ ਬਹਾਨੇ ਮ੍ਰਿਤਕ ਦਾ ਪੋਸਟ ਮਾਰਟਮ ਕਰਾਉਣ ਲਈ ਮਨਾਉਣ ਦਾ ਯਤਨ ਕਰ ਰਿਹਾ ਸੀ ਜਿਸਨੂੰ ਆਗੂਆਂ ਵਲੋਂ ਤਿੰਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੱਕ ਪ੍ਰਵਾਨ ਕਰਨ ਤੋਂ ਸਖ਼ਤੀ ਨਾਲ ਰੱਦ ਕਰ ਦਿੱਤਾ ਗਿਆ।
ਆਗੂਆਂ ਨੇ ਕਿਹਾ ਕਿ ਦੋਸ਼ੀ ਪਰਿਵਾਰ ਪੀੜਿਤ ਪਰਿਵਾਰ ਉੱਤੇ ਹਰ ਸੰਭਵ ਢੰਗ ਨਾਲ ਸਮਾਜਿਕ ਤੇ ਸਿਆਸੀ ਦਬਾਅ ਪਾ ਰਿਹਾ ਹੈ ਜਿਸ ਕਰਕੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਜਰੂਰੀ ਹੈ। ਚੇਤੇ ਰਹੇ ਕਿ ਠੱਗੀ ਨਾਲ ਆਪਣੀ ਰਹਿੰਦੀ 9 ਕਨਾਲ ਜ਼ਮੀਨ ਹੜਪੇ ਜਾਣ ਤੋਂ ਦੁਖੀ ਹੋਕੇ ਗਰੀਬ ਕਿਸਾਨ ਗੁਰਮੇਲ ਸਿੰਘ ਨੇ 24 ਨਵੰਬਰ ਨੁੰ ਆਪਣੀ ਉਸੇ ਜ਼ਮੀਨ ਵਿੱਚ ਟਿਊਬਵੈਲ ਵਾਲੇ ਖੂਹ ਵਿੱਚ ਫਾਹਾ ਲੈਕੇ ਆਤਮਹੱਤਿਆ ਕਰ ਲਈ ਸੀ। ਇਨਸਾਫ ਲਈ ਇਹ ਘੋਲ ਉਦੋਂ ਤੋਂ ਛੇੜਿਆ ਹੋਇਆ ਹੈ।