ਚੰਡੀਗੜ੍ਹ, 30 ਦਸੰਬਰ, 2016 : ਅਕਾਲੀ ਦਲ ਨੇ ਆਪ ਆਗੂ ਅਰਵਿੰਦ ਕੇਜਰੀਵਾਲ ਵੱਲੋਂ ਅਕਾਲੀ-ਕਾਂਗਰਸ ਗਠਜੋੜ ਦੀ ਉਡਾਈ ਜਾ ਰਹੀ ਅਫਵਾਹ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਕਿਹਾ ਹੈ ਕਿ ਇਹ ਗਠਜੋੜ ਆਪ ਅਤੇ ਕਾਂਗਰਸ ਵਿਚਕਾਰ ਹੈ। ਪੰਜਾਬ ਦੇ ਹਰ ਹਲਕੇ ਵਿਚ ਆਪ ਦੀ ਮੌਜੂਦਗੀ ਅਸੰਬਲੀ ਚੋਣਾਂ ਵਿਚ ਕਾਂਗਰਸ ਨੂੰ ਫਾਇਦਾ ਪਹੁੰਚਾਵੇਗੀ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਉਪ ਮੁੱਖ ਮੰਤਰੀ ਸ਼ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਸ਼ ਮਨਜਿੰਦਰ ਸਿੰਘ ਸਿਰਸਾ ਨੇ ਇੱਥੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਲੋਕਾਂ ਦੀ ਯਾਦ-ਸ਼ਕਤੀ ਇੰਨੀ ਥੋੜ੍ਹੀ ਨਹੀਂ ਹੁੰਦੀ ਕਿ ਉਹ ਭੁੱਲ ਗਏ ਹੋਣ ਕਿ 2013 ਵਿਚ ਦਿੱਲੀ ਵਿਚ ਆਪ ਦੀ ਸਰਕਾਰ ਬਣਾਉਣ ਲਈ ਕਾਂਗਰਸ ਨੇ ਮੱਦਦ ਕੀਤੀ ਸੀ। ਉਸ ਸਮੇਂ ਕੇਜਰੀਵਾਲ ਨੇ ਸਾਰੇ ਕਾਂਗਰਸ-ਵਿਰੋਧੀ ਅਤੇ ਖੋਖਲੇ ਆਦਰਸ਼ਾਂ ਨੂੰ ਸੱਤਾਂ ਦੇ ਲਾਲਚ ਵਾਸਤੇ ਕੁਰਬਾਨ ਕਰ ਦਿੱਤਾ ਸੀ। ਕਾਂਗਰਸ ਅਤੇ ਆਪ ਦੀ ਗੁੱਝੀ ਯਾਰੀ ਅਜੇ ਵੀ ਕਾਇਮ ਹੈ ਅਤੇ ਉਹ ਦੋਵੇਂ ਪੰਜਾਬ ਵਿਚ ਰਲ ਕੇ ਦੋਸਤਾਨਾ ਮੈਚ ਖੇਡ ਰਹੇ ਹਨ। ਦੋਵੇਂ ਪਾਰਟੀਆਂ ਇਕ ਦੂਜੇ ਨੂੰ ਭੰਡਣ ਦੀ ਥਾਂ ਰਲ ਕੇ ਅਕਾਲੀਆਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ।
ਸ਼ ਸਿਰਸਾ ਨੇ ਕਿਹਾ ਕਿ ਅਕਾਲੀ ਦਲ ਕਾਂਗਰਸ ਵਰਗੀ ਪੰਜਾਬ ਵਿਰੋਧੀ ਅਤੇ ਸਿੱਖ ਵਿਰੋਧੀ ਪਾਰਟੀ ਨਾਲ ਸਾਂਝ ਪਾਉਣ ਬਾਰੇ ਕਦੇ ਵੀ ਨਹੀਂ ਸੋਚ ਸਕਦਾ, ਜਿਹੜੀ ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਹਰਮਿੰਦਰ ਸਾਹਿਬ ਉੱਤੇ ਹਮਲਾ ਕਰਵਾਉਣ ਅਤੇ ਦਿੱਲੀ ਵਿਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਵਾਉਣ ਲਈ ਜਿੰæਮੇਵਾਰ ਹੈ। ਕਾਂਗਰਸ ਨੇ ਐਸਵਾਈਐਲ ਨਹਿਰ ਦੀ ਉਸਾਰੀ ਦੀ ਆਗਿਆ ਦੇ ਕੇ ਪੰਜਾਬ ਦੇ ਪਾਣੀਆਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ।
ਅਕਾਲੀ ਆਗੂ ਨੇ ਕਿਹਾ ਕਿ ਬੁੱਧਵਾਰ ਨੂੰ ਕੇਜਰੀਵਾਲ ਵੱਲੋਂ ਮਜੀਠਾ ਵਿਚ ਕੀਤੀ ਗਈ ਸਰਕਸ ਤੋਂ ਕੋਈ ਵੀ ਵਿਅਕਤੀ ਪ੍ਰਭਾਵਿਤ ਨਹੀਂ ਹੋਇਆ। ਉਸ ਨੇ ਹਿੰਮਤ ਸਿੰਘ ਸ਼ੇਰਗਿੱਲ ਵਰਗੇ ਕਾਗਜ਼ੀ ਸ਼ੇਰ ਨੂੰ ਮੈਦਾਨ ਵਿਚ ਉਤਾਰਿਆ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਕੇਜਰੀਵਾਲ ਦਿੱਲੀ ਵਿਚ ਸਰਕਾਰ ਬਣਾਉਣ ਤੋਂ ਕੁੱਝ ਮਹੀਨਿਆਂ ਮਗਰੋਂ ਹੀ ਭੱਜ ਗਿਆ ਸੀ, ਸ਼ੇਰਗਿੱਲ ਵੀ ਮੋਹਾਲੀ ਤੋਂ ਭਗੌੜਾ ਹੋਇਆ ਹੈ। ਸ਼ੇਰਗਿੱਲ ਨੂੰ ਮੋਹਾਲੀ ਤੋਂ ਆਪ ਨੇ ਉਮੀਦਵਾਰ ਬਣਾਇਆ ਸੀ, ਪਰ ਲੋਕਾਂ ਤੋਂ ਕੋਈ ਹੁੰਗਾਰਾ ਨਾ ਮਿਲਦਾ ਵੇਖ ਕੇ ਉਹ ਆਪਣਾ ਹਲਕਾ ਛੱਡ ਕੇ ਭੱਜ ਗਿਆ। ਉਹਨਾਂ ਕਿਹਾ ਕਿ ਆਪ ਨੇ ਉਸ ਨੂੰ ਮਜੀਠਾ ਭੇਜ ਦਿੱਤਾ, ਪਰ ਇੱਥੇ ਵੀ ਉਸ ਨੂੰ ਲੱਕ ਤੋੜਵੀਂ ਹਾਰ ਦਾ ਸਾਹਮਣਾ ਕਰਨਾ ਪਵੇਗਾ।
ਸ਼ ਸਿਰਸਾ ਨੇ ਕਿਹਾ ਕਿ ਆਪ ਨੇ ਇਸ ਤੋਂ ਪਹਿਲਾਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਗੁਰਪ੍ਰੀਤ ਸਿੰਘ ਘੁੱਗੀ ਨੂੰ ਉਤਾਰਨ ਦਾ ਫੈਸਲਾ ਕੀਤਾ ਸੀ, ਪਰ ਉਹ ਟਿਕਟ ਦਾ ਐਲਾਨ ਹੋਣ ਤੋਂ ਵੀ ਪਹਿਲਾਂ ਭਗੌੜਾ ਹੋ ਗਿਆ। ਆਪ ਨੇ ਹੁਣ ਸ਼ੇਰਗਿੱਲ ਦੇ ਰੂਪ ਵਿਚ ਇੱਕ ਘੁੱਗਾ ਮੈਦਾਨ ਵਿਚ ਉਤਾਰਿਆ ਹੈ, ਜਿਸ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਵੇਗਾ।