ਚੰਡੀਗੜ੍ਹ, 26 ਦਸੰਬਰ, 2016 : ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੋਂ ਦੁਖੀ, ਭਾਰਤੀ ਕਿਸਾਨ ਯੂਨੀਅਨ ਨੇ ਸੋਮਵਾਰ ਨੂੰ ਇਥੇ ਕੈਪਟਨ ਅਮਰਿੰਦਰ ਸਿੰਘ ਨਾਲ ਇਕ ਮੀਟਿੰਗ 'ਚ ਪੰਜਾਬ ਕਾਂਗਰਸ ਨੂੰ ਸਮਰਥਨ ਦੇ ਦਿੱਤਾ, ਜਿਨ੍ਹਾਂ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਭਰੋਸਾ ਦਿੱਤਾ ਕਿ ਪਾਰਟੀ ਦੇ ਸੂਬੇ ਦੀ ਸੱਤਾ 'ਚ ਆਉਣ ਤੋਂ ਬਾਅਦ ਕਿਸਾਨਾਂ ਦੇ ਸਾਰਿਆਂ ਮੁੱਦਿਆਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾਵੇਗਾ।
ਇਸ ਮੀਟਿੰਗ 'ਚ ਬੀ.ਕੇ.ਯੂ ਦੇ ਕੌਮੀ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਭੁਪਿੰਦਰ ਸਿੰਘ ਮਾਨ ਤੇ ਸੂਬਾ ਪ੍ਰਧਾਨ ਬਲਦੇਵ ਸਿੰਘ ਮਿਆਂਪੁਰ ਸਮੇਤ ਕਈ ਬੀ.ਕੇ.ਯੂ ਮੈਂਬਰ ਸ਼ਾਮਿਲ ਰਹੇ। ਮੀਟਿੰਗ 'ਚ ਪਾਰਟੀ ਆਗੂ ਸੁਖਜਿੰਦਰ ਸਿੰਘ ਰੰਧਾਵਾ (ਵਿਧਾਇਕ) ਤੇ ਗੁਰਪ੍ਰਤਾਪ ਮਾਨ ਵੀ ਮੌਜ਼ੂਦ ਰਹੇ।
ਇਸ ਮੌਕੇ ਕੈਪਟਨ ਅਮਰਿੰਦਰ ਨੇ ਬੀ.ਕੇ.ਯੂ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਹ ਨਾ ਸਿਰਫ ਸੂਬੇ ਦੇ ਕਿਸਾਨਾਂ ਦਾ ਸਾਰਾ ਕਰਜਾ ਮੁਆਫ ਕਰਨ ਪ੍ਰਤੀ ਵਚਨਬੱਧ ਹਨ, ਸਗੋਂ ਪੰਜਾਬ 'ਚ ਕਾਂਗਰਸ ਦੀ ਅਗਲੀ ਸਰਕਾਰ ਬਣਨ ਤੋਂ ਬਾਅਦ ਬਿਨ੍ਹਾਂ ਕਿਸੇ ਦੇਰੀ ਉਨ੍ਹਾਂ ਦੀਆਂ ਹੋਰ ਸਮੱਸਿਆਵਾਂ ਦਾ ਵੀ ਹੱਲ ਕਰਨਗੇ।
ਬੀ.ਕੇ.ਯੂ ਆਗੂਆਂ ਨੇ ਐਲਾਨ ਕੀਤਾ ਕਿ ਉਹ ਭ੍ਰਿਸ਼ਟ ਤੇ ਕਿਸਾਨ ਵਿਰੋਧੀ ਬਾਦਲਾਂ ਨੂੰ ਪੰਜਾਬ ਤੋਂ ਬਾਹਰ ਕੱਢਣ 'ਚ ਕੋਈ ਕਸਰ ਬਾਕੀ ਨਹੀਂ ਛੱਡਣਗੇ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਦੀ ਜਿੱਤ ਪੁਖਤਾ ਕਰਨ ਵਾਸਤੇ ਕੰਮ ਕਰਨਗੇ। ਬੀ.ਕੇ.ਯੂ ਆਗੂਆਂ ਨੇ ਕਿਹਾ ਕਿ ਸਿਰਫ ਕੈਪਟਨ ਅਮਰਿੰਦਰ ਹੀ ਆਏ ਦਿਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਦੀ ਸਹਾਇਤਾ ਕਰ ਸਕਦੇ ਹਨ, ਜਦਕਿ ਬਾਦਲ ਉਨ੍ਹਾਂ ਦੀ ਮਾੜੀ ਹਾਲਤ 'ਤੇ ਘੜਿਆਲੀ ਅੱਥਰੂ ਵਗਾ ਰਹੇ ਹਨ।
ਬੀ.ਕੇ.ਯੂ ਆਗੂਆਂ ਨੇ ਬਾਦਲਾਂ ਉਪਰ ਕਿਸਾਨ ਵਿਰੋਧੀ ਨੀਤੀਆਂ ਰਾਹੀਂ ਕਿਸਾਨਾਂ ਨੂੰ ਖੁਦਕੁਸ਼ੀਆਂ ਦੇ ਰਾਹ ਉਪਰ ਧਕੇਲਣ ਦਾ ਦੋਸ਼ ਲਗਾਉਂਦਿਆਂ, ਕਿਸਾਨਾਂ ਦੀ ਪੈਦਾਵਾਰ ਦੀ ਸੁਸਤ ਖ੍ਰੀਦ ਦੇ ਨਾਲ ਨਾਲ ਉਨ੍ਹਾਂ ਨੂੰ ਅਦਾਇਗੀਆਂ 'ਚ ਹੋਣ ਵਾਲੀ ਦੇਰੀ ਤੋਂ ਇਲਾਵਾ, ਕਿਸਾਨ ਸਮੁਦਾਅ ਨੂੰ ਜੱਕੜੇ ਹੋਏ ਹੋਰਨਾਂ ਮੁੱਅਿਦਾਂ ਨੂੰ ਲੈ ਕੇ ਸ਼ਿਕਾਇਤ ਕੀਤੀ। ਉਨ੍ਹਾਂ ਨੇ ਕੈਪਟਨ ਅਮਰਿੰਦਰ ਨੂੰ ਪੰਜਾਬ ਦੀ ਖੇਤੀਬਾੜੀ ਨੀਤੀ 'ਤੇ ਚਰਚਾਵਾਂ ਦੌਰਾਨ ਕਿਸਾਨ ਸਮੁਦਾਅ ਨੂੰ ਵੀ ਸ਼ਾਮਿਲ ਕੀਤੇ ਜਾਣ ਦੀ ਅਪੀਲ ਕਰਦਿਆਂ, ਸੂਬੇ ਅੰਦਰ ਵੱਡੇ ਪੱਧਰ 'ਤੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦਾ ਜ਼ਿਕਰ ਵੀ ਕੀਤਾ।
ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਕਸਟੋਡਿਅਨ ਦੇ ਕਬਜੇ ਵਾਲੀਆਂ ਜ਼ਮੀਨਾਂ ਤੋਂ ਹਟਾਏ ਜਾਣ ਦਾ ਮੁੱਦਾ ਵੀ ਚੁੱਕਿਆ, ਜਿਸ 'ਤੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਇਸ ਮੁੱਦੇ ਦਾ ਹੱਲ ਕਰਨਗੇ ਤੇ ਪੁਖਤਾ ਕਰਨਗੇ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾਵੇ।
ਬੀ.ਕੇ.ਯੂ ਆਗੂਆਂ ਨੇ ਕਿਹਾ ਕਿ ਬਾਦਲ ਸਰਕਾਰ ਨੇ ਸੂਬੇ ਦੇ ਕਿਸਾਨਾਂ ਨੂੰ ਬਰਬਾਦੀ ਕੰਢੇ ਪਹੁੰਚਾ ਦਿੱਤਾ ਹੈ। ਇਸ ਦਿਸ਼ਾ 'ਚ ਅਕਾਲੀ ਆਗੂਆਂ ਦੀ ਸ਼ੈਅ ਹੇਠ, 31000 ਕਰੋੜ ਰੁਪਏ ਦੇ ਅਨਾਜ ਘੁਟਾਲੇ ਤੇ 17000 ਕਰੋੜ ਰੁਪਏ ਦੇ ਪੈਸਟੀਸਾਈਡ ਸਕੈਮ ਸਮੇਤ ਲੜੀਵਾਰ ਘੁਟਾਲਿਆਂ ਰਾਹੀਂ ਕਿਸਾਨਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝਾ ਕੀਤਾ ਗਿਆ ਹੈ।
ਇਸ ਦੌਰਾਨ ਬੀ.ਕੇ.ਯੂ ਆਗੂਆਂ ਨੇ ਕੈਪਟਨ ਅਮਰਿੰਦਰ ਦੀ ਅਗਵਾਈ 'ਤੇ ਪੂਰਾ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਬਤੌਰ ਮੁੱਖ ਮੰਤਰੀ ਉਨ੍ਹਾਂ ਦੇ ਕਾਰਜਕਾਲ 'ਚ ਕਿਸਾਨ ਤਰੱਕੀ ਕਰ ਰਹੇ ਸਨ ਅਤੇ ਇਕ ਵਾਰ ਫਿਰ ਤੋਂ ਭ੍ਰਿਸ਼ਟ ਤੇ ਅਪਰਾਧੀ ਬਾਦਲਾਂ ਵੱਲੋਂ ਪੈਦਾ ਕੀਤੇ ਸੰਕਟਾਂ ਤੋਂ ਉਨ੍ਹਾਂ ਨੂੰ ਕੱਢਣ ਲਈ ਕਿਸਾਨ ਉਨ੍ਹਾਂ ਵੱਲ ਸਹਾਇਤਾ ਲਈ ਵੇਖ ਰਹੇ ਹਨ। ਬੀ.ਕੇ.ਯੂ ਆਗੂਆਂ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਕਿਸਾਨਾਂ ਦੇ ਅਸਲੀ ਮਸੀਹਾ ਹਨ ਤੇ ਸਿਰਫ ਕੈਪਟਨ ਅਮਰਿੰਦਰ ਹੀ ਕਿਸਾਨਾਂ ਨੂੰ ਬਰਬਾਦੀ ਤੋਂ ਬਚਾ ਕੇ, ਖੇਤੀਬਾੜੀ ਖੇਤਰ ਨੂੰ ਮੁੜ ਪੱਟੜੀ 'ਤੇ ਲਿਆ ਸਕਦੇ ਹਨ।