ਚੰਡੀਗੜ੍ਹ, 11 ਦਸੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਕ ਅਕਾਲੀ ਸਰਪੰਚ ਦੇ ਸੱਤਾ ਦੇ ਨਸ਼ੇ 'ਚ ਚੂਰ ਬੇਟਿਆਂ ਵੱਲੋਂ ਬਠਿੰਡਾ 'ਚ ਪੁਲਿਸ ਹੈਡ ਕਾਂਸਟੇਬਲ ਨੂੰ ਬੇਰਹਮੀ ਨਾਲ ਕੁੱਟਣ ਤੇ ਨੰਗਾ ਕਰਕੇ ਪਰੇਡ ਕਰਵਾਉਣ ਦੀ ਘਟਨਾ ਦੀ ਨਿੰਦਾ ਕਰਦਿਆਂ, ਕਿਹਾ ਹੈ ਕਿ ਬਾਦਲਾਂ ਨੇ ਪੰਜਾਬ ਨੂੰ ਸੁਤੰਤਰਤਾ ਤੋਂ ਪਹਿਲਾਂ ਵਾਲੇ ਅਰਾਜਕਤਾ ਦੇ ਦਿਨਾਂ 'ਚ ਧਕੇਲ ਦਿੱਤਾ ਹੈ ਅਤੇ ਉਹ ਸਰਕਾਰੀ ਮੁਲਾਜ਼ਮਾਂ ਨਾਲ ਗੁਲਾਮਾਂ ਵਰਗਾ ਵਤੀਰਾ ਅਪਣਾਉਂਦਿਆਂ, ਉਨ੍ਹਾਂ ਨੂੰ ਅਪਮਾਨਿਤ ਤੇ ਪ੍ਰਤਾੜਤ ਕਰ ਰਹੇ ਹਨ। ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਜਿਸ ਤਰੀਕੇ ਨਾਲ ਹੈਡ ਕਾਂਸਟੇਬਲ ਮਲਕੀਤ ਸਿੰਘ ਨਾਲ ਮਾਰਕੁੱਟ ਕੀਤੀ ਗਈ ਅਤੇ ਉਸਨੂੰ ਨੰਗਾ ਕਰਕੇ ਸਰ੍ਹੇਆਪ ਪਰੇਡ ਕਰਵਾ ਕੇ ਪ੍ਰਤਾੜਤ ਕੀਤਾ ਗਿਆ ਤੇ ਇਥੋਂ ਤੱਕ ਕਿ ਉਸਨੂੰ ਵੀਰ ਕਲਾਂ ਦੇ ਸਰਪੰਚ ਦੇ ਬੇਟਿਆਂ ਦੇ ਬੂਟ ਚੱਟਣ ਲਈ ਮਜ਼ਬੂਰ ਕੀਤਾ ਗਿਆ, ਸਾਫ ਦਰਸਾਉਂਦਾ ਹੈ ਕਿ ਬਾਦਲ ਦੀ ਅਗਵਾਈ ਵਾਲੇ ਅਕਾਲੀ ਸੱਤਾ ਦੇ ਅਹੰਕਾਰ 'ਚ ਕਿਸ ਹੱਦ ਤੱਕ ਡਿੱਗ ਚੁੱਕੇ ਹਨ।
ਇਸ ਲੜੀ ਹੇਠ ਪ੍ਰਤਾੜਤ ਪੁਲਿਸ ਵਾਲੇ ਨੂੰ ਅਪਣਾ ਸਮਰਥਨ ਪ੍ਰਗਟਾਉਂਦਿਆਂ, ਕੈਪਟਨ ਅਮਰਿੰਦਰ ਨੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਸਰਕਾਰੀ ਮੁਲਾਜ਼ਮਾਂ ਨਾਲ ਅਜਿਹੀ ਮਾਰਕੁੱਟ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਹਾਲਾਤਾਂ ਦੀ ਗੰਭੀਰਤਾ ਇਸ ਗੰਭੀਰ ਅਪਰਾਧ ਲਈ ਕਸੂਰਵਾਰਾਂ ਖਿਲਾਫ ਤੁਰੰਤ ਤੇ ਸਖ਼ਤ ਕਾਰਵਾਈ ਕੀਤੇ ਜਾਣ ਦੀ ਲੋੜ 'ਤੇ ਜ਼ੋਰ ਦਿੰਦੀ ਹੈ।
ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਇਹ ਘਟਨਾ ਸੂਬੇ ਅੰਦਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੂਰੀ ਤਰ੍ਹਾਂ ਨਾਲ ਬਿਗੜ ਚੁੱਕੀ ਕਾਨੂੰਨ ਤੇ ਵਿਵਸਕਾ ਦੀ ਸਥਿਤੀ ਨੂੰ ਦਰਸਾਉਂਦੀ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਉਕਤ ਘਟਨਾ ਇਹ ਵੀ ਦਰਸਾਉਂਦੀ ਹੈ ਕਿ ਅਕਾਲੀਆਂ ਦਾ ਲੋਕਾਂ ਪ੍ਰਤੀ ਵਿਹਾਰ ਕਿੰਨੀ ਸ਼ਰਮਨਾਕ ਹਾਲਤ ਤੱਕ ਹੇਠਾਂ ਡਿੱਗ ਚੁੱਕਾ ਹੈ।
ਜਿਸ ਸਬੰਧੀ ਕੈਪਟਨ ਅਮਰੰਦਰ ਨੇ ਐਲਾਨ ਕੀਤਾ ਹੈ ਕਿ ਉਹ ਹਰੇਕ ਦੋਸ਼ੀ ਅਕਾਲੀ ਨੂੰ ਉਸਦੇ ਗੁਨਾਹਾਂ ਦੀ ਸਜਾ ਦਿਲਾਉਣਗੇ। ਉਹ ਵਾਅਦਾ ਕਰਦੇ ਹਨ ਕਿ ਉਹ ਵਿਅਕਤੀਗਤ ਤੌਰ 'ਤੇ ਪੁਖਤਾ ਕਰਨਗੇ ਕਿ ਇਨ੍ਹਾਂ 'ਚੋਂ ਹਰੇਕ ਨੂੰ ਜੇਲ੍ਹ ਅੰਦਰ ਸੁੱਟਿਆ ਜਾਵੇ।
ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਇਸ ਗੱਲ ਦੀ ਕਲਪਨਾ ਕਰਨ ਦੀ ਲੋੜ ਨਹੀਂ ਹੈ ਕਿ ਜਿਹੜੀ ਸੱਤਾਧਾਰੀ ਪਾਰਟੀ ਆਪਣੇ ਪੁਲਿਸ ਵਾਲਿਆਂ ਨਾਲ ਅਜਿਹੇ ਸ਼ਰਮਨਾਕ ਤਰੀਕੇ ਨਾਲ ਵਤੀਰਾ ਅਪਣਾ ਕੇ ਉਨ੍ਹਾਂ ਨੂੰ ਬੇਇਜੱਤ ਕਰ ਰਹੀ ਹੈ, ਉਸਦਾ ਬੀਤੇ 10 ਸਾਂ ਦੌਰਾਨ ਆਮ ਨਾਗਰਿਕਾਂ ਨਾਲ ਕਿਹੋ ਜਿਹਾ ਵਤੀਰਾ ਰਿਹਾ ਹੋਵੇਗਾ। ਪੰਜਾਬ ਦੇ ਲੋਕ ਲਗਾਤਾਰ ਸੱਤਾ 'ਚ ਚੂਰ ਅਕਾਲੀ ਆਗੂਆਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਗੁੱਸੇ ਦੇ ਅੱਤ ਹੇਠਾਂ ਜੀਅ ਰਹੇ ਹਨ।
ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਅਕਾਲੀ ਆਗੂਆਂ ਨੇ ਸੂਬੇ ਦੇ ਪੁਲਿਸ ਵਾਲਿਆਂ ਤੇ ਆਮ ਨਾਗਰਿਕਾਂ ਖਿਲਾਫ ਹਿੰਸਾ ਤੇ ਅੱਤ ਵਰ੍ਹਾਇਆ ਹੋਵੇ। ਸਗੋਂ ਸਤੰਬਰ 'ਚ ਇਕ ਸਾਬਕਾ ਅਕਾਲੀ ਸਰਪੰਚ ਤੇ ਉਸਦੇ ਸਾਥੀਆਂ ਨੇ ਬਟਾਲਾ ਸਥਿਤ ਇਕ ਹੈਡ ਕਾਂਸਟੇਬਲ ਨਾਲ ਮਾਰਕੁੱਟ ਕੀਤੀ ਸੀ। ਕੁਝ ਹਫਤੇ ਪਹਿਲਾਂ ਪ੍ਰਧਾਨ ਮੰਤਰੀ ਦੀ ਰੈਲੀ ਦੋਰਾਨ ਇਕ ਬਜ਼ੁਰਗ ਔਰਤ ਨੂੰ ਸਿਰਫ ਇਸ ਲਈ ਕੁੱਟਿਆ ਗਿਆ ਸੀ, ਕਿਉਂਕਿ ਉਸਨੇ ਅੰਨਿਆਂ ਵਿਰੁੱਧ ਆਪਣੀ ਅਵਾਜ਼ ਚੁੱਕੀ ਸੀ।
ਕੈਪਟਨ ਅਮਰਿੰਦਰ ਨੇ ਸੂਬੇ ਅੰਦਰ ਅਰਾਜਕਤਾਪੂਰਨ ਮਾਹੌਲ ਲਈ ਬਾਦਲਾਂ ਨੂੰ ਦੋਸ਼ੀ ਠਹਿਰਾਇਆ ਹੈ, ਜਿਹੜਾ ਉਨ੍ਹਾਂ ਵੱਲੋਂ ਸਿੱਧੇ ਤੌਰ 'ਤੇ ਸੂਬੇ ਅੰਦਰ ਗੁੰਡਿਆਂ ਤੇ ਮਾਫੀਆਵਾਂ ਨੂੰ ਸ਼ੈਅ ਦੇਣ ਦਾ ਨਤੀਜ਼ਾ ਹੈ। ਇਥੋਂ ਤੱਕ ਕਿ ਹੁਣ ਹਾਲਾਤਾਂ ਨੂੰ ਸੁਧਾਰਨ ਵਾਸਤੇ ਕੋਸ਼ਿਸ਼ਾਂ ਕਰਨ ਦੀ ਬਜਾਏ, ਬਾਦਲ ਚੋਣਾਂ ਦੇ ਤੋਹਫਿਆਂ ਤੇ ਵਾਅਦਿਆਂ ਰਾਹੀਂ ਵੋਟਰਾਂ ਨੂੰ ਭਰਮਾਉਣ ਦੀਆਂ ਕੋਸ਼ਿਸ਼ਾਂ ਕਰਨ 'ਚ ਵਿਅਸਤ ਹਨ, ਤਾਂ ਜੋ ਉਹ ਬੀਤੇ 10 ਸਾਲਾਂ ਦੇ ਆਪਣੇ ਗੁਨਾਹਾਂ ਉਪਰ ਪਰਦਾ ਪਾ ਸਕਣ। ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਸਰਕਾਰ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਆਰਥਿਕ ਤੇ ਸਮਾਜਿਕ ਬਦਹਾਲੀ 'ਚ ਧਕੇਲ ਦਿੱਤਾ ਹੈ।
ਇਸ ਦਿਸ਼ਾ 'ਚ ਬਾਦਲ ਸਰਕਾਰ ਵੱਲੋਂ ਹਰ ਆਏ ਦਿਨ ਜ਼ਲਦਬਾਜ਼ੀ 'ਚ ਕੀਤੇ ਜਾ ਰਹੇ ਫੈਸਲੇ ਤੇ ਐਲਾਨ, ਲੋਕਾਂ ਨੂੰ ਜ਼ਿਆਦਾ ਵਕਤ ਤੱਕ ਬੇਵਕੂਫ ਨਹੀਂ ਬਣਾ ਸਕਦੇ। ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਅਕਾਲੀਆਂ ਦੀਆਂ ਲੋਕ ਵਿਰੋਧੀ ਨੀਤੀਆ ਦਾ ਪੂਰੀ ਤਰ੍ਹਾਂ ਨਾਲ ਭਾਂਡਾਫੋੜ ਹੋ ਚੁੱਕਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਪੰਜਾਬ ਦੇ ਹਰੇਕ ਵਰਗ 'ਚ ਤਨਾਅ ਅਤੇ ਪ੍ਰੇਸ਼ਾਨੀ ਫੈਲ੍ਹੀ ਹੋਈ ਹੈ। ਜਿਨ੍ਹਾਂ ਨੇ ਇਸ ਸਬੰਧ 'ਚ ਭ੍ਰਿਸ਼ਟ ਤੇ ਲਾਲਚੀ ਅਕਾਲੀਆਂ ਦੇ ਕੁਸ਼ਾਸਨ ਦੇ ਬੋਝ ਹੇਠਾਂ ਦੱਬ ਰਹੇ ਸਰਕਾਰੀ ਮੁਲਾਜ਼ਮਾਂ, ਅਧਿਆਪਕਾਂ ਤੇ ਸਮਾਜ ਦੇ ਹੋਰ ਵਰਗਾਂ ਵੱਲੋਂ ਕੀਤੇ ਜਾ ਰਹੇ ਅੰਦੋਲਨਾਂ ਤੇ ਪ੍ਰਦਰਸ਼ਨਾਂ ਦਾ ਜ਼ਿਕਰ ਕੀਤਾ ਹੈ।