ਪਟਨਾ ਸਾਹਿਬ, 3 ਜਨਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੱਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਦੇ ਜਸ਼ਨਾਂ ਮੌਕੇ ਮੰਗਲਵਾਰ ਨੂੰ ਪਵਿੱਤਰ ਤਖਤ ਸ੍ਰੀ ਪਟਨਾ ਸਾਹਿਬ 'ਚ ਅਰਦਾਸ ਕੀਤੀ ਗਈ।
ਕੈਪਟਨ ਅਮਰਿੰਦਰ ਨੇ ਪਰਿਕ੍ਰਮਾ ਲੈਣ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ 'ਚ ਅਰਦਾਸ 'ਚ ਹਿੱਸਾ ਲਿਆ। ਉਨ੍ਹਾਂ ਦਾ ਪ੍ਰਕਾਸ਼ ਉਤਸਵ ਜਸ਼ਨ ਕਮੇਟੀ ਦੇ ਚੇਅਰਮੈਨ ਵੱਲੋਂ ਵੀ ਸਵਾਗਤ ਕੀਤਾ ਗਿਆ।
ਇਸ ਮੌਕੇ ਸ੍ਰੀ ਪਟਨਾ ਸਾਹਿਬ, ਜਿਨ੍ਹਾਂ ਨੂੰ ਤਖਤ ਸ੍ਰੀ ਹਰਮੰਦਿਰ ਸਾਹਿਬ ਵੀ ਕਿਹਾ ਜਾਂਦਾ ਹੈ, ਦੇ ਹੈੱਡ ਗ੍ਰੰਥੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਇਕ ਸਿਰੋਪਾ ਤੇ ਸ਼ਾਲ ਭੇਂਟ ਕੀਤੇ।
ਬਾਅਦ 'ਚ ਕੈਪਟਨ ਅਮਰਿੰਦਰ ਇਤਿਹਾਸਿਕ ਗਾਂਧੀ ਮੈਦਾਨ 'ਚ ਪਵਿੱਤਰ ਧਾਰਮਿਕ ਅਸਥਾਨ ਦੇ ਸਮਾਨ ਸਰੂਪ 'ਚ ਵੀ ਗਏ। ਜਿਥੇ ਉਨ੍ਹਾਂ ਨੇ ਦੂਰ ਦੁਰਾਡੇ ਤੋਂ ਇਨ੍ਹਾਂ ਇਤਿਹਾਸਿਕ ਜਸ਼ਨਾਂ 'ਚ ਹਿੱਸਾ ਲੈਣ ਪਹੁੰਚੀਆਂ ਸੰਗਤਾਂ ਨਾਲ ਨਗਰ ਕੀਰਤਨ ਨੂੰ ਸੁਣਿਆ। ਉਨ੍ਹਾਂ ਨੇ ਖੁਦ ਲੰਗਰ ਪ੍ਰਸਾਦ ਖਾਣ ਤੋਂ ਪਹਿਲਾਂ ਲੰਗਰ ਦੀ ਸੇਵਾ ਵੀ ਕੀਤੀ।
ਉਨ੍ਹਾਂ ਨੂੰ ਗਾਂਧੀ ਮੈਦਾਨ ਦੇ ਲੰਗਰ ਸੇਵਾਦਾਰ ਵੱਲੋਂ ਵੀ ਇਕ ਸਿਰੋਪਾ ਭੇਂਟ ਕੀਤਾ ਗਿਆ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਉਨ੍ਹਾਂ ਵਾਸਤੇ ਇਕ ਖੁਸ਼ੀ ਦਾ ਮੌਕਾ ਹੈ, ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਧਰਮ ਦੇ ਇਤਿਹਾਸ ਨੂੰ ਰੂਪ ਦੇਣ 'ਚ ਇਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਉਨ੍ਹਾਂ ਨੂੰ ਸਾਰੇ ਸਮੁਦਾਆਂ ਦੇ ਲੋਕਾਂ ਵੱਲੋਂ ਇਕ ਸੁਧਾਰਕ ਮੰਨਿਆ ਜਾਂਦਾ ਹੈ, ਜਿਹੜੇ ਨਾ ਸਿਰਫ ਇਕ ਧਰਮ ਗੁਰੂ, ਸਗੋਂ ਇਕ ਵਿਚਾਰਕ ਵੀ ਸਨ, ਜਿਨ੍ਹਾਂ ਦੇ ਵਿਚਾਰ ਧਰਮ ਤੇ ਜਾਤ ਦੀਆਂ ਸੀਮਾਵਾਂ ਪਾਰ ਫੈਲ੍ਹੇ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਾਰ ਸਿੱਖ ਵਿਚਾਰਧਾਰਾ ਦਾ ਇਕ ਅਹਿਮ ਹਿੱਸਾ ਹਨ ਅਤੇ ਲੋਕਾਂ ਵੱਲੋਂ ਉਨ੍ਹਾਂ ਦਾ ਆਪਣੀ ਰੋਜ਼ਾਨਾ ਦੀ ਜ਼ਿੰਦਗੀ 'ਚ ਪਾਲਣ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਥਾਪਨਾ ਦਾ ਮੌਕੇ ਸਿੱਖਵਾਦ ਦੇ ਇਤਿਹਾਸ 'ਚ ਸੱਭ ਤੋਂ ਮਹੱਤਵਪੂਰਨ ਮੌਕਿਆਂ 'ਚੋਂ ਇਕ ਹੈ।
ਗਾਂਧੀ ਮੈਦਾਨ 'ਚ ਮੌਜ਼ੂਦਗੀ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਉਨ੍ਹਾਂ ਦੇ ਪਰਿਵਾਰ ਦੇ ਨਜ਼ਦੀਕੀ ਸਬੰਧਾਂ ਬਾਰੇ ਦੱਸਿਆ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਪਹਿਲਾਂ ਹੁਕਮਨਾਮਾ ਉਨ੍ਹਾਂ ਦੇ ਪਰਿਵਾਰ ਨੂੰ ਭੇਜਿਆ ਗਿਆ ਸੀ। ਸ੍ਰੀ ਦਮਦਮਾ ਸਾਹਿਬ ਤੋਂ ਇਕ ਵਾਰ ਫਿਰ ਉਨ੍ਹਾਂ ਦੇ ਪਰਿਵਾਰ ਨੂੰ ਹੁਕਮਨਾਮੇ ਸਮੇਤ 11 ਹਥਿਆਰ ਭੇਜੇ ਗਏ ਸਨ, ਜਿਹੜੇ ਹਾਲੇ ਵੀ ਉਨ੍ਹਾਂ ਦੇ ਪਟਿਆਲਾ ਨਿਵਾਸ 'ਚ ਸੁਸ਼ੋਭਿਤ ਹਨ।
ਇਸ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੇ ਜਸ਼ਨਾਂ ਦੀ ਸਫਲਤਾ ਲਈ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਤੇ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਗਏ ਸ਼ਾਨਦਾਰ ਪ੍ਰਬੰਧਾਂ ਦੀ ਕੈਪਟਨ ਅਮਰਿੰਦਰ ਨੇ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜਸ਼ਨਾਂ 'ਚ ਹਿੱਸਾ ਲੈਣ ਲਈ ਸ਼ਹਿਰ 'ਚ ਪਹੁੰਚਣ ਵਾਲੇ ਲੱਖਾਂ ਸੰਗਤਾਂ ਲਈ ਇਸ ਮੌਕੇ ਨੂੰ ਯਾਦਗਾਰ ਬਣਾਉਣ ਵਾਸਤੇ ਕੋਈ ਵੀ ਮੌਕਾ ਨਹੀਂ ਛੱਡਿਆ ਗਿਆ ਪ੍ਰਤੀਤ ਹੁੰਦਾ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਪੰਜਾਬ ਮਾਮਲਿਆਂ ਲਈ ਏ.ਆਈ.ਸੀ.ਸੀ ਇੰਚਾਰਜ਼ ਆਸ਼ਾ ਕੁਮਾਰੀ ਤੋਂ ਇਲਾਵਾ, ਉਨ੍ਹਾਂ ਦੇ ਦੋਤਰੇ ਨਿਰਵਾਨ ਸਿੰਘ, ਨਜ਼ਦੀਕੀ ਬੀ.ਆਈ.ਐਸ ਚਾਹਲ ਅਤੇ ਕਰਨ ਸੇਖੋਂ, ਓ.ਐਸ.ਡੀ ਸਮੇਤ ਬਿਹਾਰ ਦੇ ਕਈ ਮੰਤਰੀ, ਸੰਸਦ ਮੈਂਬਰ ਅਤੇ ਵਿਧਾਇਕਾਂ ਸਮੇਤ ਬਿਹਾਰ ਕਾਂਗਰਸ ਦੇ ਪ੍ਰਧਾਨ ਤੇ ਸਿੱਖਿਆ ਅਤੇ ਆਈ.ਟੀ ਮੰਤਰੀ ਡਾ. ਅਸ਼ੋਕ ਚੌਧਰੀ, ਬਿਹਾਰ ਦੇ ਮਾਲ ਅਤੇ ਭੂਮੀ ਸੁਧਾਰ ਮੰਤਰੀ ਮਦਨ ਮੋਹਨ ਝਾ, ਸਾਂਸਦ ਸ਼ਕੀਲ ਅਹਿਮਦ, ਬਿਹਾਰ ਦੇ ਪਸ਼ੂ ਪਾਲਣ ਮੰਤਰੀ ਅਵਧੇਸ਼ ਕੁਮਾਰ ਅਤੇ ਬਿਹਾਰ ਕਾਂਗਰਸ ਦੀ ਵਿਧਾਇਕ ਭਾਵਨਾ ਝਾ ਵੀ ਮੌਜ਼ੂਦ ਰਹੇ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ, 1666 ਨੂੰ ਪਟਨਾ, ਬਿਹਾਰ ਵਿਖੇ ਹੋਇਆ ਸੀ ਅਤੇ ਉਨ੍ਹਾਂ ਨੇ ਆਪਣੇ ਸ਼ੁਰੂਆਤੀ ਸਾਲ ਇਸੇ ਸ਼ਹਿਰ 'ਚ ਗੁਜਾਰੇ ਸਨ, ਜਿਸਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਪੈਣ ਦਾ ਸਨਮਾਨ ਵੀ ਮਿਲਿਆ। ਇਸ ਗੁਰਦੁਆਰਾ ਸਾਹਿਬ ਦਾ ਨਿਰਮਾਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ 'ਚ ਕੀਤਾ ਗਿਆ ਸੀ ਅਤੇ ਹਰ ਸਾਲ ਇਥੇ ਲੱਖਾਂ ਸਿੱਖ ਸ਼ਰਧਾਲੂ ਇਕੱਠੇ ਹੁੰਦੇ ਹਨ।
ਦਸੰਬਰ 2016 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਜਨਮ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਅਤੇ ਇਸ ਮੌਕੇ ਸ੍ਰੀ ਪਟਨਾ ਸਾਹਿਬ ਵਿਖੇ ਵਿਸ਼ੇਸ਼ ਪ੍ਰੋਗਰਾਮਾਂ ਦਾ ਅਯੋਜਨ ਕੀਤਾ ਰਿਹਾ ਹੈ। ਇਹ ਧਾਰਮਿਕ ਸਥਾਨ ਵਿਸ਼ਵ ਭਰ ਦੇ ਸਿੱਖਾਂ ਲਈ ਖਿੱਚ ਦਾ ਕੇਂਦਰ ਹੈ, ਜਿਹੜੇ ਇਸ ਪਵਿੱਤਰ ਸਥਾਨ 'ਤੇ ਮੱਥਾ ਟੇਕਦੇ ਹਨ ਅਤੇ ਦੁਆਵਾਂ ਮੰਗਦੇ ਹਨ।