ਬਰਨਾਲਾ, 19 ਨਵੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਭ੍ਰਿਸ਼ਟ ਤੇ ਮਾਫੀਆ ਦੀ ਅਗੁਵਾਈ ਕਰਨ ਵਾਲੀ ਬਾਦਲ ਸਰਕਾਰ ਨੂੰ ਉਖਾੜ ਸੁੱਟਣ ਦਾ ਐਲਾਨ ਕੀਤਾ ਹੈ, ਜਿਹੜੀ ਬੀਤੇ 10 ਸਾਲਾਂ ਤੋਂ ਸੂਬੇ ਨੂੰ ਲੁੱਟ ਰਹੀ ਹੈ। ਉਨ੍ਹਾਂ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਕਾਂਗਰਸ ਦੇ ਦੋ ਤਿਹਾਈ ਬਹੁਮਤ ਨਾਲ ਸੱਤਾ 'ਚ ਆਉਣ 'ਤੇ ਉਹ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਖਾਤਿਰ ਸੂਬਾ ਵਿਧਾਨ ਸਭਾ 'ਚ ਨਵਾਂ ਕਾਨੂੰਨ ਲੈ ਕੇ ਆਉਣਗੇ।
ਬਾਦਲਾਂ 'ਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ 'ਚ ਅਸਫਲ ਰਹਿਣ ਦਾ ਦੋਸ਼ ਲਗਾਉਂਦਿਆਂ ਕੈਪਟਨ ਅਮਰਿੰਦਰ ਨੇ ਐਲਾਨ ਕੀਤਾ ਕਿ ਅਸੀਂ ਉਨ੍ਹਾਂ ਨੂੰ ਸਬਕ ਸਿਖਾਉਣਾ ਹੈ।
ਏ.ਆਈ.ਸੀ.ਸੀ ਪੰਜਾਬ ਮਾਮਲਿਆਂ ਦੀ ਇੰਚਾਰਜ਼ ਆਸ਼ਾ ਕੁਮਾਰੀ ਤੇ ਬਰਨਾਲਾ ਤੋਂ ਵਿਧਾਇਕ ਕੇਵਲ ਸਿੰਘ ਢਿਲੋਂ ਸਮੇਤ ਕਈ ਕਾਂਗਰਸੀ ਆਗੂਆਂ ਦੀ ਮੌਜ਼ੂਦਗੀ 'ਚ ਕੈਪਟਨ ਅਮਰਿੰਦਰ ਨੇ ਸੱਤਾ 'ਚ ਆਉਣ 'ਤੇ 2.5 ਲੱਖ ਰੁਪਏ ਤੋਂ ਘੱਟ ਆਮਦਨ ਵਾਲੇ ਲੋਕਾਂ ਦਾ ਜਾਇਦਾਦ ਟੈਕਸ ਮੁਆਫ ਕਰਨ ਅਤੇ ਸਮਾਜ ਦੇ ਹੋਰਨਾਂ ਵਰਗਾਂ ਲਈ ਇਸਨੂੰ ਘਟਾਉਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸੂਬੇ 'ਚ ਮੁਫਤ ਬਿਜਲੀ ਦੀ ਸਬਸਿਡੀ ਜ਼ਾਰੀ ਰਹੇਗੀ ਅਤੇ ਮੌਜ਼ੂਦਾ ਆਟਾ-ਦਾਲ ਸਕੀਮ 'ਚ ਖੰਡ ਤੇ ਚਾਹ ਵੀ ਜੋੜੇ ਜਾਣਗੇ।
ਬਰਨਾਲਾ ਜ਼ਿਲ੍ਹੇ ਦੀ 10ਵੀਂ ਵਰ੍ਹੇਗੰਢ ਮੌਕੇ ਇਥੇ ਅਯੋਜਿਤ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਬਾਦਲ ਪਿਓ-ਪੁੱਤ ਨੂੰ ਹਰਸਿਮਰਤ ਕੌਰ ਬਾਦਲ ਤੇ ਬਿਕ੍ਰਮ ਸਿੰਘ ਮਜੀਠੀਆ ਸਮੇਤ ਸੂਬੇ ਦੀ ਸਰਹੱਦ ਤੋਂ ਬਾਹਰ ਸੁੱਟਣ ਦਾ ਵਾਅਦਾ ਕੀਤਾ।
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੇ ਖੂਨ 'ਚ ਕੁਝ ਖਰਾਬੀ ਹੈ। ਇਹ ਸਾਰੇ ਝੂਠੇ ਤੇ ਲੁਟੇਰੇ ਹਨ, ਜਿਹੜੇ ਬੀਤੇ 10 ਸਾਲਾਂ ਤੋਂ ਦਿਨ-ਪ੍ਰਤੀ ਦਿਨ ਪੰਜਾਬ ਨੂੰ ਲੁੱਟ ਰਹੇ ਹਨ। ਪ੍ਰਦੇਸ਼ ਕਾਂਗਰਸ ਕਮੇਟੀ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਨੂੰ ਆਪਣੇ ਗੁਨਾਹਾਂ ਤੋਂ ਬੱਚ ਕੇ ਨਹੀਂ ਨਿਕਲਣ ਦਿੱਤਾ ਜਾਵੇਗਾ। ਉਹ ਪੁਖਤਾ ਕਰਨਗੇ ਕਿ ਇਨ੍ਹਾਂ ਨੂੰ ਸਜ਼ਾ ਮਿਲੇ ਅਤੇ ਇਨ੍ਹਾਂ ਨੂੰ ਦੋਸ਼ੀ ਪਾਏ ਜਾਣ 'ਤੇ ਜੇਲ੍ਹ ਭੇਜਿਆ ਜਾਵੇ।
ਬਾਦਲ 'ਤੇ ਉਨ੍ਹਾਂ ਦੇ ਸੰਗਤ ਦਰਸ਼ਨਾਂ ਲਈ ਵਰ੍ਹਦਿਆਂ, ਜਿਸ ਬਾਰੇ ਰੱਬ ਹੀ ਜਾਣਦਾ ਹੈ ਕਿ ਹਰ ਦਿਨ ਕਿੰਨੇ ਚੈੱਕ ਪਾਸ ਹੁੰਦੇ ਹਨ, ਕੈਪਟਨ ਅਮਰਿੰਦਰ ਨੇ ਕਿਹਾ ਕਿ ਅਕਾਲੀ ਆਗੂਆਂ ਨੂੰ ਨਿਆਂ ਦੇ ਕਟਹਿਰੇ 'ਚ ਖੜ੍ਹਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਪੰਜਾਬ ਕਾਂਗਰਸ ਆਗੂ ਨੇ ਬਾਦਲਾਂ ਵੱਲੋਂ ਕੇਬਲ, ਰੇਤ ਤੇ ਹੋਰ ਮਾਫੀਆਵਾਂ ਸਮੇਤ ਚਲਾਏ ਜਾਣ ਵਾਲੇ ਟਰਾਂਸਪੋਰਟ ਮਾਫੀਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਨ੍ਹਾਂ ਤੋਂ ਟਰਾਂਸਪੋਰਟ ਨੇਟਵਰਕ ਖੋਹ ਲਵੇਗੀ ਅਤੇ ਉਸਨੂੰ ਸੂਬੇ ਦੇ ਬੇਰੁਜ਼ਗਾਰ ਨੌਜ਼ਵਾਨਾਂ ਹਵਾਲੇ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਦੇ ਪੰਜਾਬ ਦੀ ਸੱਤਾ 'ਚ ਆਉਣ 'ਤੇ ਹਰੇਕ ਪਰਿਵਾਰ ਦੇ ਇਕ ਵਿਅਕਤੀ ਨੂੰ ਨੋਕਰੀ ਦੇਣ ਦਾ ਆਪਣਾ ਵਾਅਦਾ ਦੁਹਰਾਇਆ।
ਇਸੇ ਤਰ੍ਹਾਂ, ਬਾਦਲ ਦੇ ਕੁਸ਼ਾਸਲ 'ਚ ਸੂਬੇ ਤੋਂ ਬਾਹਰ ਜਾਣ ਲਈ ਮਜ਼ਬੂਰ ਕੀਤੇ ਜਾ ਰਹੇ, ਪ੍ਰਤਾੜਿਤ ਉਦਯੋਗਾਂ ਪ੍ਰਤੀ ਪਾਰਟੀ ਦਾ ਪੂਰਾ ਸਮਰਥਨ ਪ੍ਰਗਟਾਉਂਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਮੈਨਿਫੈਸਟੋ 'ਚ ਇਸ ਸਬੰਧੀ ਕਈ ਪ੍ਰਕਾਰ ਦੀਆਂ ਰਾਹਤਾਂ ਦਾ ਐਲਾਨ ਕੀਤਾ ਜਾਵੇਗਾ।
ਜਦਕਿ ਨਰਿੰਦਰ ਮੋਦੀ ਸਰਕਾਰ ਦੀ ਗੈਰ ਸੰਗਠਿਤ ਨੋਟਬੰਦੀ ਦੀ ਨੀਤੀ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਭ੍ਰਿਸ਼ਟਾਚਾਰ ਤੇ ਕਾਲੇ ਧੰਨ ਨੂੰ ਖਤਮ ਕਰਨ 'ਚ ਸਹਾਇਤਾ ਨਹੀਂ ਕਰ ਰਹੀ ਹੈ, ਸਗੋਂ ਇਸ ਨਾਲ ਸਿਰਫ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਦੇਸ਼ ਦੇ 50 ਪ੍ਰਤੀਸ਼ਤ ਲੋਕਾਂ ਕੋਲ ਬੈਂਕ ਖਾਤੇ ਵੀ ਨਹੀਂ ਹਨ ਅਤੇ ਨੋਟਬੰਦੀ ਕਾਰਨ ਪੈਦਾ ਹੋਏ ਨਗਦੀ ਦੇ ਸੰਕਟ ਦੇ ਸਿੱਟੇ ਵਜੋਂ ਸੂਬੇ ਦੇ ਲੋਕਾਂ ਨੂੰ ਬੁਰੇ ਹਾਲਾਤਾਂ 'ਚ ਧਕੇਲਣ ਲਈ ਪ੍ਰਧਾਨ ਮੰਤਰੀ ਸਮੇਤ ਕੇਂਦਰੀ ਵਿੱਤ ਮੰਤਰੀ ਅਰੂਨ ਜੇਤਲੀ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਵੀ ਵਰ੍ਹੇ।
ਬਰਨਾਲਾ ਦੇ ਨਾਲ ਆਪਣੇ ਪਰਿਵਾਰ ਦੇ 300 ਸਾਲ ਪੁਰਾਣੇ ਰਿਸ਼ਤੇ ਨੂੰ ਯਾਦ ਕਰਦਿਆਂ ਕੈਪਟਨ ਅਮਰਿੰਦਰ ਨੇ ਅਕਾਲੀ ਸਰਕਾਰ 'ਤੇ ਦੁਸ਼ਮਣੀ ਦੀ ਸਿਆਸਤ ਹੇਠ ਜ਼ਿਲ੍ਹੇ ਨੂੰ ਵਿਕਾਸ ਤੋਂ ਦੂਰ ਰੱਖਣ ਦਾ ਦੋਸ਼ ਲਗਾਇਆ, ਕਿਉਂਕਿ ਉਨ੍ਹਾਂ ਨੇ ਇਹ ਜ਼ਿਲ੍ਹਾ ਬਣਾਇਆ ਸੀ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਬਰਨਾਲਾ 'ਚ ਕੋਈ ਸਰਕਾਰੀ ਕਾਲਜ਼ ਨਹੀਂ ਹੈ ਤੇ ਨਾ ਹੀ ਕੋਈ ਹਸਪਤਾਲ ਹੈ, ਜਿਥੇ ਵੱਡੇ ਪੱਧਰ 'ਤੇ ਕੈਂਸਰ ਫੈਲ੍ਹਿਆ ਹੋਇਆ ਹੈ।
ਇਸ ਮੌਕੇ ਪੰਜਾਬ ਭਾਜਪਾ ਵਪਾਰ ਮੰਡਲ ਦੇ ਪ੍ਰਧਾਨ ਨਾਇਬ ਸਿੰਘ ਕਾਲਾ ਆਪਣੇ 200 ਸਮਰਥਕਾਂ ਸਮੇਤ ਭਾਜਪਾ ਛੱਡਣ ਤੋਂ ਬਾਅਦ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ। ਜਿਨ੍ਹਾਂ ਦਾ ਕੈਪਟਨ ਅਮਰਿੰਦਰ ਵੱਲੋਂ ਬੁੱਧ ਰਾਮ ਸਮੇਤ ਪਾਰਟੀ 'ਚ ਸਵਾਗਤ ਕੀਤਾ ਗਿਆ, ਜਿਨ੍ਹਾਂ ਨੇ ਕਾਂਗਰਸ 'ਚ ਸ਼ਾਮਿਲ ਹੋਣ ਲਈ ਅਕਾਲੀ ਦਲ ਨੂੰ ਛੱਡ ਦਿੱਤਾ। ਰੈਲੀ ਦੌਰਾਨ ਬਰਨਾਲਾ ਰਾਜਪੂਤ ਸਮੁਦਾਅ ਵੱਲੋਂ ਵੀ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ।
ਇਸ ਤੋਂ ਪਹਿਲਾਂ, ਆਸ਼ਾ ਕੁਮਾਰੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਕਦੇ ਉਦਯੋਗਿਕ ਤੇ ਖੇਤੀਬਾੜੀ ਖੇਤਰ 'ਚ ਅੱਗੇ ਰਹਿਣ ਵਾਲਾ ਸੂਬਾ ਅੱਜ ਮਾਫੀਆ ਰਾਜ 'ਚ ਤਬਦੀਲ ਹੋ ਚੁੱਕਾ ਹੈ ਅਤੇ ਇਥੋਂ ਦੇ ਟਰਾਂਸਪੋਰਟ, ਰੇਤ, ਨਸ਼ਾ ਤੇ ਕੇਬਲ ਮਾਫੀਆ ਨੂੰ ਅਕਾਲੀਆ ਦੀ ਸ਼ੈਅ ਪ੍ਰਾਪਤ ਹੈ। ਉਨ੍ਹਾਂ ਨੇ ਵਾਅਦਾ ਕੀਤਾ ਕਿ ਕਾਂਗਰਸ ਦੇ ਸੱਤਾ 'ਚ ਆਉਣ 'ਤੇ ਪੰਜਾਬ ਦਾ ਖੋਹਿਆ ਗੌਰਵ ਵਾਪਸ ਲਿਆਇਆ ਜਾਵੇਗਾ। ਆਸ਼ਾ ਕੁਮਾਰੀ ਨੇ ਇਸ ਦੁਖਦ ਸੱਚਾਈ ਨੂੰ ਸਵੀਕਾਰਿਆ ਕਿ ਬਰਨਾਲਾ ਦੇ ਲੋਕਾਂ ਕੋਲ ਮੁੱਢਲੀਆਂ ਸੁਵਿਧਾਵਾਂ ਵੀ ਨਹੀਂ ਹਨ।
ਜਦਕਿ ਬਰਨਾਲਾ ਤੋਂ ਵਿਧਾਇਕ ਕੇਵਲ ਸਿੰਘ ਢਿਲੋਂ ਨੇ ਆਪਣੇ ਸੰਬੋਧਨ 'ਚ ਕੈਪਟਨ ਅਮਰਿੰਦਰ ਦਾ 10 ਸਾਲ ਪਹਿਲਾਂ ਬਰਨਾਲਾ ਨੂੰ ਜ਼ਿਲ੍ਹਾ ਬਣਾ ਕੇ, ਇਸਦਾ ਗੌਰਵ ਮੁੜ ਕਾਇਮ ਕਰਨ ਲਈ ਧੰਨਵਾਦ ਕੀਤਾ। ਬੀਤੇ 10 ਸਾਲਾਂ 'ਚ ਜ਼ਿਲ੍ਹੇ ਦਾ ਵਿਕਾਸ ਕਰਨ 'ਚ ਅਸਫਲ ਰਹੀ ਬਾਦਲ ਸਰਕਾਰ ਉਪਰ ਵਰ੍ਹਦਿਆਂ, ਢਿਲੋਂ ਨੇ ਕਿਹਾ ਕਿ ਬਰਨਾਲਾ ਕੋਲ ਸਿਵਲ ਜਾਂ ਪ੍ਰਸ਼ਾਸਨਿਕ ਦਫਤਰ ਨਹੀਂ ਹਨ ਅਤੇ ਨਾ ਹੀ ਇਥੇ ਬੇਹਤਰ ਸਿਹਤ ਤੇ ਸਿੱਖਿਆ ਸੁਵਿਧਾਵਾਂ ਹਨ। ਜਿਸਦਾ ਕਾਰਨ ਅਕਾਲੀ ਸਰਕਾਰ ਵੱਲੋਂ ਜ਼ਿਲ੍ਹੇ ਨੂੰ ਨਜ਼ਰਅੰਦਾਜ ਕਰਨਾ ਹੈ, ਜਿਹੜੇ ਵੱਖ ਵੱਖ ਘੁਟਾਲਿਆਂ ਰਾਹੀਂ ਪੈਸੇ ਬਣਾਉਣ 'ਚ ਵਿਅਸਤ ਹਨ। ਉਨ੍ਹਾਂ ਨੇ ਕਾਂਗਰਸ ਦੇ ਸੂਬੇ ਦੀ ਸੱਤਾ 'ਚ ਆਉਣ 'ਤੇ ਬਰਨਾਲਾ ਨੂੰ ਇਕ ਵਾਰ ਫਿਰ ਤੋਂ ਨੰ. 1 ਜ਼ਿਲ੍ਹਾ ਬਣਾਉਣ ਦਾ ਵਾਅਦਾ ਕੀਤਾ।
ਨਾਮੀ ਗਾਇਕ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਹੰਸ ਰਾਜ ਹੰਸ ਨੇ ਢਿਲੋਂ ਵੱਲੋਂ ਕੀਤੇ ਗਏ ਕਾਰਜ਼ਾਂ ਦੀ ਸ਼ਲਾਘਾ ਕੀਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਨੂੰ ਸੂਬੇ ਦੀ ਸੱਤਾ 'ਚ ਵਾਪਸ ਲਿਆਉਣ, ਕਿਉਂਕਿ ਕੈਪਟਨ ਅਮਰਿੰਦਰ ਦੀ ਉਨ੍ਹਾਂ ਦੇ ਅਸਲੀ ਰਾਖਾ ਹਨ।
ਇਸ ਤੋਂ ਪਹਿਲਾਂ, ਕੈਪਟਨ ਅਮਰਿੰਦਰ ਦਾ ਕਾਫਿਲਾ ਇਕ ਮਿੰਨੀ ਰੋਡ ਸ਼ੋਅ 'ਚ ਤਬਦੀਲ ਹੋ ਗਿਆ, ਜਿਹੜਾ ਫਰਵਾਹੀ ਬਜ਼ਾਰ ਦੀਆਂ ਤੰਗ ਗਲੀਆਂ ਤੋਂ ਹੁੰਦਿਆਂ ਰੈਲੀ ਸਥਾਨ ਤੱਕ ਪਹੁੰਚਿਆ, ਜਿਥੇ ਭਾਰੀ ਭੀੜ ਵੱਲੋਂ ਉਨ੍ਹਾਂ ਦਾ ਬਰਨਾਲਾ 'ਚ ਸਵਾਗਤ ਕੀਤਾ ਗਿਆ। ਬਜ਼ਾਰ 'ਚ ਵੱਡੀ ਗਿਣਤੀ 'ਚ ਵਪਾਰੀ ਕੇਂਦਰ ਸਰਕਾਰ ਦੀ ਨੋਟਬੰਦੀ ਕਾਰਨ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਨਾਲ ਸਾਂਝਾ ਕਰਨ ਲਈ ਬਾਹਰ ਨਿਕਲੇ।
ਕੈਪਟਨ ਅਮਰਿੰਦਰ ਰਸਤੇ ਦੌਰਾਨ ਬਜ਼ਾਰ 'ਚ ਭਗਤ ਸਿੰਘ ਚੌਕ ਸਥਿਤ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਫੁੱਲਾਂ ਦਾ ਹਾਰ ਭੇਂਟ ਕਰਨ ਲਈ ਰੁੱਕੇ।