ਅੰਮ੍ਰਿਤਸਰ, 14 ਦਸੰਬਰ, 2016 : ਪੰਜਾਬ ਸਰਕਾਰ ਵੱਲੋਂ ਗੁਰੂ ਨਗਰੀ ਦੇ ਆਵਾਜਾਈ ਪ੍ਰਬੰਧਾਂ ਨੂੰ ਵਿਸ਼ਵ ਪੱਧਰੀ ਬਣਾਉਣ ਦਾ ਸੁਪਨਾ ਭਲਕੇ ਉਸ ਵੇਲੇ ਹਕੀਕਤ ਵਿਚ ਬਦਲਣ ਜਾ ਰਿਹਾ ਹੈ, ਜਦੋਂ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਬੀ. ਆਰ. ਟੀ. ਐਸ (ਬੱਸ ਰੈਪਿਡ ਟ੍ਰਾਂਜ਼ਿਟ ਸਿਸਟਮ) ਪ੍ਰਾਜੈਕਟ ਦੇ ਪਹਿਲੇ ਪੜਾਅ ਦਾ ਉਦਘਾਟਨ ਕਰਨਗੇ। ਚਿਰਾਂ ਤੋਂ ਉਡੀਕੇ ਜਾ ਰਹੇ 550 ਕਰੋੜ ਦੇ ਇਸ ਬੇਹੱਦ ਅਹਿਮ ਪ੍ਰਾਜੈਕਟ ਨਾਲ ਸ਼ਹਿਰ ਦੇ ਟ੍ਰਾਂਸਪੋਰਟ ਸਿਸਟਮ ਦੀ ਨੁਹਾਰ ਬਦਲ ਜਾਵੇਗੀ। ਇਸ ਪ੍ਰਾਜੈਕਟ ਤਹਿਤ 31 ਕਿਲੋਮੀਟਰ ਲੰਬੇ ਵਿਸ਼ੇਸ਼ ਕੌਰੀਡੋਰਾਂ 'ਤੇ ਮੈਟਰੋ ਦੀ ਤਰਜ਼ 'ਤੇ 93 ਏਅਰ ਕੰਡੀਸ਼ਨਡ ਬੱਸਾਂ ਚਲਾਈਆਂ ਜਾਣਗੀਆਂ, ਜਿਹਨਾਂ ਲਈ ਵਿਸ਼ੇਸ਼ ਸਟੇਸ਼ਨ ਬਣਾਏ ਗਏ ਹਨ ਜਿਹਨਾਂ ਤੋਂ ਯਾਤਰੀ ਬੱਸ ਵਿਚ ਚੜ• ਅਤੇ ਉਤਰ ਸਕਣਗੇ। ਇਸ ਤੋਂ ਇਲਾਵਾ ਅੰਗਹੀਣਾਂ ਲਈ ਵਿਸ਼ੇਸ਼ ਰੈਂਪ ਵੀ ਤਿਆਰ ਕੀਤੇ ਗਏ ਹਨ ਅਤੇ ਵੀਲ• ਚੇਅਰ ਦਾ ਵੀ ਪ੍ਰਬੰਧ ਹੋਵੇਗਾ। ਵਿਸ਼ਵ ਪੱਧਰੀ ਆਡੀਓ-ਵਿਜ਼ੂਅਲ ਯਾਤਰੀ ਸੂਚਨਾ ਅਤੇ ਕਿਰਾਇਆ ਪ੍ਰਣਾਲੀ ਨਾਲ ਲੈਸ ਇਹ ਬੱਸਾਂ ਸ਼ਹਿਰ ਦੇ ਵੱਖ-ਵੱਖ ਭਾਗਾਂ ਨੂੰ ਆਪਸ ਵਿਚ ਜੋੜਨਗੀਆਂ। ਜੀ. ਪੀ. ਐਸ ਅਤੇ ਕੈਮਰਿਆਂ ਵਾਲੀਆਂ ਇਹਨਾਂ ਅਤਿ-ਆਧੁਨਿਕ ਬੱਸਾਂ ਨੂੰ ਇਕ ਕੇਂਦਰੀ ਕੰਟਰੋਲ ਰੂਮ ਰਾਹੀਂ ਸੰਚਾਲਿਤ ਕੀਤਾ ਜਾਵੇਗਾ।
ਬੀ. ਆਰ. ਟੀ ਰੂਟ ਅੰਤਰਰਾਜੀ ਬੱਸ ਅੱਡਾ, ਰੇਲਵੇ ਸਟੇਸ਼ਨ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸਿੱਖਿਆ ਸੰਸਥਾਵਾਂ, ਸ਼ਾਪਿੰਗ ਵਾਲੀਆਂ ਥਾਵਾਂ, ਵੇਰਕਾ, ਨਿਊ ਅੰਮ੍ਰਿਤਸਰ ਅਤੇ ਛੇਹਰਟਾ ਨੂੰ ਆਪਸ ਵਿਚ ਜੋੜੇਗਾ। ਭਲਕੇ ਪਹਿਲੇ ਪੜਾਅ ਵਿਚ ਇੰਡੀਆ ਗੇਟ ਤੋਂ ਰੇਲਵੇ ਸਟੇਸ਼ਨ ਤੱਕ ਦੇ ਕੌਰੀਡੋਰ ਦੀ ਸ਼ੁਰੂਆਤ ਕੀਤੀ ਜਾਵੇਗੀ ਜਦਕਿ ਦਸੰਬਰ ਦੇ ਚੌਥੇ ਹਫ਼ਤੇ ਵੇਰਕਾ ਬਾਈਪਾਸ-ਵਿਜੇ ਨਗਰ-ਮਾਲ ਰੋਡ-ਕਿਚਲੂ ਚੌਕ-ਰੇਲਵੇ ਸਟੇਸ਼ਨ ਦਾ ਕੌਰੀਡੋਰ ਵੀ ਚਾਲੂ ਕਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਜਨਵਰੀ 2017 ਦੇ ਚੌਥੇ ਹਫ਼ਤੇ ਵੇਰਕਾ ਟਾਊਨ ਤੱਕ ਦਾ ਕੌਰੀਡੋਰ ਅਤੇ ਫਰਵਰੀ 2017 ਵਿਚ ਰੇਲਵੇ ਸਟੇਸ਼ਨ-ਭੰਡਾਰੀ ਪੁਲ-ਅੰਤਰਰਾਜੀ ਬੱਸ ਅੱਡਾ-ਐਂਟਰੀ ਗੇਟ ਅੰਮ੍ਰਿਤਸਰ ਨੂੰ ਜੋੜਨ ਵਾਲਾ ਕੌਰੀਡੋਰ ਸ਼ੁਰੂ ਹੋ ਜਾਵੇਗਾ। ਇਸ ਨਾਲ ਜਿਥੇ ਯਾਤਰੀਆਂ ਦੇ ਸਮੇਂ ਦੀ ਬੱਚਤ ਹੋਵੇਗੀ, ਉਥੇ ਟ੍ਰੈਫਿਕ ਜਾਮ ਅਤੇ ਪ੍ਰਦੂਸ਼ਣ ਤੋਂ ਵੀ ਨਿਜ਼ਾਤ ਮਿਲੇਗੀ।