ਨਵੀਂ ਦਿੱਲੀ, 4 ਜਨਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਸਰਕਾਰ ਦੇ ਪੰਜ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰੀ ਬਜਟ ਐਲਾਨ ਕਰਨ ਦੇ ਫੈਸਲੇ ਨੂੰ ਸਾਰੇ ਸਿਆਸੀ ਤੇ ਚੋਣਾਂ ਸਬੰਧੀ ਨਿਯਮਾਂ ਦਾ ਪੂਰੀ ਤਰ੍ਹਾਂ ਨਾਲ ਉਲੰਘਣ ਕਰਾਰ ਦਿੱਤਾ ਹੈ।
ਬੁੱਧਵਾਰ ਨੂੰ ਇਥੇ ਜ਼ਾਰੀ ਇਕ ਬਿਆਨ 'ਚ, ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਇਹ ਕਦਮ ਸਾਫ ਤੌਰ 'ਤੇ ਨੋਟਬੰਦੀ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਰਤੀ ਜਨਤਾ ਪਾਰਟੀ ਦੇ ਚੋਣ ਹਿੱਤਾਂ 'ਤੇ ਨਾਕਾਰਾਤਮਕ ਪ੍ਰਭਾਵ ਨੂੰ ਘੱਟ ਕਰਨ ਦੇ ਟੀਚੇ ਹੇਠ ਚੁੱਕਿਆ ਜਾ ਰਿਹਾ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਆਮ ਤੌਰ 'ਤੇ ਸਿਆਸੀ ਮਰਿਆਦਾਵਾਂ ਦਾ ਉਲੰਘਣ ਕਰਨ ਵਾਲੇ ਪ੍ਰਧਾਨ ਮੰਤਰੀ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 28 ਫਰਵਰੀ ਦੀ ਪਰੰਪਰਿਕ ਤਰੀਕੇ ਤੋਂ ਪਹਿਲਾਂ ਹਰ ਸਾਲ 1 ਫਰਵਰੀ ਨੂੰ ਬਜਟ ਲਿਆਉਣ ਦਾ ਫੈਸਲਾ ਕੀਤਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਸਪੱਸ਼ਟ ਤੌਰ 'ਤੇ ਮੋਦੀ ਸਰਕਾਰ ਦੇ ਨੋਟਬੰਦੀ ਦੇ ਕਦਮ ਦਾ ਸਰਕਾਰ ਤੇ ਖਾਸ ਕਰਕੇ ਭਾਜਪਾ ਉਪਰ ਉਲਟਾ ਪ੍ਰਭਾਵ ਪਿਆ ਹੈ। ਜਿਸ ਕਾਰਨ ਚੋਣਾਂ ਤੋਂ ਪਹਿਲਾਂ ਬਜਟ ਲਿਆਉਣ ਦਾ ਐਲਾਨ ਕੀਤਾ ਗਿਆ ਹੈ, ਕਿਉਂਕਿ ਪੰਜਾਬ ਸਮੇਤ ਚੋਣਾਂ ਦਾ ਸਾਹਮਣਾ ਕਰ ਰਹੇ ਹੋਰ ਸੂਬਿਆਂ ਅੰਦਰ ਭਾਜਪਾ ਦੇ ਵਰਕਰ ਨੋਟਬੰਦੀ ਦੇ ਫੈਸਲੇ ਖਿਲਾਫ ਰੋਸ ਪ੍ਰਗਟਾ ਰਹੇ ਹਨ। ਖ਼ਬਰਾਂ ਮੁਤਾਬਿਕ ਪੰਜਾਬ 'ਚ ਸੱਤਾਧਾਰੀ ਅਕਾਲੀ ਭਾਜਪਾ ਗਠਜੋੜ ਨੇ ਕੇਂਦਰ ਨੂੰ ਨੋਟਬੰਦੀ ਨਾਲ ਉਨ੍ਹਾਂ ਨੂੰ ਚੋਣਾਂ 'ਚ ਨੁਕਸਾਨ ਪਹੁੰਚਣ ਦੀ ਸ਼ਿਕਾਇਤ ਕੀਤੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਬਜਟ 'ਚ ਨੋਟਬੰਦੀ ਦੇ ਦਾਨਵ ਵੱਲੋਂ ਪੈਦਾ ਕੀਤੀਆਂ ਗਈਆਂ ਸਮੱਸਿਆਵਾਂ ਦੇ ਪੀੜਤਾਂ ਨੁੰ ਕੁਝ ਤੋਹਫੇ ਦੇਣ ਦੀ ਉਮੀਦ ਕੀਤੀ ਜਾ ਰਹੀ ਹੈ, ਜਿਸਦਾ ਉਦੇਸ਼ ਸਪੱਸ਼ਟ ਤੌਰ 'ਤੇ ਲੋਕਾਂ ਦੇ ਗੁੱਸੇ ਨੂੰ ਮੋੜਨਾ ਹੈ। ਹਾਲਾਂਕਿ, ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਹੈ ਕਿ ਇਹ ਦਿਖਾਵਾ ਸੱਤਾਧਾਰੀ ਭਾਜਪਾ ਤੇ ਉਸਦੇ ਸਾਥੀਆਂ ਲਈ ਵੋਟਾਂ 'ਚ ਤਬਦੀਲ ਨਹੀਂ ਹੋਵੇਗੀ।