ਚੰਡੀਗੜ੍ਹ, 4 ਜਨਵਰੀ, 2017 : ਪੰਜਾਬ ਕਾਂਗਰਸ ਨੇ ਪੰਜਾਬ ਅੰਦਰ ਚੋਣ ਜਾਬਤਾ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਚੋਣ ਕਮਿਸ਼ਨ ਨੂੰ ਕਠੋਰ ਕਦਮ ਚੁੱਕਣ ਦੀ ਅਪੀਲ ਕੀਤੀ ਹੈ, ਜਿਥੇ ਬਾਦਲ ਦੀ ਅਗਵਾਈ ਵਾਲੀ ਸ੍ਰੋਮਣੀ ਅਕਾਲੀ ਦਲ ਵੱਲੋਂ ਅੱਤ ਤੇ ਭ੍ਰਿਸ਼ਟਾਚਾਰ ਫੈਲ੍ਹਾਉਣ ਕਾਰਨ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਬਿਗੜ ਚੁੱਕੀ ਹੈ।
ਪੰਜਾਬ ਕਾਂਗਰਸ ਕਮੇਟੀ ਨੇ ਚੋਣ ਜਾਬਤਾ ਲਾਗੂ ਕੀਤੇ ਜਾਣ ਦਾ ਸਵਗਾਤ ਕਰਦਿਆਂ ਕਿਹਾ ਕਿ ਬਾਦਲਾਂ ਤੇ ਉਨ੍ਹਾਂ ਦੇ ਸਾਥੀਆ ਵੱਲੋਂ ਬੀਤੇ ਕੁਝ ਮਹੀਨਿਆਂ ਤੋਂ ਫੈਲ੍ਹਾਏ ਜਾ ਰਹੇ ਗੁੰਡਾਰਾਜ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਨੂੰ ਤਬਾਹੀ ਕੰਢੇ ਪਹੁੰਚਾ ਦਿੱਤਾ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਅਜੀਤ ਇੰਦਰ ਮੋਫਰ, ਰਣਜੀਤ ਕੇ ਭੱਟੀ ਤੇ ਮਨਜੀਤ ਸਿੰਘ ਝੱਲਬੂਟੀ ਨੇ ਕਿਹਾ ਕਿ ਹਾਲੇ ਦੇ ਹਫਤਿਆਂ 'ਚ ਬਿਗੜੇ ਹਾਲਾਤਾਂ ਕਾਰਨ ਲੋਕ ਲਗਾਤਾਰ ਡਰ ਦੇ ਮਾਹੌਲ 'ਚ ਜੀਅ ਰਹੇ ਹਨ।
ਮੀਡੀਆ ਦੀਆਂ ਖ਼ਬਰਾਂ ਦਾ ਜ਼ਿਕਰ ਕਰਦਿਆਂ, ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਅਕਾਲੀ ਸਮਰਥਕਾਂ ਤੇ ਵਰਕਰਾਂ ਵੱਲੋਂ ਹਿੰਸਾ ਦਾ ਵੱਧਣਾ ਜ਼ਾਰੀ ਹੈ ਅਤੇ ਸੁਤੰਤਰ ਤੇ ਨਿਰਪੱਖ ਚੋਣਾਂ ਸੁਨਿਸ਼ਚਿਤ ਕਰਨ ਦੀ ਦਿਸ਼ਾ 'ਚ ਹਾਲਾਤਾਂ ਨੂੰ ਕੰਟਰੋਲ ਕਰਨ ਲਈ ਚੋਣ ਕਮਿਸ਼ਨ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਪੁਲਿਸ ਦੇ ਜ਼ੁਲਮ ਤੋਂ ਬਾਅਦ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਦੇ ਸਮਰਥਕਾਂ ਵੱਲੋਂ ਕਥਿਤ ਤੌਰ 'ਤੇ ਵਣ ਵਿਭਾਗ ਦੇ ਦੋ ਦਿਹਾੜੀਦਾਰਾਂ ਨੂੰ ਕੁੱਟੇ ਜਾਣਾ ਸੱਤਾਧਾਰੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਬੇਗੁਨਾਹ ਲੋਕਾਂ ਨੂੰ ਕੁੱਟਣ ਦੀ ਤਾਜਾ ਘਟਨਾ ਹੈ ਅਤੇ ਇਸ ਮਾਮਲੇ 'ਚ ਦੋਸ਼ੀਆਂ ਨੂੰ ਅਜਿਹੀ ਸਜ਼ਾ ਮਿੱਲਣੀ ਚਾਹੀਦੀ ਹੈ, ਜਿਹੜੀ ਦੂਜਿਆਂ ਵਾਸਤੇ ਵੀ ਉਦਾਹਰਨ ਬਣ ਸਕੇ।
ਉਨ੍ਹਾਂ ਨੇ ਕਿਹਾ ਕਿ ਬਾਦਲਾਂ ਤੇ ਬਿਕ੍ਰਮ ਸਿੰਘ ਮਜੀਠੀਆ ਵਰਗੇ ਉਨ੍ਹਾਂ ਦੇ ਸਾਥੀਆਂ ਦੀ ਅਗਵਾਈ ਵਾਲੀ ਭ੍ਰਿਸ਼ਟ ਅਕਾਲੀ ਆਗੂਆਂ ਦੇ ਮਾਫੀਆਰਾਜ ਨੇ ਪੂਰੇ ਸੂਬੇ ਨੂੰ ਅਪਰਾਧਿਕ ਤੇ ਵਿੱਤੀ ਬਦਹਾਲੀ 'ਚ ਧਕੇਲ ਦਿੱਤਾ ਹੈ। ਉਨ੍ਹਾਂ ਨੇ ਚੋਣਾਂ ਨਜ਼ਦੀਕ ਆਉਂਦਿਆਂ ਹਾਲੇ ਦੇ ਹਫਤਿਆਂ 'ਚ ਬੱਚਿਆ ਕੁੱਝਿਆ ਵੀ ਲੁੱਟਣ ਦੀ ਨਿਰਾਸ਼ਾ ਹੇਠ ਇਨ੍ਹਾਂ ਨੇ ਹੋਰ ਕਠੋਰਤਾ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਅਜਿਹੇ 'ਚ ਉਨ੍ਹਾਂ ਨੇ ਉਮੀਦ ਪ੍ਰਗਟਾਈ ਹੈ ਕਿ ਚੋਣ ਜਾਬਤਾ ਲਾਗੂ ਹੋਣ ਨਾਲ ਅਕਾਲੀ ਭਾਜਪਾ ਸ਼ਾਸਨ ਦੀ ਸ਼ੈਅ 'ਚ ਅਜ਼ਾਦ ਘੁੰਮ ਰਹੇ ਹਥਿਆਰਬੰਦ ਗਿਰੋਹਾਂ ਤੇ ਗੁੰਡਿਆਂ ਉਪਰ ਅਸਰ ਪਏਗਾ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਐਕਸਾਈਜ਼ ਤੇ ਟੈਕਸ਼ੇਸ਼ਨ ਵਿਭਾਗ ਵੱਲੋਂ ਫਰੀਦੋਕਟ ਤੋਂ ਅਕਾਲੀ ਵਿਧਾਇਕ ਦੀਪ ਮਲਹੋਤਰਾ ਤੇ ਉਸਦੇ ਸਾਥੀਆਂ ਵੱਲੋਂ ਸ਼ਰਾਬ ਦੇ ਠੇਕੇ ਚਲਾਉਣ ਤੋਂ ਬਾਅਦ 30 ਕਰੋੜ ਰੁਪਏ ਦੀ ਐਕਸਾਈਜ਼ ਫੀਸ ਨਾ ਜਮ੍ਹਾ ਕਰਵਾਉਣ 'ਤੇ ਮਲਹੋਤਰਾ ਦੀਆਂ ਜਾਇਦਾਦਾਂ ਵੇਚਣ ਦੀ ਪ੍ਰੀਕ੍ਰਿਆ ਸ਼ੁਰੂ ਕਰਨ ਦਾ ਜ਼ਿਕਰ ਵੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਖ਼ਬਰਾਂ ਨੇ ਕਾਂਗਰਸ ਦੇ ਦੋਸ਼ਾਂ ਨੂੰ ਸਾਬਤ ਕਰ ਦਿੱਤਾ ਹੈ ਕਿ ਅਕਾਲੀ ਦਲ ਸੂਬੇ ਅੰਦਰ ਨਸ਼ਾ, ਰੇਤ, ਟਰਾਂਸਪੋਰਟ, ਟੀ.ਵੀ ਆਦਿ ਮਾਫੀਆਵਾਂ ਦੇ ਨਾਲ ਸ਼ਰਾਬ ਮਾਫੀਆ ਵੀ ਚਲਾ ਰਿਹਾ ਹੈ।