ਰੂਪਨਗਰ, 4 ਜਨਵਰੀ, 2017 : ਆਉਣ ਵਾਲੀਆਂ ਵਿਧਾਨ ਸਭਾ ਚੋਣਾਂ-2017 ਦੌਰਾਨ ਆਦਰਸ਼ ਚੋਣ ਜਾਬਤੇ ਨੂੰ ਯਕੀਨੀ ਬਣਾਇਆ ਜਾਵੇ। ਇਹ ਪ੍ਰੇਰਣਾ ਸ਼੍ਰੀ ਕਰਨੇਸ਼ ਸ਼ਰਮਾ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਨੇ ਅੱਜ ਇਥੇ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਚ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਕੀਤੀ। ਉਨਾਂ ਕਿਹਾ ਕਿ ਇਹ ਆਦਰਸਕ ਚੋਣ ਜਾਬਤਾ ਰਾਜਨੀਤਿਕ ਪਾਰਟੀਆਂ ਦੇ ਸਹਿਯੋਗ ਨਾਲ ਹੀ ਸੰਭਵ ਹੈ। ਉਨਾਂ ਇਹ ਵੀ ਦਸਿਆ ਕਿ 49-ਅਨੰਦਪੁਰ ਸਾਹਿਬ, 50-ਰੋਪੜ ਅਤੇ 51- ਸ਼੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੀਆਂ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਅੱਜ 05 ਜਨਵਰੀ ਦਿਨ ਵੀਰਵਾਰ ਨੂੰ ਕਰ ਦਿਤੀ ਜਾਵੇਗੀ।ਉਨਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਅੱਜ 05 ਜਨਵਰੀ ਨੂੰ ਜ਼ਿਲ੍ਹਾ ਚੋਣ ਦਫਤਰ ਤੋਂ ਵੋਟਰ ਸੂਚੀਆਂ ਦੀ ਹਾਰਡ ਕਾਪੀ ਅਤੇ ਸੀ.ਡੀ ਦੁਪਹਿਰ 11 ਵਜੇ ਤੋਂ ਬਾਦ ਪ੍ਰਾਪਤ ਕਰ ਲੈਣ ਅਤੇ ਇੰਨਾਂ ਨੂੰ ਚੈਕ ਕਰ ਲਿਆ ਜਾਵੇ ਕਿ ਕਿਤੇ ਕੋਈ ਖਾਮੀ ਤਾਂ ਨਹੀ ਰਹਿ ਗਈ ਤਾਂ ਜੋ ਇਸ ਵਿਚ ਸੁਧਾਰ ਕੀਤਾ ਜਾ ਸਕੇ। ਉਨਾਂ ਇਹ ਵੀ ਕਿਹਾ ਕਿ ਇਨਾਂ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਨੂੰ ਚੋਣ ਦਫਤਰ ਵਲੋਂ ਚੈਕ ਕਰ ਲਿਆ ਗਿਆ ਹੈ ਪਰ ਫਿਰ ਵੀ ਰਾਜਨੀਤਿਕ ਪਾਰਟੀਆਂ ਵਲੋਂ ਚੈਕ ਕਰਨਾ ਜਰੂਰੀ ਹੈ।
ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਚੋਣ ਜਾਬਤਾ ਲੱਗਣ ਨਾਲ ਹੀ ਰਾਜਨੀਤਿਕ ਪਾਰਟੀਆਂ ਵਲੋਂ ਜਨਤਕ ਥਾਵਾਂ ਤੇ ਲੱਗੇ ਪੋਸਟਰ , ਬੈਨਰ ਆਦਿ ਉਤਰਨੇ ਜਰੂਰੀ ਹਨ ਅਤੇ ਜੇਕਰ ਕਿਸੇ ਦੀ ਨਿਜੀ ਇਮਾਰਤ ਤੇ ਇਹ ਲੱਗੇ ਹੋਏ ਹਨ ਤਾਂ ਉਸਦੀ ਸਹਿਮਤੀ ਦਿਖਾਉਣੀ ਜਰੂਰੀ ਹੋਵੇਗੀ।
ਉਨਾਂ ਇਹ ਵੀ ਕਿਹਾ ਕਿ ਚੋਣਾਂ ਦੌਰਾਨ ਹਰ ਤਰਾਂ ਦੀ ਪ੍ਰਵਾਨਗੀ ਆਨਲਾਈਨ ਅਪਲਾਈ ਕੀਤੀ ਜਾਵੇ ਅਤੇ ਆਨਲਾਈਨ ਹੀ ਪ੍ਰਵਾਨਗੀ ਦਿਤੀ ਜਾਵੇ। ਉਨਾਂ ਰਾਜਨੀਤਿਕ ਪਾਰਟੀਆਂ ਨੂੰ ਆਪਣੇ ਦਫਤਰਾਂ ਵਿਚ ਕੰਪੀਊਟਰ ਮਾਹਿਰ ਲਗਾਉਣ ਦੀ ਵੀ ਪ੍ਰੇਰਣਾ ਕੀਤੀ। ਉਨਾਂ ਇਹ ਵੀ ਕਿਹਾ ਕਿ ਜੋ ਸਰਕਾਰੀ ਥਾਵਾਂ ਇਸ਼ਤਿਹਾਰਬਾਜੀ ਲਈ ਨਿਸ਼ਚਿਤ ਹਨ ਉਨਾਂ ਨੂੰ ਕੋਈ ਵੀ ਪਾਰਟੀ/ਉਮੀਦਵਾਰ ਕਿਰਾਏ ਤੇ ਲੈ ਸਕਦਾ ਹੈ ਪ੍ਰੰਤੂ ਹਰ ਤਰਾਂ ਦੀ ਇਸ਼ਤਿਹਾਰਬਾਜੀ ਕਰਨ ਦੀ ਪ੍ਰਵਾਨਗੀ ਲਈ ਜਾਵੇ ਭਾਵੇਂ ਉਹ ਇਲੈਕਟ੍ਰਾਨਿਕ ਜਿਵੇਂ ਫੇਸਬੁਕ/ਐਸ.ਐਮ.ਐਸ./ਟਵੀਟਰ ਹੀ ਕਿਉ ਨਾ ਹੋਵੇ। ਉਨਾਂ ਹਰ ਤਰ੍ਹਾਂ ਦੀਆਂ ਪ੍ਰਵਾਨਗੀਆਂ ਲੈਣ ਲਈ ਇਕ ਇਕ ਅਧਿਕ੍ਰਿਤ ਏਜੰਟ ਨਿਯੁਕਤ ਕਰਨ ਲਈ ਵੀ ਆਖਿਆ।
ਇਸ ਮੀਟਿੰਗ ਦੌਰਾਨ ਹੋਰਨਾ ਤੋਂ ਇਲਾਵਾ ਸ਼੍ਰੀ ਅਮਨਦੀਪ ਬਾਂਸਲ ਵਧੀਕ ਜ਼ਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ, ਸ਼੍ਰੀ ਹਰਮਿੰਦਰ ਸਿੰਘ ਤਹਿਸੀਲਦਾਰ( ਚੋਣਾਂ), ਸ਼੍ਰੀ ਪਰਮਜੀਤ ਸਿੰਘ ਮਕੜ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਪਾਰਟੀ ਦੇ ਸ਼੍ਰੀ ਜਰਨੈਲ ਸਿੰਘ ਭਾਓਵਾਲ ਤੇ ਸ਼੍ਰੀ ਜਗਦੀਸ਼ ਕਾਂਜਲਾ, ਸ਼੍ਰੀ ਜਗਜੀਤ ਸਿੰਘ ਜੱਗਾ ਪ੍ਰਧਾਨ ਐਨ.ਸੀ.ਪੀ., ਸ਼੍ਰੀ ਬੀ.ਐਸ.ਸੈਣੀ ਜਾਇੰਟ ਸਕੱਤਰ ਸੀ.ਪੀ.ਆਈ., ਬਹੁਜਨ ਸਮਾਜ ਪਾਰਟੀ ਤੋਂ ਸ਼੍ਰੀ ਕੁਲਦੀਪ ਸਿੰਘ ਘਨੌਲੀ ਤੇ ਸ਼੍ਰੀ ਜਸਪਾਲ ਸਿੰਘ ਗੱਡੂ, ਸੀ.ਪੀ.ਆਈ.ਐਮ ਦੇ ਸ਼੍ਰੀ ਗੁਰਦੇਵ ਸਿੰਘ ਬਾਗੀ ਤੇ ਸ਼੍ਰੀ ਗੁਰਵਿੰਦਰ ਸਿੰਘ ਵੀ ਹਾਜਰ ਸਨ।