ਚੰਡੀਗੜ੍ਹ, 6 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਚੰਦਿਆਂ ਦੀ ਆੜ ਵਿਚ ਘਪਲੇਬਾਜ਼ੀਆਂ ਕਰਦੀ ਰਹੀ ਹੈ। ਇਸ ਪਾਰਟੀ ਵੱਲੋਂ ਆਪਣੀ ਵੈਬਸਾਇਟ ਤੋਂ ਚੰਦਿਆਂ ਦੀ ਸੂਚੀ ਉਤਾਰੇ ਜਾਣ ਨਾਲ ਸਾਬਿਤ ਹੋ ਗਿਆ ਹੈ ਕਿ ਇਸ ਪਾਰਟੀ ਉੱਤੇ ਚੋਣਾਂ ਵਾਸਤੇ ਚੰਦਾ ਇੱਕਠੇ ਕਰਨ ਦੇ ਬਹਾਨੇ ਕੀਤੇ ਕਰੋੜਾਂ ਰੁਪਏ ਦੇ ਘਪਲੇ ਦੇ ਲੱਗੇ ਦੋਸ਼ ਸਹੀ ਹਨ।
ਇਹ ਸ਼ਬਦ ਸ੍ਰæੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਉਪ ਮੁਖ ਮੰਤਰੀ ਸ਼ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਜਦੋਂ ਤੋਂ ਆਪ ਨੇ ਪੰਜਾਬ ਦੇ ਚੋਣ ਅਖਾੜੇ ਵਿਚ ਛਾਲ ਮਾਰੀ ਹੈ, ਇਸ ਦੇ ਆਗੂਆਂ ਅਰਵਿੰਦ ਕੇਜਰੀਵਾਲ, ਸੰਜੇ ਸਿੰਘ ਅਤੇ ਹੋਰਾਂ ਉੱਤੇ ਚੋਣਾਂ ਲੜਣ ਦੇ ਬਹਾਨੇ ਚੰਦੇ ਇਕੱਠੇ ਕਰਨ ਅਤੇ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਲਗਾਤਾਰ ਲੱਗ ਰਹੇ ਹਨ। ਆਪ ਆਗੂਆਂ ਦੁਆਰਾ ਪੈਸੇ ਲੈ ਕੇ ਟਿਕਟਾਂ ਵੇਚਣਾ ਇੱਕ ਰੋਜ਼ਮੱਰਾ ਦੀ ਗੱਲ ਬਣ ਚੁੱਕੀ ਹੈ। ਦਿਲਚਸਪ ਗੱਲ ਇਹ ਹੈ ਕਿ ਆਪ ਉੱਤੇ ਭ੍ਰਿਸ਼ਟਾਚਾਰ ਦੇ ਦੋਸ æਇਸ ਪਾਰਟੀ ਦੇ ਆਪਣੇ ਆਗੂਆਂ ਸੁੱਚਾ ਸਿੰਘ ਛੋਟੇਪੁਰ, ਹਰਦੀਪ ਸਿੰਘ ਕਿੰਗਰਾ ਯਾਮਿਨੀ ਗੋਮਰ ਅਤੇ ਵਰਿੰਦਰ ਸਿੰਘ ਪਰਿਹਾਰ ਵੱਲੋਂ ਲਗਾਏ ਗਏ ਹਨ। ਇਹਨਾਂ ਦੋਸਾਂæ ਨਾਲ ਆਪ ਵੱਲੋਂ ਕੀਤੇ ਜਾ ਰਹੇ ਈਮਾਨਦਾਰੀ ਅਤੇ ਚੰਦਿਆਂ ਵਿਚ ਪਾਰਦਰਸ਼ਤਾ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ।
ਸ਼ ਸਿਰਸਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅੰਨਾ ਹਜ਼ਾਰੇ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵਿਚੋਂ ਪੈਦਾ ਹੋਏ ਹਨ। ਹੁਣ ਤਾਂ ਅੰਨਾ ਹਜ਼ਾਰੇ ਨੇ ਵੀ ਕੇਜਰੀਵਾਲ ਨੂੰ ਚਿੱਠੀ ਲਿਖ ਕੇ ਇਹ ਪੁੱਛਿਆ ਹੈ ਕਿ ਉਹ ਦੂਜੀਆਂ ਸਿਆਸੀ ਪਾਰਟੀਆਂ ਤੋਂ ਵੱਖਰਾ ਕਿਵੇਂ ਹੈ? ਅਕਾਲੀ ਆਗੂ ਨੇ ਕਿਹਾ ਕਿ ਕੇਜਰੀਵਾਲ ਦੁਆਰਾ ਚੰਦਿਆਂ ਦੀ ਸੂਚੀ ਹਟਾਉਣ ਲਈ ਘੜਿਆ ਬਹਾਨਾ ਕਿ ਮੋਦੀ ਸਰਕਾਰ ਚੰਦਾ ਦੇਣ ਵਾਲਿਆਂ ਨੂੰ ਤੰਗ ਕਰ ਰਹੀ ਸੀ, ਫਜ਼ੂਲ ਹੈ। ਉਹ ਅਜਿਹੇ ਬੇਬੁਨਿਆਦ ਬਹਾਨਿਆਂ ਨਾਲ ਲੋਕਾਂ ਨੂੰ ਮੂਰਖ ਨਹੀਂ ਬਣਾ ਸਕੇਗਾ। ਜੂਨ 2016 ਵਿਚ ਜਦੋਂ ਇਹ ਸੂਚੀ ਹਟਾਈ ਗਈ ਸੀ ਤਾਂ ਉਸ ਸਮੇਂ ਇਹ ਬਹਾਨਾ ਘੜਿਆ ਗਿਆ ਸੀ ਕਿ ਤਕਨੀਕੀ ਖਰਾਬੀ ਕਰਕੇ ਸੂਚੀ ਹਟਾਉਣੀ ਪਈ ਹੈ।
ਸ਼ ਸਿਰਸਾ ਨੇ ਕਿਹਾ ਕਿ ਹੁਣ ਸ਼ਿਕਾਗੋ ਵਾਸੀ ਅਤੇ ਆਪ ਦੇ ਸਾਬਕਾ ਕੋ-ਕਨਵੀਨਰ ਐਨਆਰਆਈ ਸੈਲ ਡਾਕਟਰ ਮੁਨੀਸ਼ ਰਾਇਜ਼ਾਦਾ ਨੇ ਇਸ ਪਾਰਟੀ ਖਿਲਾਫ 'ਚੰਦਾ ਬੰਦ ਸੱਤਿਆਗ੍ਰਹਿ' ਸ਼ੁਰੂ ਕਰਦੇ ਹੋਏ ਚੰਦਿਆਂ ਦੀ ਸੂਚੀ ਜਨਤਕ ਕਰਨ ਦੀ ਮੰਗ ਕੀਤੀ ਹੈ। ਡਾæ ਰਾਇਜ਼ਾਦਾ ਵੱਲੋਂ ਚਲਾਈ ਗਈ 'ਨੋ ਲਿਸਟ, ਨੋ ਡੋਨੇਸ਼ਨ ਮੁਹਿੰਮ' ਨੇ ਕੇਜਰੀਵਾਲ ਅਤੇ ਉਸ ਦੀ ਲੋਟੂ ਟੋਲੀ ਦੁਆਰਾ ਵਿਦੇਸ਼ਾਂ ਚੋਂ ਚੰਦਿਆਂ ਦੇ ਰਾਹੀਂ ਅਤੇ ਟਿਕਟ ਵੇਚ ਕੇ ਇਕੱਠੇ ਕੀਤੇ ਕਰੋੜਾਂ ਰੁਪਏ ਦੇ ਘਪਲੇ ਤੋਂ ਪਰਦਾ ਚੁੱਕਿਆ ਹੈ।
ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਦੇ ਲੋਕ ਕੇਜਰੀਵਾਲ ਦੀਆਂ ਸਾਰੀਆਂ ਚਾਲਾਂ ਨੂੰ ਸਮਝ ਚੁੱਕੇ ਹਨ ਅਤੇ 4 ਫਰਵਰੀ ਨੂੰ ਚੋਣਾਂ ਵਾਲੇ ਦਿਨ ਉਹ ਆਪ ਆਗੂਆਂ ਨੂੰ ਇਸ ਦਾ ਕਰਾਰਾ ਜਵਾਬ ਦੇਣਗੇ।