ਨਵੀਂ ਦਿੱਲੀ, 30 ਦਸੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਆਪ ਆਗੂ ਅਰਵਿੰਦ ਕੇਜਰੀਵਾਲ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਸਾਹਮਣੇ ਨਜ਼ਰ ਆ ਰਹੀ ਹਾਰ ਕਾਰਨ ਨਿਰਾਸ਼ਾ 'ਚ ਘਟੀਆ ਤੇ ਹੇਠਲੇ ਪੱਧਰ ਦੀ ਬਿਆਨਬਾਜੀ ਕਰਨ ਦੀ ਬਜਾਏ ਸੂਬੇ ਨਾਲ ਜੁੜੇ ਸਾਰੇ ਮੂਲ ਮੁੱਦਿਆਂ 'ਤੇ ਉਨ੍ਹਾਂ ਨਾਲ ਖੁੱਲ੍ਹੀ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੈ।
ਕੇਜਰੀਵਾਲ ਉਪਰ ਸੂਬੇ ਦੇ ਮੁੱਖ ਮੰਤਰੀ ਅਹੁਦੇ 'ਤੇ ਅੱਖਾਂ ਰੱਖਣ ਦਾ ਦੋਸ਼ ਲਗਾਉਂਦਿਆਂ, ਕੈਪਟਨ ਅਮਰਿੰਦਰ ਨੇ ਉਲ੍ਹਾ ਨੂੰ ਆਪਣੀ ਪਾਰਟੀ ਦੇ ਸੀ.ਐਮ ਉਮੀਦਵਾਰ ਦਾ ਨਾਂਮ ਸਾਹਮਣੇ ਲਿਆਉਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਉਹ ਕਿਸਨੂੰ ਵੋਟ ਦੇਣ ਵਾਲੇ ਹਨ। ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਜਰੀਵਾਲ ਆਪਣੀ ਪਾਰਟੀ ਦੇ ਵਿਧਾਨ ਸਭਾ ਚੋਣਾਂ ਜਿੱਤਣ ਦੀ ਲਾਚਾਰ ਉਮੀਦ ਨਾਲ ਮੁੱਖ ਮੰਤਰੀ ਅਹੁਦਾ ਸੰਭਾਲਣ ਦਾ ਇੰਜਤਾਰ ਕਰ ਰਹੇ ਹਨ ਅਤੇ ਇਹੋ ਕਾਰਨ ਹੈ ਕਿ ਗੋਆ 'ਚ ਆਪ ਦੇ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਕੀਤੇ ਜਾਣ ਦੇ ਬਾਵਜੂਦ ਉਹ ਪੰਜਾਬ ਅੰਦਰ ਸੀ.ਐਮ. ਉਮੀਦਵਾਰ ਐਲਾਨ ਨਹੀਂ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ ਵੱਡੀ ਗਿਣਤੀ 'ਚ ਆਪ ਦੇ ਪੋਸਟਰਾਂ 'ਚ ਮਨੀਸ਼ ਸਿਸੋਦੀਆ ਨੂੰ ਦਿਖਾਏ ਜਾਣਾ, ਸਪੱਸ਼ਟ ਇਸ਼ਾਰਾ ਕਰਦਾ ਹੈ ਕਿ ਕੇਜਰੀਵਾਲ ਦੀ ਦਿੱਲੀ ਦਾ ਮੁੱਖ ਮੰਤਰੀ ਬਣੇ ਰਹਿਣ ਦੀ ਕੋਈ ਇੱਛਾ ਨਹੀਂ ਹੈ, ਉਨ੍ਹਾਂ ਦੀਆਂ ਅੱਖਾਂ ਉਸ ਤੋਂ ਵੱਡੇ ਸੂਬੇ ਪੰਜਾਬ ਦੀ ਅਗਵਾਈ 'ਤੇ ਟਿੱਕੀਆਂ ਹੋਈਆਂ ਹਨ।
ਇਸ ਲੜੀ ਹੇਠ ਕਾਂਗਰਸ ਪਾਰਟੀ ਦੇ ਨੌਕਰੀਆਂ ਦੇ ਵਾਅਦੇ ਉਪਰ ਕੇਜਰੀਵਾਲ ਦੇ ਘਟੀਆ ਦੋਸ਼ਾਂ ਨੂੰ ਖਾਰਿਜ਼ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਦੇ ਲੋਕ ਉਨ੍ਹਾਂ ਦੀ ਸਾਰੇ ਵਾਅਦੇ ਪੂਰੇ ਕਰਨ ਨੂੰ ਲੈ ਕੇ ਵਚਨਬੱਧਤਾ ਤੋਂ ਜਾਣੂ ਹਨ। ਉਨ੍ਹਾਂ ਨੇ ਆਪ ਆਗੂ ਨੂੰ ਸੂਬੇ ਦੇ ਨੌਜ਼ਵਾਨਾਂ ਨੂੰ ਨੌਕਰੀਆਂ ਦੇਣ ਦੀ ਰੂਪਰੇਖਾ ਉਪਰ ਫੈਸਲਾ ਲੈਣ ਦਾ ਕੰਮ ਉਨ੍ਹਾਂ 'ਤੇ ਛੱਡ ਦੇਣ ਲਈ ਕਿਹਾ ਹੈ।
ਕੈਪਟਨ ਅਮਰਿੰਦਰ ਨੇ ਕੇਜਰੀਵਾਲ ਉਪਰ ਆਪਣੀ ਪਾਰਟੀ 'ਚ ਸਕੈਂਡਲਾਂ ਤੇ ਘੁਟਾਲਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਖਾਤਿਰ ਸਰ੍ਹੇਆਮ ਝੂਠ ਬੋਲਣ ਦਾ ਦੋਸ਼ ਲਗਾਉਂਦਿਆਂ, ਆਪ ਆਗ ਨੂੰ ਨੌਕਰੀ ਦੇ ਮੋਰਚੇ 'ਤੇ ਕਾਂਗਰਸ 'ਤੇ ਨਿਰਾਧਾਰ ਦੋਸ਼ ਲਗਾਉਣ ਦਾ ਦੋਸ਼ ਲਗਾਇਆ ਹੈ।
ਪੰਜਾਬ ਕਾਂਗਰਸ ਪ੍ਰਧਾਨ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਪਿਛਲੀ ਸਰਕਾਰ ਨੇ ਕਰੀਬ 50,000 ਸਰਕਾਰੀ ਮੁਲਾਜ਼ਮਾਂ ਦੀ ਨਿਯੁਕਤੀ ਕੀਤੀ ਸੀ ਤੇ 12000 ਤੋਂ ਵੱਧ ਅਧਿਆਪਕਾਂ ਨੂੰ ਪੰਚਾਇਤੀ ਰਾਜ ਸੰਸਥਾਵਾਂ ਰਾਹੀਂ ਨੌਕਰੀ 'ਤੇ ਰੱਖਿਆ ਸੀ। ਇਸ ਤੋਂ ਇਲਾਵਾ, ਬਤੌਰ ਮੁੱਖ ਮੰਤਰੀ ਉਨ੍ਹਾਂ ਦੇ ਕਾਰਜਕਾਲ ਦੌਰਾਨ ਹਜ਼ਾਰਾਂ ਹੋਰ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਸਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਤੋਂ ਸਾਫ ਪਤਾ ਚੱਲਦਾ ਹੈ ਕਿ ਕੇਜਰੀਵਾਲ ਨੂੰ ਪੰਜਾਬ ਬਾਰੇ ਕੁਝ ਨਹੀਂ ਪਤਾ ਹੈ ਜਾਂ ਫਿਰ ਉਹ ਜਾਣਬੁਝ ਕੇ ਆਪਣੇ ਝੂਠਾਂ ਰਾਹੀਂ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਬ ਦੇ ਲੋਕਾਂ ਨੂੰ ਅਜਿਹੇ ਝੂਠਾਂ 'ਚ ਨਹੀਂ ਫਸਾਇਆ ਜਾ ਸਕਦਾ, ਜਿਹੜੇ ਉਨ੍ਹਾਂ ਦੀ (ਕੈਪਟਨ ਅਮਰਿੰਦਰ) ਲੋਕਾਂ ਪ੍ਰਤੀ ਵਚਨਬੱਧਤਾ ਤੋਂ ਚੰਗੀ ਤਰ੍ਹਾਂ ਜਾਣੂ ਹਨ। ਅਜਿਹੇ 'ਚ ਭਾਵੇਂ ਨਸ਼ਿਆਂ ਜਾਂ ਰੋਜ਼ਗਾਰ ਜਾਂ ਫਿਰ ਸੂਬੇ ਨੂੰ ਬਰਬਾਦ ਕਰ ਰਹੇ ਹੋਰ ਮੁੱਦੇ ਹੋਣ, ਲੋਕਾਂ ਨਾਲ ਕੀਤੇ ਗਏ ਹਰੇਕ ਵਾਅਦੇ ਨੂੰ ਪੂਰੀ ਤਰ੍ਹਾਂ ਪੂਰਾ ਕੀਤਾ ਜਾਵੇਗਾ।