ਫਰੀਦਕੋਟ/ਸ੍ਰੀ ਮੁਕਤਸਰ ਸਾਹਿਬ, 1 ਜਨਵਰੀ, 2017 : ਸਾਬਕਾ ਸਾਂਸਦ ਤੇ ਤ੍ਰਿਣਮੂਲ ਕਾਂਗਰਸ ਦੇ ਸੂਬਾ ਪ੍ਰਧਾਨ ਜਗਮੀਤ ਸਿੰਘ ਬਰਾੜ ਵੱਲੋਂ ਐਤਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਤੇ ਫਰੀਦਕੋਟ ਵਿਖੇ ਦੋ ਹੋਰ ਟੀ.ਐਮ.ਸੀ ਦਫਤਰਾਂ ਦਾ ਉਦਘਾਟਨ ਕੀਤਾ ਗਿਆ। ਇਸ ਤਰ੍ਹਾਂ ਬੀਤੇ 15 ਦਿਨਾਂ ਦੌਰਾਨ ਪਾਰਟੀ ਨੇ 10 ਦਫਤਰ ਖੋਲ੍ਹ ਦਿੱਤੇ ਹਨ। ਇਸ ਮੌਕੇ ਜਗਮੀਤ ਬਰਾੜ ਦੇ ਵੱਡੀ ਗਿਣਤੀ 'ਚ ਵਲੰਟੀਅਰ ਤੇ ਸਮਰਥਕ ਸ਼ਾਮਿਲ ਹੋਏ।
ਕੁਝ ਦਿਨ ਪਹਿਲਾਂ 6 ਮੈਂਬਰੀ ਸੰਗਠਨ ਵਿਸਥਾਰ ਕਮੇਟੀ ਦੇ ਐਲਾਨ ਤੋਂ ਬਾਅਦ, ਇਹ ਦਫਤਰ ਬਰਾੜ ਵੱਲੋਂ ਪੰਜਾਬ ਅੰਦਰ ਟੀ.ਐਮ.ਸੀ ਦੇ ਤੇਜ਼ੀ ਨਾਲ ਵਿਕਾਸ ਦੀ ਯੋਜਨਾ ਦਾ ਹਿੱਸਾ ਹਨ ਅਤੇ ਆਉਂਦਿਆਂ ਦਿਨਾਂ 'ਚ ਦੋਆਬਾ ਅੰਦਰ ਪਾਰਟੀ ਦੀਆਂ ਗਤੀਵਿਧੀਆਂ ਸਮੇਤ ਕਈ ਹਾਈ ਪ੍ਰੋਫਾਈਲ ਲੋਕ ਟੀ.ਐਮ.ਸੀ 'ਚ ਸ਼ਾਮਿਲ ਹੋਣਗੇ। ਇਸ ਦਿਸ਼ਾ 'ਚ ਇਨ੍ਹਾਂ ਦਫਤਰਾਂ ਦੇ ਉਦਘਾਟਨ ਨੇ ਵੱਡੀ ਗਿਣਤੀ 'ਚ ਬਰਾੜ ਸਮਰਥਕਾਂ ਦੀ ਭੀੜ ਸਮੇਤ ਕਾਫੀ ਤਾਦਾਤ 'ਚ ਆਪ ਵਲੰਟੀਅਰਾਂ ਤੇ ਸਥਾਨਕ ਅਹੁਦੇਦਾਰਾਂ ਨੂੰ ਵੀ ਆਪਣੇ ਵੱਲ ਖਿੱਚਿਆ, ਜਿਨ੍ਹਾਂ ਨੇ ਦਫਤਰ ਦੇ ਉਦਘਾਟਨ ਤੋਂ ਬਾਅਦ ਰੋਡ ਸ਼ੋਅ ਦੌਰਾਨ ਆਪ ਦੇ ਟੀ.ਐਮ.ਸੀ ਨਾਲ ਗਠਜੋੜ ਦੇ ਹੱਕ 'ਚ ਨਾਅਰੇਬਾਜੀ ਕੀਤੀ।
ਇਸ ਮੌਕੇ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸਿਆਸੀ ਕਰਿਅਰ ਦੀ ਸ਼ੁਰੂਆਤ ਮਾਲਵਾ ਤੋਂ ਕੀਤੀ ਸੀ ਤੇ ਇਥੋਂ ਦੇ ਲੋਕਾਂ ਨੇ ਬੀਤੇ 40 ਸਾਲਾਂ 'ਚ ਉਨ੍ਹਾਂ ਨੂੰ ਬਹੁਤ ਸਾਰਾ ਪਿਆਰ ਦਿੱਤਾ ਹੈ, ਜਿਨ੍ਹਾਂ ਨਾਲ ਉਨ੍ਹਾਂ ਦੇ ਸਬੰਧ ਅੱਜ ਟੀ.ਐਮ.ਸੀ ਨੂੰ ਮਿੰਲ ਰਹੇ ਭਾਰੀ ਸਮਰਥਨ ਤੇ ਉਤਸਾਹ ਨਾਲ ਹੋਰ ਵੀ ਮਜ਼ਬੂਤ ਹੋ ਗਏ ਹਨ।
ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਹ ਬਹੁਤ ਸਾਰੇ ਕਾਂਗਰਸ ਦੇ ਪੁਰਾਣੇ ਸਾਥੀਆਂ ਦੇ ਸੰਪਰਕ 'ਚ ਹਨ, ਜਿਹੜੇ ਅਮਰਿੰਦਰ ਦੀ ਰਾਜਸ਼ਾਹੀ ਤੇ ਦਲਾਲਾਂ ਦੀ ਮੰਡਲੀ ਤੋਂ ਤੰਗ ਆ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ 'ਚ ਟੀ.ਐਮ.ਸੀ 'ਚ ਸ਼ਾਮਿਲ ਹੋਣਗੇ।
ਉਥੇ ਹੀ, ਉਨ੍ਹਾਂ ਨੇ ਉਨ੍ਹਾਂ ਦੋਸ਼ਾਂ ਨੂੰ ਖਾਰਿਜ਼ ਕੀਤਾ ਕਿ ਉਹ ਵੱਡੀ ਗਿਣਤੀ 'ਚ ਆਪ ਆਗੂਆਂ ਨੂੰ ਆਪਣੇ ਵੱਲ ਲਿਆ ਰਹੇ ਹਨ। ਬਰਾੜ ਨੇ ਕਿਹਾ ਕਿ ਹਾਂ ਉਹ ਆਪ 'ਚ ਬਹੁਤ ਸਾਰੇ ਮਿੱਤਰਾਂ ਨਾਲ ਸੰਪਰਕ 'ਚ ਹਨ, ਪੰਜਾਬ ਲਈ ਸਾਡਾ ਸਾਂਝਾ ਉਦੇਸ਼ ਹੈ ਤੇ ਸਾਂਝਾ ਮਿਸ਼ਨ ਹੈ ਅਤੇ ਅਜਿਹੇ 'ਚ ਜੇ ਉਹ ਟੀ.ਐਮ.ਸੀ 'ਤੇ ਭਰੋਸਾ ਪ੍ਰਗਟਾਉਂਦਿਆਂ, ਤਾਂ ਉਨ੍ਹਾਂ ਲਈ ਦਰਵਾਜ਼ੇ ਬੰਦ ਕਰਨ ਵਾਲੇ ਉਹ ਕੌਣ ਹੁੰਦੇ ਹਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਟੀ.ਐਮ.ਸੀ ਸਰਗਰਮੀ ਨਾਲ ਆਪ ਆਗੂਆਂ ਤੇ ਵਲੰਟੀਅਰਾਂ ਨੂੰ ਆਪਣੇ ਵੱਲ ਨਹੀਂ ਕਰ ਰਹੀ ਹੈ, ਲੇਕਿਨ ਜੇ ਕੋਈ ਭਰੋਸੇ ਤੇ ਉਮੀਦ ਨਾਲ ਸਾਡੇ ਕੋਲ ਆਉਂਦਾ ਹੈ, ਤਾਂ ਅਸੀਂ ਉਸਨੂੰ ਮਨ੍ਹਾ ਵੀ ਨਹੀਂ ਕਰਾਂਗੇ।
ਜਦਕਿ ਆਪ ਨਾਲ ਚੋਣਾਂ ਤੋਂ ਪਹਿਲਾਂ ਗਠਜੋੜ ਦੀ ਸੰਭਾਵਨਾ ਬਾਰੇ ਸਵਾਲਾਂ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਉਹ ਲਗਾਤਾਰ ਕਹਿ ਰਹੇ ਹਨ ਕਿ ਟੀ.ਐਮ.ਸੀ ਗਠਜੋੜ ਚਾਹੁੰਦੀ ਹੇ ਅਤੇ ਪੰਜਾਬ ਦੇ ਹਿੱਤ 'ਚ ਅਸੀਂ ਨਰਮ ਰੁੱਖ ਅਪਣਾ ਰਹੇ ਹਾਂ। ਅਜਿਹੇ 'ਚ ਗੇਂਦ ਆਪ ਦੇ ਪਾਲੇ 'ਚ ਹੈ ਅਤੇ ਉਨ੍ਹਾਂ ਨੂੰ ਇਕਜੁੱਟਤਾ ਦਾ ਮਹੱਤਵ ਸਮਝਣਾ ਚਾਹੀਦਾ ਹੈ। ਟੀ.ਐਮ.ਸੀ ਪੰਜਾਬ ਅੰਦਰ ਪਰਿਵਾਰਵਾਦ ਤੇ ਰਾਜਵਾਦਸ਼ਾਹੀ ਖਿਲਾਫ ਲੜੇਗੀ, ਭਾਵੇਂ ਗਠਜੋੜ 'ਤੇ ਨਤੀਜਾ ਕੋਈ ਵੀ ਹੋਵੇ। ਸਾਨੂੰ ਸਾਥ ਚੱਲਣਾ ਹੈ ਜਾਂ ਫਿਰ ਵੱਖ, ਇਸ 'ਤੇ ਸਾਰਿਆਂ ਨੂੰ ਫੈਸਲਾ ਲੈਣਾ ਚਾਹੀਦਾ ਹੈ।
ਟੀ.ਐਮ.ਸੀ ਦੇ ਸੂਤਰਾਂ ਨੇ ਇਸ਼ਾਰਾ ਕੀਤਾ ਕਿ ਜਗਮੀਤ ਸਿੰਘ ਬਰਾੜ ਆਉਣ ਵਾਲੇ ਤਿੰਨ ਦਿਨਾਂ 'ਚ ਆਖਿਰੀ ਫੈਸਲਾ ਲੈਣ ਵਾਸਤੇ ਟੀ.ਐਮ.ਸੀ ਦੀ ਕੌਮੀ ਪ੍ਰਧਾਨ ਤੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਲਈ ਪੰਜਾਬ ਤੋਂ ਬਾਹਰ ਜਾ ਸਕਦੇ ਹਨ, ਤਾਂ ਜੋ ਗਠਜੋੜ 'ਤੇ ਗੱਲ ਅਸਫਲ ਰਹਿਣ 'ਤੇ ਟੀ.ਐਮ.ਸੀ ਆਪਣੇ ਪੱਧਰ 'ਤੇ ਚੋਣ ਲੜਨ ਦੀਆਂ ਤਿਆਰੀਆਂ ਕਰ ਸਕੇ।
ਇਸ ਮੌਕੇ ਉਦਘਾਟਨ ਸਮਾਰੋਹਾਂ 'ਚ, ਹੋਰਨਾਂ ਤੋਂ ਇਲਾਵਾ, ਸਾਬਕਾ ਵਿਧਾਇਕ ਰਿਪਜੀਤ ਸਿੰਘ ਬਰਾੜ, ਵਿਜੈ ਸਾਥੀ ਤੇ ਹਰਬੰਸ ਲਾਲ ਸਮੇਤ ਸੰਤ ਸਿੰਘ ਘੱਗਾ, ਅਮਰਜੀਤ ਸਿੰਘ ਰਾਜੀਆਨਾ, ਗੁਰਦਾਸ ਗਿਰਧਰ, ਬਲਬੀਰ ਸਿੱਧੂ, ਹਰਫੂਲ ਸਿੰਘ ਹਰੀਕੇ ਤੇ ਸਾਧੂ ਸਿੰਘ ਸੇਖੋਂ ਵੀ ਮੋਜ਼ੂਦ ਰਹੇ।