ਪਟਿਆਲਾ, 17 ਦਸੰਬਰ 2016: ਸਾਬਕਾ ਸੰਸਦ ਮੈਂਬਰ ਤੇ ਤ੍ਰਿਣਮੂਲ ਕਾਂਗਰਸ, ਪੰਜਾਬ ਦੇ ਪ੍ਰਧਾਨ ਜਗਮੀਤ ਸਿੰਘ ਬਰਾੜ ਵੱਲੋਂ ਇਕ ਸ਼ਾਨਦਾਰ ਰੋਡ ਸ਼ੋਅ ਕੱਢਣ ਤੋਂ ਬਾਅਦ ਪਟਿਆਲਾ ਵਿਖੇ ਟੀ.ਐਮ.ਸੀ ਦੇ ਜ਼ਿਲ੍ਹਾ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਰੋਡ ਸ਼ੋਅ 'ਚ ਸ਼ਾਮਿਲ ਉਨ੍ਹਾਂ ਦੇ ਸਮਰਥਕ ਹੱਥਾਂ 'ਚ ਟੀ.ਐਮ.ਸੀ ਦੀ ਕੌਮੀ ਪ੍ਰਧਾਨ ਤੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਪਾਰਟੀ ਚਿੰਨ੍ਹ ਵਾਲੇ ਕੱਟਆਊਟ ਲੈ ਕੇ ਚੱਲ ਰਹੇ ਸਨ।
ਇਸ ਮੌਕੇ ਬਰਾੜ ਨੇ ਕਿਹਾ ਕਿ ਸਾਡੇ ਆਲ ਇੰਡੀਆ ਮੀਤ ਪ੍ਰਧਾਨ ਮੁਕੁਲ ਰੋਏ ਵੱਲੋਂ ਚੰਡੀਗੜ੍ਹ ਵਿਖੇ ਸੂਬਾ ਮੁੱਖ ਦਫਤਰ ਦਾ ਉਦਘਾਟਨ ਕਰਨ ਤੋਂ ਬਾਅਦ ਜ਼ਿਲ੍ਹਾ ਦਫਤਰਾਂ ਨੂੰ ਖੋਲ੍ਹਣ ਦਾ ਐਲਾਨ ਕੀਤਾ ਸੀ ਅਤੇ ਪਟਿਆਲਾ ਤੋਂ ਅਸੀਂ ਸ਼ੁਰੂਆਤ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਸਾਡੇ ਰੋਡ ਸ਼੍ਰੋਅ ਨੂੰ ਮਿੱਲੇ ਸਮਰਥਨ ਤੋਂ ਬਹੁਤ ਉਤਸਾਹਿਤ ਹਨ ਅਤੇ ਅਸੀਂ ਪੰਜਾਬ ਅੰਦਰ ਇਕ ਇਮਾਨਦਾਰ ਸਿਆਸੀ ਵਿਕਲਪ ਦੇਣ ਲਈ ਵਚਨਬੱਧ ਹਾਂ, ਜਿਸਨੂੰ ਵਰਕਰਾਂ ਸਮੇਤ ਕਾਂਗਰਸ ਤੇ ਅਕਾਲੀ ਦਲ ਤੋਂ ਨਿਰਾਸ਼ ਵਲੰਟੀਅਰਾਂ ਤੋਂ ਭਾਰੀ ਸਮਰਥਨ ਮਿੱਲ ਰਿਹਾ ਹੈ, ਜਿਹੜੇ ਟੀ.ਐਮ.ਸੀ 'ਚ ਇਕ ਸਾਫ ਸੁਥਰਾ ਕੌਮੀ ਵਿਚਾਰ ਦੇਖਦੇ ਹਨ।
ਉਨ੍ਹਾਂ ਨੇ ਕਿਹਾ ਕਿ ਆਉਂਦਿਆਂ ਦਿਨਾਂ 'ਚ ਸਾਡੇ ਦਫਤਰ ਹਰੇਕ ਜ਼ਿਲ੍ਹੇ ਅੰਦਰ ਖੁੱਲ੍ਹਣਗੇ ਤੇ ਜ਼ਲਦੀ ਹੀ ਅਹੁਦੇਦਾਰਾਂ ਦੀ ਇਕ ਲਿਸਟ ਐਲਾਨੀ ਜਾਵੇਗੀ। ਇਸ ਤੋਂ ਇਲਾਵਾ, ਵਲੰਟੀਅਰਾਂ ਨੂੰ ਸ਼ਾਮਿਲ ਕਰਨ ਵਾਸਤੇ ਇਕ ਸੂਬਾ ਪੱਧਰੀ ਮੁਹਿੰਮ ਵੀ ਚਲਾਈ ਜਾਵੇਗੀ ਅਤੇ ਵੋਟਰਾਂ ਨੂੰ ਪਾਰਟੀ ਦੇ ਚੋਣ ਚਿੰਨ੍ਹ ਤੋਂ ਚੰਗੀ ਤਰ੍ਹਾਂ ਜਾਣੂ ਕਰਵਾਇਆ ਜਾਵੇਗਾ।
ਉਥੇ ਹੀ, ਜਦੋਂ ਉਨ੍ਹਾਂ ਤੋਂ ਆਪ ਨਾਲ ਸਮੀਕਰਣਾਂ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਲੋਕ ਹਿੱਤ ਅਭਿਆਨ ਨੇ ਬਗੈਰ ਕਿਸੇ ਸ਼ਰਤ ਆਪ ਨੂੰ ਸਮਰਥਨ ਦਿੱਤਾ ਸੀ ਅਤੇ ਸੰਕਟ ਵੇਲੇ ਆਪ ਨਾਲ ਖੜ੍ਹੀ ਸੀ। ਅਸੀਂ ਪੰਜਾਬ ਨੂੰ ਰਾਜਵਾੜਾਸ਼ਾਹੀ ਤੇ ਪਰਿਵਾਰਵਾਦ ਤੋਂ ਬਚਾਉਣ ਲਈ ਉਨ੍ਹਾਂ ਨਾਲ ਹਰ ਮੁੱਦੇ 'ਤੇ ਖੜਾਂਗੇ। ਅਸੀਂ ਉਨ੍ਹਾਂ ਨਾਲ ਇਕ ਭਾਈਵਾਲ ਵਜੋਂ ਪੰਜਾਬ ਨੂੰ ਇਕ ਚੰਗੀ ਸਰਕਾਰ ਦੇਣਾ ਚਾਹੁੰਦੇ ਹਾਂ, ਲੇਕਿਨ ਹੁਣ ਤੁਸੀਂ ਇਕ ਹੱਥ ਨਾਲ ਤਾੜੀ ਨਹੀਂ ਵਜਾ ਸਕਦੇ, ਉਨ੍ਹਾਂ ਨੂੰ ਵੀ ਪੰਜਾਬ ਲਈ ਇਸੇ ਤਰ੍ਹਾਂ ਦੀ ਵਚਨਬੱਧਤਾ ਦਰਸਾਉਣੀ ਚਾਹੀਦੀ ਹੈ।
ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਸੀਨੀਅਰ ਆਗੂਆਂ 'ਚ ਵਿਜੈ ਸਾਥੀ, ਸੰਤ ਸਿੰਘ ਘੱਗਾ, ਅਮਰਜੀਤ ਸਿੰਘ ਰਾਜੀਆਨਾ, ਬਲਜੀਤ ਸਿੰਘ ਵੀ ਮੌਜ਼ੂਦ ਰਹੇ।