ਨਵੀਂ ਦਿੱਲੀ, 28 ਦਸੰਬਰ, 2016 : ਕਥਿਤ ਤੌਰ 'ਤੇ ਸਿੱਖ ਅਰਦਾਸ ਦੀ ਨਕਲ ਕਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਕਤ ਵਿਚ ਆ ਗਈ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅੱਜ ਭੇਜੇ ਸ਼ਿਕਾਇਤੀ ਪੱਤਰ ਵਿਚ ਦੋਸ਼ੀਆਂ ਦੇ ਖਿਲਾਫ਼ ਪੰਥਕ ਰਵਾਇਤਾ ਅਨੁਸਾਰ ਸਖ਼ਤ ਕਾਰਵਾਈ ਕਰਨ ਦੀ ਵਕਾਲਤ ਕੀਤੀ ਹੈ। ਸ਼ਿਕਾਇਤੀ ਪੱਤਰ ਦੇ ਨਾਲ ਵਿਵਾਦਿਤ ਵੀਡੀਓ ਦੀ ਸੀ.ਡੀ. ਨੱਥੀ ਕਰਦੇ ਹੋਏ ਜੀ.ਕੇ. ਨੇ ਕਿਸੇ ਕੀਮਤ ਤੇ ਵੀ ਸਿੱਖ ਅਰਦਾਸ ਦੀ ਨਕਲ ਨੂੰ ਬਰਦਾਸ਼ਤ ਨਾ ਕਰਨ ਦੀ ਜਥੇਦਾਰ ਨੂੰ ਅਪੀਲ ਕੀਤੀ ਹੈ।
ਜੀ.ਕੇ. ਨੇ ਕਿਹਾ ਕਿ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਅਸੀਂ ਕਿਸੇ ਧਰਮ ਵਿਸ਼ੇਸ਼ ਦੇ ਖਿਲਾਫ਼ ਕਦੇ ਬੁਰੀ ਭਾਵਨਾ ਨਾਲ ਕੋਈ ਗੱਲ ਨਹੀਂ ਕੀਤੀ ਅਤੇ ਨਾ ਹੀ ਦੂਜਿਆ ਦੇ ਧਰਮ ਨੂੰ ਨੀਵਾਂ ਦਿਖਾਉਣ ਦੀ ਕੋਝੀ ਹਰਕਤ ਕੀਤੀ ਹੈ, ਸਗੋਂ ਸਾਡੇ ਗੁਰੂਆਂ, ਸਿੱਖ ਬਾਦਸ਼ਾਹਾਂ ਅਤੇ ਸਿੰਘਾਂ ਨੇ ਹਮੇਸ਼ਾ ਹੀ ਧਰਮ ਨਿਰਪਖਤਾ ਤੇ ਪਹਿਰਾ ਦਿੰਦੇ ਹੋਏ ਮੰਦਿਰਾਂ ਤੇ ਮਸੀਤਾਂ ਦਾ ਬਰਾਬਰ ਸਨਮਾਨ ਕੀਤਾ ਹੈ।
ਰਾਮਪੁਰਾ ਫੂਲ ਵਿਖੇ ਪੰਜਾਬ ਸਰਕਾਰ ਦੇ ਮੰਤਰੀ ਸਿੰਕਦਰ ਸਿੰਘ ਮਲੂਕਾ ਦੀ ਹਾਜ਼ਰੀ ਵਿਚ ਸਿੱਖ ਅਰਦਾਸ ਦੀ ਹੋਈ ਕਥਿਤ ਨਕਲ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਜੀ.ਕੇ. ਨੇ ਦੋਸ਼ੀਆਂ ਦੀ ਭਾਲ ਕਰਨ ਦੀ ਸ੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੂੰ ਅਪੀਲ ਕੀਤੀ ਹੈ। ਜੀ.ਕੇ. ਨੇ ਕਿਹਾ ਕਿ ਸਿੱਖ ਧਰਮ ਨੂੰ ਲੱਖਾਂ ਕੁਰਬਾਨੀਆਂ ਤੋਂ ਬਾਅਦ ਮਿਲੀ ਅਰਦਾਸ ਦੀ ਕੋਈ ਹੂ-ਬ-ਹੂ ਪੈਰੋਡੀ ਬਣਾਉਣ ਵਾਲਾ ਮਾਨਸਿਕ ਤੌਰ ’ਤੇ ਬੀਮਾਰ ਮਨੁੱਖ ਹੀ ਹੋ ਸਕਦਾ ਹੈ ਕਿਉਂਕਿ ਸਿੱਖ ਗੁਰੂਆਂ ਦੀ ਸ਼ਹੀਦੀਆਂ ਸੱਦਕਾ ਹੀ ਅੱਜ ਦੇਸ਼ ਧਰਮ ਨਿਰਪੱਖਤਾ ਦੀ ਰਾਹ ਤੇ ਮਜ਼ਬੂਤੀ ਨਾਲ ਖੜਾ ਹੈ।
ਜੀ.ਕੇ. ਨੇ ਆਪਣੀ ਗੱਲ ਨੂੰ ਸਾਫ਼ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਸਿੱਖ ਅਰਦਾਸ ਤੋਂ ਪ੍ਰਭਾਵਿਤ ਹੈ ਤਾਂ ਪਹਿਲਾਂ ਉਸਨੂੰ ਸਿੱਖ ਸਿੱਧਾਂਤਾ ਤੇ ਰਵਾਇਤਾਂ ਦੇ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ। ਗੈਰਸਿੱਖ ਅਰਦਾਸ ਨੂੰ ਸਮਰਪਿਤ ਤਾਂ ਹੋ ਸਕਦੇ ਹੋ ਪਰ ਮਖੌਲ ਨਹੀਂ ਉਡਾ ਸਕਦੇ। ਅਰਦਾਸ ਆਪਣੇ ਮਨ ਦੀ ਸ਼ੁਭ-ਭਾਵਨਾਵਾਂ ਨੂੰ ਅਕਾਲ ਪੁਰਖ ਦੇ ਚਰਣਾਂ ਵਿਚ ਬੇਨਤੀ ਸਰੂਪ ਵਿਚ ਰੱਖਣ ਦਾ ਮਾਧਿਯਮ ਹੋ ਸਕਦੀ ਹੈ ਪਰ ਕੋਝੀ ਸਿਆਸਤ ਤੇ ਧਾਰਮਿਕ ਵੱਖਰੇਵੇਂ ਪੈਦਾ ਕਰਨ ਲਈ ਦੁਰਵਰਤੋਂ ਕਰਨ ਦੀ ਕਿਸੇ ਨੂੰ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ ਭਾਵੇਂ ਉਹ ਕਿਨ੍ਹਾਂ ਵੱਡਾ ਰਸੂਖਦਾਰ ਕਿਉਂ ਨਾ ਹੋਵੇ।