ਨਵੀਂ ਦਿੱਲੀ, 11 ਦਸੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ 'ਚ ਅਨੁਚਿਤ ਦੇਰੀ ਬਾਰੇ ਐਤਵਾਰ ਨੂੰ ਇਨਕਾਰ ਕੀਤਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਇਕ ਵੱਡੀ ਪਾਰਟੀ ਹੈ, ਜਿਸਨੂੰ ਟਿਕਟਾਂ ਦੀ ਸਹੀ ਤਰੀਕੇ ਨਾਲ ਵੰਡ ਪੁਖਤਾ ਕਰਨ ਵਾਸਤੇ ਪੂਰੀ ਪ੍ਰੀਕ੍ਰਿਆ ਤੋਂ ਹੋ ਕੇ ਨਿਕਲਣਾ ਪੈਂਦਾ ਹੈ।
ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ, ਕੈਪਟਨ ਅਮਰਿੰਦਰ ਨੇ ਕਿਹਾ ਕਿ ਟਿਕਟਾਂ ਦੀ ਵੰਡ 'ਚ ਦੇਰੀ ਕਾਂਗਰਸ ਉਮੀਦਵਾਰਾਂ ਦੇ ਪ੍ਰਚਾਰ ਉਪਰ ਕਿਸੇ ਤਰ੍ਹਾਂ ਦਾ ਪ੍ਰਭਾਵ ਨਹੀਂ ਪਾਵੇਗੀ, ਜਿਨ੍ਹਾਂ ਨੂੰ ਚੋਣ ਪ੍ਰੀਕ੍ਰਿਆ 'ਚ ਸਹੀ ਤਰੀਕੇ ਨਾਲ ਹਿੱਸਾ ਲੈਣ ਲਈ ਪੂਰਾ ਵਕਤ ਮਿੱਲੇਗਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਲੜੀਵਾਰ ਇਕ ਮੈਂਬਰ ਤੇ ਇਕ ਪਰਿਵਾਰ ਦੀਆਂ ਪਾਰਟੀਆਂ - ਆਮ ਆਦਮੀ ਪਾਰਟੀ ਤੇ ਸ੍ਰੋਮਣੀ ਅਕਾਲੀ ਦਲ ਦੇ ਉਲਟ ਕਾਂਗਰਸ ਦਾ ਇਕ ਸੰਗਠਨਾਤਮਕ ਢਾਂਚਾ ਹੈ, ਜਿਹੜਾ ਸਿਧਾਂਤਾਂ ਅਤੇ ਪ੍ਰੀਕ੍ਰਿਆਵਾਂ ਦੇ ਅਧਾਰ 'ਤੇ ਕੰਮ ਕਰਦਾ ਹੈ।
ਜਦਕਿ ਸੀਨੀਅਰ ਪਾਰਟੀ ਆਗੂ ਮਨੀਸ਼ ਤਿਵਾੜੀ ਨੂੰ ਟਿਕਟ ਦੇਣ ਬਾਰੇ ਚੱਲ ਰਹੀਆਂ ਅਟਕਲਾਂ ਦੇ ਸਬੰਧ 'ਚ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਫੈਸਲਾ ਲੈਣ ਦਾ ਵਿਸ਼ੇਸ਼ ਅਧਿਕਾਰ ਆਲ ਇੰਡੀਆ ਕਾਂਗਰਸ ਕਮੇਟੀ ਪ੍ਰਧਾਨ ਕੋਲ ਹੈ ਅਤੇ ਇਹ ਉਚਿਤ ਸਮਾਂ ਆਉਣ 'ਤੇ ਲਿਆ ਜਾਵੇਗਾ।
ਪੰਜਾਬ ਕਾਂਗਰਸ 'ਚ ਨਵਜੋਤ ਸਿੱਧੂ ਨੂੰ ਲੈ ਕੇ ਰਣਨੀਤੀ 'ਤੇ, ਕੈਪਟਨ ਅਮਰਿੰਦਰ ਨੇ ਕਿਹਾ ਕਿ ਸਿੱਧੂ ਵੱਲੋਂ ਆਪਣੇ ਫੈਸਲੇ ਦਾ ਐਲਾਨ ਕਰਨਾ ਹਾਲੇ ਬਾਕੀ ਹੈ, ਜਿਹੜਾ ਕੰਮ ਪਾਰਟੀ ਨੇ ਉਨ੍ਹਾਂ ਉਪਰ ਹੀ ਛੱਡਿਆ ਹੈ।
ਇਕ ਹੋਰ ਸਵਾਲ ਦੇ ਜਵਾਬ 'ਚ, ਕੈਪਟਨ ਅਮਰਿੰਦਰ ਨੇ ਕਿਹਾ ਕਿ ਦੋਵੇਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਪੰਜਾਬ ਅੰਦਰ ਕਾਂਗਰਸ ਲਈ ਪ੍ਰਚਾਰ ਕਰਨਗੇ ਅਤੇ ਉਹ ਪ੍ਰਿਯੰਕਾ ਗਾਂਧੀ ਨੂੰ ਵੀ ਚੋਣ ਪ੍ਰੀਕ੍ਰਿਆ 'ਚ ਸਹਾਇਤਾ ਕਰਨ ਦੀ ਅਪੀਲ ਕਰਨਗੇ।
ਗਾਇਕ ਹੰਸ ਰਾਜ ਹੰਸ ਦੇ ਕਾਂਗਰਸ ਛੱਡਣ ਤੇ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਬਣਨ ਬਾਰੇ ਇਕ ਸਵਾਲ ਦੇ ਜਵਾਬ 'ਚ, ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸ਼ਾਇਦ ਕੌਮੀ ਪੱਧਰ 'ਤੇ ਨਾਂਮ ਹਾਸਿਲ ਕਰਨ ਖਾਤਿਰ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਪੰਜਾਬ 'ਚ ਇਕ ਨਾਨ-ਪਲੇਅਰ ਹੈ।
ਆਪ ਆਗੂ ਅਰਵਿੰਦ ਕੇਜਰੀਵਾਲ ਦੇ ਪੰਜਾਬ 'ਚ ਦਲਿਤ ਡਿਪਟੀ ਮੁੱਖ ਮੰਤਰੀ ਬਣਾਉਣ ਬਾਰੇ ਵਾਅਦੇ ਨੂੰ ਲੈ ਕੇ ਸਵਾਲ 'ਤੇ, ਕੈਪਟਨ ਅਮਰਿੰਦਰ ਨੇ ਇਨ੍ਹਾਂ ਨੂੰ ਝੂਠੇ ਦਾਅਵੇ ਦੱਸਦਿਆਂ ਖਾਤਿਰ ਕੀਤਾ ਤੇ ਕਿਹਾ ਕਿ ਕੇਜਰੀਵਾਲ ਕੋਲ ਦਿੱਲੀ 'ਚ ਕੋਈ ਸਿੱਖ ਜਾਂ ਦਲਿਤ ਮੰਤਰੀ ਨਹੀਂ ਹੈ, ਜਿਹੜੇ ਅਜਿਹੇ ਗੁੰਮਰਾਹਕੁੰਨ ਬਿਆਨ ਦੇ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।