ਬਰਨਾਲਾ ਦੇ ਅਰੁਣ ਮੈਮੋਰੀਅਲ ਕਲਚਰਲ ਸੈਂਟਰ ਵਿਖੇ ਕਰਵਾਏ ਗਏ ਔਰਤਾਂ ਦੀ 'ਸਾਂਝ ਮਿਲਣੀ' ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਟ੍ਰਾਈਡੈਂਟ ਚੇਅਰਮੈਨ ਰਜਿੰਦਰ ਗੁਪਤਾ ਤੇ ਹੋਰ।
ਬਰਨਾਲਾ,18 ਦਸੰਬਰ, 2016 : ਸ਼੍ਰੋਮਣੀ ਅਕਾਲੀ ਦਲ ਦੇ ਸੂਬਾਈ ਜਨਰਲ ਸਕੱਤਰ ਅਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ ਜੋ ਪਾਰਟੀ ਦੇ ਸੰਭਾਵੀ ਉਮੀਦਵਾਰ ਵਜੋਂ ਚਰਚਾ 'ਚ ਹਨ, ਨੇ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕੇ ਦੀਆਂ ਔਰਤਾਂ ਦੀ 'ਸਾਂਝੀ ਮਿਲਣੀ' ਦੇ ਨਾਂਅ ਹੇਠ ਇਕੱਤਰਤਾ ਕਰਕੇ ਹਲਕੇ 'ਚ ਔਰਤਾਂ ਦੇ ਸਵੈ-ਰੁਜ਼ਗਾਰ ਸਥਾਪਤੀ ਲਈ ਇਕਾਈਆਂ ਦਾ ਗਠਨ ਕਰਕੇ 5 ਕਰੋੜ ਦੀ ਰਾਸ਼ੀ ਮੁਹੱਈਆ ਕਰਵਾਉਣ ਦਾ ਐਲਾਨ ਵੀ ਕੀਤਾ। ਭਾਵੇਂ ਕਿ ਸਮਾਗਮ 'ਚ ਸ਼ਿਰਕਤ ਸਮੇਂ ਹਰ ਇੱਕ ਨੂੰ ਚੰਗੀ ਆਓ-ਭਗਤ ਤੇ ਗਿਫ਼ਟ ਮਿਲਣ ਦੇ ਪਿੰਡਾਂ ਦੇ ਸਥਾਨਕ ਅਕਾਲੀ ਆਗੂਆਂ ਵੱਲੋਂ ਦਿੱਤੇ ਗਏ ਭਰੋਸੇ 'ਤੇ ਖਰਾ ਨਾ ਉਤਰਨ ਦੇ ਸਿੱਟੇ ਵਜੋਂ ਭਾਰੀ ਗਿਣਤੀ ਔਰਤਾਂ ਜਾਂਦੇ ਸਮੇਂ ਪ੍ਰਬੰਧਕਾਂ ਨੂੰ ਬੋਲ-ਕਬੋਲ ਵੀ ਬੋਲਦੀਆਂ ਸੁਣੀਆਂ ਗਈਆਂ।
ਟ੍ਰਾਈਡੈਂਟ ਗਰੁੱਪ ਦੇ ਸਥਾਨਕ ਅਰੁਣ ਮੈਮੋਰੀਅਲ ਕਲਚਰਲ ਸੈਂਟਰ ਵਿਖੇ ਕਰਵਾਏ ਗਏ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਅਕਾਲੀ ਆਗੂ ਤੇ ਗਰੁੱਪ ਚੇਅਰਮੈਨ ਸ੍ਰੀ ਗੁਪਤਾ ਨੇ ਕਿਹਾ ਕਿ ਹਲਕੇ ਦੀਆਂ ਔਰਤਾਂ ਦੇ ਚੰਗੇਰੇ ਭਵਿੱਖ ਦੇ ਸੁਪਨੇਂ ਸਾਕਾਰ ਕਰਨ ਹਿੱਤ 1 ਜਨਵਰੀ ਤੋਂ 5 ਕਰੋੜ ਰੁਪਏ ਦਾ ਫੰਡ ਮੁਹੱਈਆ ਕਰਵਾਇਆ ਜਾਵੇਗਾ। ਜੋ ਔਰਤਾਂ ਲਈ ਛੋਟੇ ਰੁਜ਼ਗਾਰ-ਧੰਦੇ ਸ਼ੁਰੂ ਕਰਨ ਲਈ ਸਿੱਖਿਆ, ਕਰਜ਼ ਸਹੂਲਤਾਂ ਤੇ ਭਲਾਈ ਕਾਰਜ਼ਾਂ ਲਈ ਵਰਤਿਆ ਜਾਵੇਗਾ। ਉਨਾਂ ਕਿਹਾ ਕਿ ਇਸ ਯੋਜਨਾਂ ਨੂੰ ਅਗਲੇ ਤਿੰਨ ਮਹੀਨਿਆਂ ਅੰਦਰ ਅਮਲੀ ਰੂਪ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਉਨਾਂ ਕਿਹਾ ਕਿ ਲੜਕੀਆਂ ਦੀ ਸਿੱਖਿਆ ਅਤੇ ਬਿਹਤਰ ਭਵਿੱਖ ਉਨਾਂ ਦੇ ਉਦਯੋਗ ਸਮੂਹ ਦੀ ਹਮੇਸ਼ਾ ਤਰਜ਼ੀਹ ਰਹੀ ਹੈ । ਸ਼੍ਰੀ ਗੁਪਤਾ ਨੇ ਸਮਾਗਮ ਦੌਰਾਨ ਹਲਕੇ 'ਚੋਂ ਭਰਵੀਂ ਗਿਣਤੀ ਔਰਤਾਂ ਦੀ ਸਮੂਲੀਅਤ ਲਈ ਧੰਨਵਾਦ ਵੀ ਕੀਤਾ ਤੇ ਕਿਹਾ ਕਿ 'ਤੁਹਾਡੇ ਇਸ ਏਕੇ ਵਿੱਚ ਪ੍ਰੀਵਾਰ, ਸਮਾਜ ਤੇ ਦੇਸ਼ ਬਦਲਣ ਦੀ ਤਾਕਤ ਹੈ, ਮੈਂ ਤਾਂ ਰੱਬ ਦਾ ਭੇਜਿਆ ਹੋਇਆ ਇੱਕ ਮੁਨਸ਼ੀ ਬਣ ਕੇ ਤੁਹਾਡੀ ਸੇਵਾ ਵਿੱਚ ਹਾਜ਼ਿਰ ਹੋਇਆ ਹਾਂ।' ਸਮਾਗਮ ਦੌਰਾਨ ਔਰਤ ਇਕੱਠ ਦੇ ਮੰਨੋਰੰਜ਼ਨ ਲਈ ਸੱਭਿਆਚਾਰਕ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ।
ਇਸ ਮੌਕੇ ਪੇਡਾ ਦੇ ਸੂਬਾਈ ਵਾਈਸ ਚੇਅਰਮੈਨ ਕੁਲਵੰਤ ਸਿੰਘ ਕੰਤਾ, ਟਰਾਈਡੈਂਟ ਸੀਨੀਅਰ ਪ੍ਰਬੰਧਕ ਰੁਪਿੰਦਰ ਗੁਪਤਾ, ਸ਼੍ਰੋਅਦ ਜ਼ਿਲਾ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਬਣਾਂਵਾਲੀ, ਜ਼ਿਲਾ ਪ੍ਰਧਾਨ ਦਿਹਾਤੀ ਪਰਮਜੀਤ ਸਿੰਘ ਖਾਲਸਾ, ਨਗਰ ਕੌਂਸਲ ਬਰਨਾਲਾ ਪ੍ਰਧਾਨ ਸੰਜੀਵ ਸ਼ੋਰੀ, ਜ਼ਿਲਾ ਯੋਜਨਾ ਬੋਰਡ ਚੇਅਰਮੈਨ ਰੁਪਿੰਦਰ ਸੰਧੂ, ਸਾਬਕਾ ਏਡੀਸੀ ਜ਼ੋਰਾ ਸਿੰਘ ਥਿੰਦ, ਇਸਤਰੀ ਅਕਾਲੀ ਦਲ ਵੱਲੋਂ ਜਿਲਾ ਦਿਹਾਤੀ ਪ੍ਰਧਾਨ ਬੀਬੀ ਜਸਵਿੰਦਰ ਠੁੱਲੇਵਾਲ ਤੇ ਸ਼ਹਿਰੀ ਪ੍ਰਧਾਨ ਪਰਮਿੰਦਰ ਕੌਰ ਰੰਧਾਵਾ ਆਦਿ ਤੋਂ ਇਲਾਵਾ ਸਥਾਨਕ ਆਗੂ ਹਾਜ਼ਰ ਸਨ।
ਸਮਾਗਮ 'ਚ ਔਰਤਾਂ ਦਾ ਭਰਵਾਂ ਇਕੱਠ ਯਕੀਨੀ ਬਣਾਉਣ ਹਿੱਤ ਬੱਸਾਂ ਦੇ ਮੁਕੰਮਲ ਪ੍ਰਬੰਧਾਂ ਤੋਂ ਇਲਾਵਾ ਪਿੰਡਾਂ 'ਚ ਦਿੱਤੇ ਗਏ ਸੱਦਿਆਂ ਮੌਕੇ ਔਰਤਾਂ ਨੂੰ ਚੰਗੇ ਖਾਣ-ਪੀਣ ਦੇ ਨਾਲ-ਨਾਲ ਬਹੁਮੁੱਲੇ ਗਿਫ਼ਟ ਵੀ ਦਿੱਤੇ ਜਾਣ ਦੇ ਸਥਾਨਕ ਆਗੂਆਂ ਵੱਲੋਂ ਭਰੋਸੇ ਦਿੱਤੇ ਗਏ ਸਨ। ਸਿੱਟੇ ਵਜੋਂ ਇਕੱਠ ਤਾਂ ਭਰਵਾਂ ਹੋ ਗਿਆ ਪ੍ਰੰਤੂ ਔਰਤਾਂ ਲਈ ਉਚੇਚਾ ਖਾਣ-ਪੀਣ ਦਾ ਪ੍ਰਬੰਧ ਬੁਰੀ ਤਰਾਂ ਲੜਖੜਾ ਗਿਆ। ਜਿਸ ਦੇ ਲਈ ਸਟੇਜ ਤੋਂ ਜ਼ਿਲਾ ਯੋਜਨਾਂ ਬੋਰਡ ਚੇਅਰਮੈਨ ਰੁਪਿੰਦਰ ਸਿੰਘ ਸੰਧੂ ਵੱਲੋਂ ਵਾਰ-ਵਾਰ ਮੁਆਫੀ ਵੀ ਮੰਗੀ ਗਈ। ਸਭਨਾਂ ਨੂੰ ਗਿਫ਼ਟ ਮੁਹੱਈਆ ਨਾ ਕਰਵਾਏ ਜਾਣ 'ਤੇ ਸਟੇਜ਼ ਤੋਂ ਬੋਲਦਿਆਂ ਖੁਦ ਰਜਿੰਦਰ ਗੁਪਤਾ ਨੇ ਕਿਹਾ ਕਿ ਵਾਂਝੇ ਰਹਿਆਂ ਨੂੰ ਕੱਲ ਤੱਕ ਤੋਹਫੇ ਘਰੀਂ ਪੁੱਜ ਜਾਣਗੇ।
ਬਰਨਾਲਾ ਵਿਖੇ ਟ੍ਰਾਈਡੈਂਟ ਅਰੁਣ ਮੈਮੋਰੀਅਲ ਕਲਚਰਲ ਸੈਂਟਰ ਵਿਖੇ 'ਸਾਂਝ ਮਿਲਣੀ' ਦੌਰਾਨ ਹਲਕੇ ਦੀਆਂ ਔਰਤਾਂ ਦਾ ਭਰਵਾਂ ਇਕੱਠ।