ਚੰਡੀਗੜ੍ਹ, 14 ਦਸੰਬਰ, 2016 : ਮਿਆਰੀ ਸਿੱਖਿਆ ਦੇ ਟੀਚਿਆਂ ਨੂੰ ਪੂਰਾ ਕਰਨ ਅਤੇ ਅਧਿਆਪਕਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਅਧਿਆਪਕਾਂ ਦੀ ਸਿਖਲਾਈ ਸਭ ਤੋਂ ਅਹਿਮ ਹੈ ਜਿਸ ਉਪਰ ਸਿੱਖਿਆ ਵਿਭਾਗ ਨੇ ਵਿਸ਼ੇਸ਼ ਧਿਆਨ ਕੇਂਦਰਿਕ ਕੀਤਾ ਹੈ। ਇਨ੍ਹਾਂ ਵਿਚਾਰਾਂ ਦਾ ਖੁਲਾਸਾ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਚੰਡੀਗੜ੍ਹ ਦੇ ਸੈਕਟਰ-32 ਸਥਿਤ ਰਿਜ਼ਨਲ ਇੰਸਟੀਚਿਊਟ ਆਫ ਕੋਆਪਰੇਟਿਵ ਮੈਨੇਜਮੈਂਟ (ਆਰ.ਆਈ.ਸੀ.ਐਮ.) ਵਿਖੇ ਵਿਭਾਗ ਦੇ ਸਮੂਹ ਮੰਡਲ ਸਿੱਖਿਆ ਅਧਿਕਾਰੀਆਂ, ਜ਼ਿਲਾ ਸਿੱਖਿਆ ਅਧਿਕਾਰੀਆਂ ਅਤੇ ਡਾਇਟ ਤੇ ਸਰਕਾਰੀ ਇਨ ਸਰਵਿਸ ਸਿਖਲਾਈ ਕੇਂਦਰਾਂ ਦੇ ਪ੍ਰਿੰਸੀਪਲਾਂ ਦੀ ਲਗਾਈ ਇਕ ਰੋਜ਼ਾ ਵਰਕਸ਼ਾਪ ਦੌਰਾਨ ਸੰਬੋਧਨ ਕਰਦਿਆਂ ਕੀਤਾ। ਐਸ.ਸੀ.ਈ.ਆਰ.ਟੀ. ਵੱਲੋਂ ਲਗਾਈ ਇਸ ਵਰਕਸ਼ਾਪ ਦਾ ਮੰਤਵ ਸਮੂਹ ਸਿੱਖਿਆ ਅਧਿਕਾਰੀਆਂ ਅਤੇ ਪ੍ਰਿੰਸੀਪਲਾਂ ਨੂੰ ਵਿੱਤੀ ਪ੍ਰਬੰਧਨ ਅਤੇ ਅਧਿਆਪਕਾਂ ਦੀ ਸਿਖਲਾਈ ਬਾਰੇ ਜਾਣਕਾਰੀ ਦੇਣਾ ਸੀ।
ਡਾ.ਚੀਮਾ ਨੇ ਕਿਹਾ ਕਿ ਸਾਲਾਨਾ ਪ੍ਰੀਖਿਆਵਾਂ ਵਿੱਚ ਮਾੜੇ ਨਤੀਜਿਆਂ ਵਾਲੇ ਅਧਿਆਪਕਾਂ ਦੇ ਮੁਲਾਂਕਣ ਉਪਰੰਤ ਅਧਿਆਪਕਾਂ ਦੀ ਸਿਖਲਾਈ ਨੂੰ ਨਵੇਂ ਸਿਰਿਓ ਉਲੀਕਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਦੀ ਸਿਖਲਾਈ ਨਵੀਂ ਭਰਤੀ ਤੋਂ ਲੈ ਕੇ ਸੇਵਾ ਮੁਕਤੀ ਤੱਕ ਹਰ ਪੱਧਰ 'ਤੇ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿਖਲਾਈ ਉਪਰੰਤ ਅਧਿਆਪਕਾਂ ਦਾ ਮੁਲਾਂਕਣ ਵੀ ਕੀਤਾ ਜਾਵੇ ਅਤੇ ਫੀਡਬੈਕ ਲੈ ਕੇ ਮੁੱਖ ਦਫਤਰ ਭੇਜੀ ਜਾਵੇ। ਉਨ੍ਹਾਂ ਕਿਹਾ ਕਿ ਸਿਖਲਾਈ ਪ੍ਰੋਗਰਾਮ ਮਹਿਜ਼ ਖਾਨਾਪੂਰਤੀ ਹੀ ਨਾ ਹੋਵੇ ਸਗੋਂ ਇਸ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕੀਤਾ ਜਾਵੇ।
ਸਿੱਖਿਆ ਮੰਤਰੀ ਨੇ ਸਮੂਹ ਸਿੱਖਿਆ ਅਧਿਕਾਰੀਆਂ ਨੂੰ ਵਿੱਤੀ ਪ੍ਰਬੰਧਨ ਦੇ ਕੰਮਾਂ ਨੂੰ ਸੁਚਾਰੂ ਤਰੀਕੇ ਨਾਲ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਈ ਵਾਰ ਜ਼ਿਲਾ ਪੱਧਰ 'ਤੇ ਰਹਿੰਦੀਆਂ ਕਮੀਆਂ ਦਾ ਖਮਿਆਜ਼ਾ ਵਿਭਾਗ ਦੇ ਕੰਮਕਾਰ ਅਤੇ ਮੁਲਾਜ਼ਮਾਂ ਦੀ ਖੱਜਲ-ਖੁਆਰੀ ਦੇ ਰੂਪ ਵਿੱਚ ਭੁਗਤਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕੋਰਟ ਕੇਸਾਂ ਤੋਂ ਵੀ ਛੁਟਕਾਰਾ ਮਿਲੇਗਾ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਆਉਂਦੇ ਇਮਤਿਹਾਨਾਂ ਦੌਰਾਨ ਨਕਲ ਉਪਰ ਸਖਤੀ ਨਾਲ ਕਾਬੂ ਕੀਤਾ ਜਾਵੇ। ਫਾਜ਼ਿਲਕਾ ਵਿਖੇ ਅਧਿਆਪਕਾਂ ਦੇ ਦਰਦਨਾਕ ਸੜਕ ਹਾਦਸੇ ਵੇਲੇ ਕੁਝ ਕੁ ਅਧਿਆਪਕਾਂ ਵੱਲੋਂ ਬਦਲੀ ਲਈ ਦਿਖਾਈ ਅਨੁਸ਼ਾਸਨਹੀਣਤਾ ਅਤੇ ਸੰਵੇਦਨਹੀਣਤਾ ਦੀ ਉਦਹਾਰਨ ਦਿੰਦਿਆਂ ਡਾ.ਚੀਮਾ ਨੇ ਕਿਹਾ ਕਿ ਅਜਿਹੇ ਮਾਮਲਿਆਂ ਨੂੰ ਸਖਤੀ ਨਾਲ ਹੇਠਲੇ ਪੱਧਰ 'ਤੇ ਹੀ ਨਿਪਟਿਆ ਜਾਵੇ ਅਤੇ ਅਜਿਹੀ ਕੋਈ ਵੀ ਘਟਨਾ ਭਵਿੱਖ ਵਿੱਚ ਬਰਦਾਸ਼ਤ ਨਾ ਕੀਤੀ ਜਾਵੇ।
ਇਸ ਮੌਕੇ ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਬਲਬੀਰ ਸਿੰਘ ਢੋਲ, ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਸ. ਸੁਖਦੇਵ ਸਿੰਘ ਕਾਹਲੋਂ ਤੇ ਡਿਪਟੀ ਡਾਇਰੈਕਟਰ ਡਾ.ਗਿੰਨੀ ਦੁੱਗਲ ਨੇ ਵੀ ਸੰਬੋਧਨ ਕੀਤਾ। ਇਕ ਰੋਜ਼ਾ ਵਰਕਸ਼ਾਪ ਦੌਰਾਨ ਵਿਸ਼ਾ ਮਾਹਿਰਾਂ ਨੇ ਜਿੱਥੇ ਅਧਿਆਪਕਾਂ ਦੀ ਸਿਖਲਾਈ ਸਬੰਧੀ ਨੁਕਤੇ ਦੱਸੇ ਉਥੇ ਵਿੱਤ ਅਫਸਰਾਂ ਨੇ ਵਿੱਤੀ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ।