ਨਵੀਂ ਦਿੱਲੀ, 29 ਦਸੰਬਰ, 2016 : ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜ਼ਲਦੀ ਹੀ ਸੂਬਾ ਵਿਧਾਨ ਸਭਾ ਚੋਣਾਂ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਨਿਫੈਸਟੋ ਨੂੰ ਰਿਲੀਜ਼ ਕਰਨਗੇ।
ਇਸ ਲੜੀ ਹੇਠ ਪੰਜਾਬ 'ਚ ਸ਼ਾਸਨ ਨੂੰ ਲੈ ਕੇ ਪਾਰਟੀ ਦੀ ਯੋਜਨਾ ਦੀ ਵਿਆਖਿਆ ਕਰਨ ਵਾਲੇ ਮੈਨਿਫੈਸਟੋ ਦੇ ਰਿਲੀਜ਼ ਦੀ ਤਰੀਖ ਹਾਲੇ ਤੈਅ ਨਹੀਂ ਹੋਈ ਹੈ, ਲੇਕਿਨ ਏ.ਆਈ.ਸੀ.ਸੀ ਪੰਜਾਬ ਮਾਮਲਿਆਂ ਦੀ ਇੰਚਾਰਜ਼ ਆਸ਼ਾ ਕੁਮਾਰੀ ਤੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਾਲ ਵੀਰਵਾਰ ਨੂੰ ਮੀਟਿੰਗ 'ਚ ਡਾ. ਮਨਮੋਹਨ ਸਿੰਘ ਨੇ ਉਕਤ ਦਸਤਾਵੇਜ ਨੂੰ ਰਿਲੀਜ਼ ਕਰਨ ਲਈ ਆਪਣੀ ਰਜਾਮੰਦੀ ਦੇ ਦਿੱਤੀ।
ਇਸ ਦੌਰਾਨ ਆਸ਼ਾ ਕੁਮਾਰੀ ਤੇ ਕੈਪਟਨ ਅਮਰਿੰਦਰ ਨੇ ਮੈਨਿਫੈਸਟੋ ਦੇ ਮੁੱਖ ਪੁਆਇੰਟਾਂ 'ਤੇ ਡਾ. ਸਿੰਘ ਨਾਲ ਚਰਚਾ ਕੀਤੀ, ਜਿਸਨੂੰ ਹੁਣ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਅਗਵਾਈ ਵਾਲੀ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੈਨਿਫੈਸਟੋ ਕਮੇਟੀ ਵੱਲੋਂ ਅੰਤਿਮ ਰੂਪ ਦਿੱਤਾ ਜਾਵੇਗਾ।
ਬਾਅਦ 'ਚ ਪੱਤਰਕਾਰਾਂ ਨਾਲ ਗੱਲਬਾਤ 'ਚ, ਆਸ਼ਾ ਕੁਮਾਰੀ ਨੇ ਕਿਹਾ ਕਿ ਪਾਰਟੀ ਨੇ ਮੈਨਿਫੈਸਟੋ ਜ਼ਾਰੀ ਕਰਨ ਤੋਂ ਪਹਿਲਾਂ ਆਰਥਿਕ ਵਿਸ਼ਿਆਂ 'ਤੇ ਡਾ. ਸਿੰਘ ਦੀ ਮਾਹਿਰਤਾ ਦੇ ਮੱਦੇਨਜ਼ਰ ਉਸਦੇ ਡਰਾਫਟ ਉਪਰ ਉਨ੍ਹਾਂ ਦੇ ਵਿਚਾਰ ਜਾਣਨ ਦਾ ਫੈਸਲਾ ਕੀਤਾ ਹੈ।
ਆਸ਼ਾ ਕੁਮਾਰੀ ਨੇ ਕਿਹਾ ਕਿ ਕਾਂਗਰਸ ਵਿਸ਼ੇ ਦੀ ਬਾਰੀਕੀਆਂ ਨੂੰ ਸਮਝੇ ਬਗੈਰ ਹੜਬੜੀ 'ਚ ਫੈਸਲੇ ਲੈਣ 'ਚ ਵਿਸ਼ਵਾਸ ਨਹੀਂ ਰੱਖਦੀ ਅਤੇ ਮੈਨਿਫੈਸਟੋ ਦੇ ਪੰਜਾਬ ਦੇ ਲੋਕਾਂ 'ਤੇ ਪ੍ਰਭਾਵ ਦੇ ਮੱਦੇਨਜ਼ਰ, ਉਸਨੂੰ ਫਾਈਨਲ ਕਰਨ ਦੀ ਪ੍ਰੀਕ੍ਰਿਆ 'ਚ ਡਾ. ਸਿੰਘ ਦੀ ਸ਼ਮੂਲੀਅਤ ਦਾ ਮਹੱਤਵ ਸਮਝਦੀ ਹੈ।
ਇਸ ਦੌਰਾਨ, ਉਨ੍ਹਾਂ ਨੇ ਕਾਂਗਰਸ ਦੀ ਕਾਰਜਪ੍ਰਣਾਲੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਾਨਾਸ਼ਾਹੀ ਤਰੀਕੇ ਨਾਲ ਤੁਲਨਾ ਕੀਤੀ, ਜਿਨ੍ਹਾਂ ਨੇ ਏ.ਆਈ.ਸੀ.ਸੀ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਵਾਰ ਵਾਰ ਪੁੱਛੇ ਜਾਣ ਦੇ ਬਾਵਜੂਦ ਹਾਲੇ ਤੱਕ ਖੁਲਾਸਾ ਨਹੀਂ ਕੀਤਾ ਹੈ ਕਿ ਉਨ੍ਹਾਂ ਨੇ ਨੋਟਬੰਦੀ 'ਤੇ ਕਿਨ੍ਹਾਂ ਨਾਲ ਚਰਚਾ ਕੀਤੀ ਸੀ।
ਕੈਪਟਨ ਅਮਰਿੰਦਰ ਨੇ ਖੁਲਾਸ ਕੀਤਾ ਕਿ ਪੰਜਾਬ ਦੇ ਵੱਖ ਵੱਖ ਵਰਗਾਂ ਨਾਲ ਜੁੜੇ ਮੁੱਦਿਆਂ ਦਾ ਹੱਲ ਕਰਦਿਆਂ ਵਿਆਪਕ ਦਸਤਾਵੇਜ- ਮੈਨਿਫੈਸਟੋ 'ਤੇ ਡਾ. ਸਿੰਘ ਨੇ ਆਪਣੇ ਬਹੁਮੁੱਲੇ ਵਿਚਾਰ ਰੱਖੇ। ਉਨ੍ਹਾਂ ਨੇ ਕਿਹਾ ਕਿ ਬਾਦਲ ਸਰਕਾਰ ਨੇ ਆਪਣੀਆਂ ਗੈਰ ਸੰਗਠਿਤ ਤੇ ਲੋਕ ਵਿਰੋਧੀ ਨੀਤੀਆਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਬਰਬਾਦੀ 'ਚ ਧਕੇਲ ਦਿੱਤਾ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਕਾਂਗਰਸ ਮੈਨਿਫੈਸਟੋ ਨੂੰ ਸੂਬੇ ਨੂੰ ਵਿਕਾਸ ਤੇ ਤਰੱਕੀ ਦੀ ਪੱਟੜੀ 'ਤੇ ਮੁੜ ਲਿਆਉਣ ਦੇ ਟੀਚੇ ਹੇਠ ਤਿਆਰ ਕੀਤਾ ਗਿਆ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਮੈਨਿਫੈਸਟੋ ਉਨ੍ਹਾਂ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਮਜ਼ਬੂਤ ਆਕਾਰ ਦੇਣ 'ਤੇ ਅਧਾਰਿਤ ਹੈ, ਜਿਨ੍ਹਾਂ ਨੂੰ ਅਸਲਿਅਤ ਦਾ ਰੂਪ ਦੇਣ ਲਈ ਉਹ ਪੂਰੀ ਤਰ੍ਹਾਂ ਤੱਤਪਰ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਖੁਲਾਸਾ ਕੀਤਾ ਕਿ ਮੈਨਿਫੈਸਟੋ ਨੂੰ ਨਵੀਂ ਦਿੱਲੀ 'ਚ ਡਾ. ਸਿੰਘ ਵੱਲੋਂ ਰਿਲੀਜ਼ ਕੀਤੇ ਜਾਣ ਦੇ ਨਾਲ ਨਾਲ ਪੰਜਾਬ ਦੇ ਮੁੱਖ ਸ਼ਹਿਰਾਂ 'ਚ ਵੀ ਜ਼ਾਰੀ ਕੀਤਾ ਜਾਵੇਗਾ, ਤਾਂ ਜੋ ਪੁਖਤਾ ਕੀਤਾ ਜਾ ਸਕੇ ਕਿ ਇਹ ਸੂਬੇ ਭਰ 'ਚ ਫੈਲ੍ਹ ਕੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ।
--